ਇੱਕ ਦੋਸਤ ਨੇ ਗੱਲ ਸੁਣਾਈ। ਕਹਿੰਦਾ ਦੁਬਈ ਦੇ ਹਵਾਈ ਅੱਡੇ ‘ਤੇ ਇੱਧਰ ਨੂੰ ਵਾਪਸ ਆਉਣ ਲਈ ਬੈਠਾ ਸੀ ਤਾਂ ਕਾਫ਼ੀ ਸ਼ਾਪ ‘ਤੇ ਇੱਕ ਗੋਰੇ ਨਾਲ ਟੇਬਲ ਸਾਂਝਾ ਕਰਨਾ ਪਿਆ।
ਹਾਲ-ਚਾਲ ਪੁੱਛਣ ਤੋਂ ਬਾਅਦ ਗੱਲਾਂ ਛਿੜ ਪਈਆਂ। ਕਹਿੰਦਾ ਮੈਂ ਦੋ ਕੁ ਮਿੰਟ ‘ਚ ਓਹਨੂੰ ਬਿਨਾ ਪੁੱਛੇ ਆਪਣਾ ਨਾਮ, ਫਿਰ ਕੈਨੇਡਾ ‘ਚ ਕੰਮ-ਕਾਰ ਬਾਰੇ ਤੇ ਆਪਣੇ ਬਾਰੇ ਕਈ ਕੁਝ ਹੋਰ ਦੱਸ ਦਿੱਤਾ।
ਫਿਰ ਉਸਨੇ ਵੀ ਆਪਣਾ ਨਾਮ ਦੱਸ ਦਿੱਤਾ। ਪਰ ਜਦ ਮੈਂ ਉਸਨੂੰ ਉਸਦੇ ਕਿੱਤੇ ਅਤੇ ਕੰਮ-ਕਾਰ ਬਾਰੇ ਪੁੱਛਿਆ ਤਾਂ ਓਹਨੇ ਦੱਸਣੋਂ ਮਨਾ ਕਰ ਦਿੱਤਾ ਤੇ ਕਿਹਾ;
ਦੇਖ ਮਿਸਟਰ ਸਿੰਘ, ਆਪਾਂ ਇੱਕ ਦੂਜੇ ਨਾਲ ਕਿੱਦਾਂ ਇਨਸਾਨੀ ਤੌਰ ‘ਤੇ ਵਧੀਆ ਗੱਲ ਕਰ ਰਹੇ ਹਾਂ। ਮੈਂ ਨੀ ਚਾਹੁੰਦਾ ਕਿ ‘ਮੈਂ ਕੀ ਹਾਂ ਤੇ ਕੀ ਕਰਦਾ ਹਾਂ’, ਦੱਸ ਕੇ ਆਪਣੇ ਇਸ ਅਨਜਾਣ ਰਿਸ਼ਤੇ ‘ਚ ਫਰਕ ਪਾਵਾਂ। ਮੈਂ ਨੀ ਚਾਹੁੰਦਾ ਕਿ ਮੇਰੇ ਕੰਮ-ਕਾਰ ਦਾ ਆਪਣੀ ਗੱਲਬਾਤ ‘ਤੇ ਕੋਈ ਪ੍ਰਭਾਵ ਪਵੇ।
ਕਹਿੰਦਾ; ਜੇ ਮੈਂ ਪ੍ਰੋਫੈਸਰ ਹੋਇਆ ਤਾਂ ਤੂੰ ਹੋਰ ਤਰਾਂ ਵਿਹਾਰ ਕਰਨਾ ਤੇ ਜੇ ਪੁਲਿਸ ਵਾਲਾ ਹੋਇਆ ਤਾਂ ਹੋਰ ਤਰਾਂ। ਜੇ ਸਿਆਸਤਦਾਨ ਹੋਇਆ ਤਾਂ ਹੋਰ ਤਰਾਂ ਤੇ ਜੇ ਅਮੀਰ ਹੋਇਆ ਤਾਂ ਹੋਰ ਤਰਾਂ। ਤੇਰੇ ਤੋਂ ਗਰੀਬ ਹੋਇਆ ਫਿਰ ਗੱਲਬਾਤ ਹੋਰ ਤਰਾਂ ਹੋਣੀ। ………ਦਫ਼ਾ ਕਰ, ਆਪਾਂ ਇੱਦਾਂ ਹੀ ਗੱਲਾਂ ਕਰਦੇ ਆਂ, ਕਿੰਨਾ ਨਜ਼ਾਰਾ ਆ ਰਿਹਾ।
ਮੇਰਾ ਦੋਸਤ ਕਹਿੰਦਾ ਮੈਂ ਹੈਰਾਨ ਹੋ ਗਿਆ ਕਿ ਉਹ ਕਿੱਡੀ ਵੱਡੀ ਗੱਲ ਮੈਨੂੰ ਸਰਲ ਤਰੀਕੇ ਨਾਲ ਸਮਝਾ ਗਿਆ, ਜਿਸ ਨੇ ਮੇਰਾ ਹੋਰ ਲੋਕਾਂ ਪ੍ਰਤੀ ਨਜ਼ਰੀਆ ਹੀ ਬਦਲ ਦਿੱਤਾ। ਅਸੀਂ ਅਕਸਰ ਬੰਦੇ ਦੇ ਅਹੁਦੇ ਤੇ ਰੁਤਬੇ ਮੁਤਾਬਿਕ ਗੱਲ ਕਰਦੇ ਹਾਂ ਜਦਕਿ ਇਹ ਗਲਤ ਪਿਰਤ ਹੈ। ਗੱਲ ਬਣਾ ਕੇ ਕਰਨੀ ਪੈਂਦੀ ਫਿਰ।
ਹਰਜੋਤ ਸਿੰਘ