ਵੱਡੇ ਸਾਬ ਰਿਟਾਇਰ ਹੋ ਰਹੇ ਸਨ..ਵਿਦਾਈ ਸਮਾਰੋਹ..ਕਿੰਨੇ ਸਾਰੇ ਕਰਮਚਾਰੀ ਗਮਗੀਨ ਅਵਸਥਾ ਵਿਚ ਬੈਠੇ ਹੋਏ ਸਨ..ਹਰੇਕ ਨੇ ਇੱਕੋ ਸਵਾਲ ਨਾਲ ਭਾਸ਼ਣ ਖਤਮ ਕੀਤਾ ਕੇ ਤੁਸੀਂ ਏਨੇ ਲੰਮੇ ਅਰਸੇ ਦੀ ਨੌਕਰੀ ਦੇ ਦੌਰਾਨ ਹਰੇਕ ਨਾਲ ਏਨੀ ਨਿਮਰਤਾ ਅਤੇ ਪਿਆਰ ਮੁਹੱਬਤ ਕਾਇਮ ਕਿੱਦਾਂ ਰਖਿਆ..ਤੀਹਾਂ ਸਾਲਾਂ ਦੇ ਨੌਕਰੀ ਵਿਚ ਨਾ ਕਿਸੇ ਮਤਾਹਿਤ ਨੂੰ ਕੋਈ ਗਾਹਲ,ਨਾ ਝਿੜਕ ਤੇ ਨਾ ਹੀ ਕਿਸੇ ਦਾ ਦਿਲ ਹੀ ਦੁਖਾਇਆ..ਇਹ ਸਭ ਕੁਝ ਕਿੱਦਾਂ ਕਰ ਲਿਆ ਤੁਸੀਂ?
ਅਖੀਰ ਵਿਚ ਬੌਸ ਦੀ ਵਾਰੀ ਆਈ..ਆਖਣ ਲੱਗੇ ਕੇ ਹੱਡ-ਬੀਤੀ ਸਾਂਝੀ ਕਰਦਾ..ਅਜੇ ਤੀਜੀ ਚੋਥੀ ਵਿਚ ਹੀ ਪੜਦਾ ਹੋਵਾਂਗਾ..ਚਾਰ ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟਾ ਸਾਂ..ਮਾਂ ਅਕਸਰ ਬਿਮਾਰ ਹੀ ਰਿਹਾ ਕਰਦੀ..ਬਾਪ ਸਖਤ ਮੇਹਨਤ ਕਰਦਾ..ਕਈ ਵਾਰ ਕੰਮ ਤੋਂ ਥੱਕਿਆ ਆਇਆ ਰੋਟੀ ਵੀ ਓਹੀ ਪਕਾਉਂਦਾ..ਫੇਰ ਵੀ ਹੱਸਦਾ ਰਹਿੰਦਾ..ਮੈਂ ਕਦੀ ਉਸਦੀਆਂ ਅੱਖਾਂ ਵਿਚ ਅੱਥਰੂ ਨਹੀਂ ਸਨ ਦੇਖੇ..!
ਫੇਰ ਇਕ ਦਿਨ ਮਾਂ ਚਲੀ ਗਈ..ਉਹ ਤਾਂ ਵੀ ਨਹੀਂ ਰੋਇਆ..ਲੁੱਕ-ਛਿਪ ਕੇ ਓਹਲੇ ਜਿਹੇ ਨਾਲ ਅੱਥਰੂ ਜਰੂਰ ਵਗਾ ਲਿਆ ਕਰਦਾ..ਕਦੀ ਕਦੀ ਮੈਨੂੰ ਉਸ ਵਿਚੋਂ ਆਪਣੀ ਮਾਂ ਦਿਸਦੀ..ਲੋਕ ਆਖਦੇ ਇਸਨੇ ਹੁਣ ਨਵੀਂ ਮਾਂ ਲੈ ਆਉਣੀ ਪਰ ਉਸ ਨੇ ਦੂਜਾ ਵਿਆਹ ਨਹੀਂ ਕਰਵਾਇਆ.!
ਮਾਂ ਮਰੀ ਨੂੰ ਮਸਾਂ ਛੇ ਮਹੀਨੇ ਵੀ ਨਹੀਂ ਸਨ ਹੋਏ ਕੇ ਮੈਨੂੰ ਰੋਟੀ ਦੇਣ ਦਫਤਰ ਜਾਣਾ ਪੈ ਗਿਆ..ਦੇਖਿਆ ਆਪਣੀ ਕੁਰਸੀ ਤੇ ਨਹੀਂ ਸੀ..ਕਿਸੇ ਦਸਿਆ ਕੇ ਵੱਡੇ ਸਾਬ ਨੇ ਕੋਲ ਬੁਲਾਇਆ..ਮੈਂ ਬੌਸ ਕਮਰੇ ਦੇ ਬਾਹਰ ਲੱਗੇ ਸ਼ੀਸ਼ੇ ਤੋਂ ਅੰਦਰ ਦੇਖਿਆ..ਬੌਸ ਉਚੀ-ਉਚੀ ਬੋਲ ਰਿਹਾ ਸੀ..ਉਹ ਚੁੱਪ ਚਾਪ ਖੜਾ ਸੁਣ ਰਿਹਾ ਸੀ..ਥੋੜੀ ਦੇਰ ਮਗਰੋਂ ਮੈਂ ਉਸਨੂੰ ਅੱਥਰੂ ਪੂੰਝਦਿਆਂ ਦੇਖਿਆ..ਮੇਰੇ ਬਾਲ ਮਨ ਵਿਚ ਵਲਵਲੇ ਉੱਠਣੇ ਸ਼ੁਰੂ ਹੋ ਗਏ..ਅਖੀਰ ਮੈਥੋਂ ਰਿਹਾ ਨਾ ਗਿਆ ਤੇ ਮੈਂ ਬਿਨਾ ਪੁੱਛਿਆਂ ਹੀ ਅੰਦਰ ਚਲਾ ਗਿਆ..ਬਾਪ ਦੀ ਮੇਰੇ ਵੱਲ ਪਿੱਠ ਸੀ..ਪਰ ਬੌਸ ਮੈਨੂੰ ਦੇਖ ਸਕਦਾ ਸੀ..ਮੈਨੂੰ ਦੇਖ ਚਪੜਾਸੀ ਨੂੰ ਅੰਦਰ ਬੁਲਾਇਆ ਤੇ ਚੀਖਦਾ ਹੋਇਆ ਪੁੱਛਣ ਲੱਗਾ “ਇਹ ਬੱਚਾ ਕੌਣ ਏ ਤੇ ਬਿਨਾ ਇਜਾਜਤ ਅੰਦਰ ਕਿੱਦਾਂ ਆਇਆ”?
ਮੇਰੇ ਬਾਪ ਨੇ ਮੁੜ ਕੇ ਦੇਖਿਆ ਤੇ ਕਾਹਲੀ ਨਾਲ ਆਪਣੀਆਂ ਅੱਖਾਂ ਪੂੰਝਣ ਦੀ ਅਸਫਲ ਜਿਹੀ ਕੋਸ਼ਿਸ਼ ਕੀਤੀ..ਪਰ ਮੈਂ ਆਪੇ ਤੋਂ ਬਾਹਰ ਹੋ ਗਿਆ ਤੇ ਬੌਸ ਨੂੰ ਆਖਣ ਲੱਗਾ ਕੇ ਤੁਸਾਂ ਮੇਰੇ ਬਾਪ ਦਾ ਦਿਲ ਕਿਓਂ ਦੁਖਾਇa..ਤੁਹਾਨੂੰ ਪਤਾ ਨਹੀਂ ਉਸਨੂੰ ਘਰ ਵਿਚ ਬਿਨ ਮਾਂ ਦੇ ਚਾਰ ਬੱਚਿਆਂ ਦੀ ਪਰਵਰਿਸ਼ ਵੀ ਕਰਨੀ ਪੈਂਦੀ ਏ..
ਮੇਰੇ ਬਾਪ ਨੇ ਮੇਰੇ ਮੂੰਹ ਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਪਰ ਮੈਂ ਓਦੋਂ ਤੱਕ ਬੋਲਦਾ ਗਿਆ ਜਦੋਂ ਤੱਕ ਸਾਨੂੰ ਦੋਹਾਂ ਨੂੰ ਦਫਤਰ ਤੋਂ ਬਾਹਰ ਨਹੀਂ ਕਰ ਦਿੱਤਾ ਗਿਆ..ਬਾਪ ਦੀ ਨੌਕਰੀ ਤੋਂ ਜੁਆਬ ਮਿਲ ਗਿਆ ਪਰ ਤੁਹਾਡੇ ਵਰਗੇ ਸਾਥੀਆਂ ਨੇ ਦਬਾ ਪਾ ਕੇ ਮੁੜ ਬਹਾਲ ਕਰਵਾ ਦਿੱਤਾ..
ਮੈਂ ਉਸ ਦਿਨ ਆਪਣੇ ਬਾਪ ਦੀ ਹੋਈ ਬੇਇੱਜਤੀ ਦਾ ਬਦਲਾ ਲੈਣ ਦੀ ਮਨ ਵਿਚ ਠਾਣ ਲਈ..ਰੱਜ ਕੇ ਮੇਹਨਤ ਕੀਤੀ..ਬਾਪ ਦੇ ਕੰਮਾਂ ਵਿਚ ਹੱਥ ਵੀ ਵਟਾਇਆ..ਤੇ ਫੇਰ ਵਾਹਿਗੁਰੂ ਦੀ ਮੇਹਰ ਨਾਲ ਇੱਕ ਦਿਨ ਬੌਸ ਬਣ ਤੁਹਾਡੇ ਕੋਲ ਆ ਗਿਆ..!
ਨੌਕਰੀ ਦੇ ਪਹਿਲੇ ਦਿਨ ਹੀ ਇੱਕ ਵੱਡਾ ਫੈਸਲਾ ਲਿਆ..ਕੋਈ ਐਸਾ ਕੰਮ ਜਾਂ ਐਸੀ ਭਾਸ਼ਾ ਨਹੀਂ ਵਰਤਾਂਗਾ ਕੇ ਦਫਤਰ ਦੇ ਕਿਸੇ ਕਰਮਚਾਰੀ ਨੂੰ ਮੇਰੇ ਕਰਕੇ ਹੰਝੂ ਵਹਾਉਣੇ ਪੈਣ..ਕਿਓੰਕੇ ਓਹਨਾ ਵਿਚ ਕੁਝ ਓਹਨਾ ਨਿੱਕੇ ਬੱਚਿਆਂ ਦੇ ਬਾਪ ਵੀ ਹੋ ਸਕਦੇ ਨੇ ਜੋ ਆਪਣੇ ਬਾਪ ਨੂੰ ਹੀਰੋ ਸਮਝਦੇ ਹੋਣਗੇ..ਕੁਝ ਓਹਨਾ ਔਰਤਾਂ ਦੇ ਪਤੀ ਵੀ ਹੋਣਗੇ ਜਿਹੜੀਆਂ ਆਪਣੇ ਘਰਵਾਲਿਆਂ ਨੂੰ ਕਿਸੇ ਮਹਾਰਾਜੇ ਤੋਂ ਘੱਟ ਨਹੀਂ ਸਮਝਦੀਆਂ ਹੋਣਗੀਆਂ!
ਮੈਨੂੰ ਅਜੇ ਵੀ ਕਈ ਆਖ ਦਿੰਦੇ ਨੇ ਕੇ ਕਾਮਿਆਂ ਨੂੰ ਜਿਆਦਾ ਸਿਰੇ ਨਹੀਂ ਚੜ੍ਹਾਈਦਾ..ਸਗੋਂ ਕੰਟਰੋਲ ਵਿਚ ਰੱਖਣ ਲਈ ਗਾਹਲਾਂ ਅਤੇ ਦਬਕੇ ਵਾਲੀ ਭਾਸ਼ਾ ਵਰਤ ਲੈਣ ਵਿਚ ਕੋਈ ਹਰਜ ਨਹੀਂ..ਮੇਰਾ ਹਮੇਸ਼ਾਂ ਹੀ ਏਹੀ ਜੁਆਬ ਹੁੰਦਾ ਕੇ ਜੇ ਕਿਸੇ ਨੂੰ ਕੰਟਰੋਲ ਕਰਨ ਲਈ ਬੱਸ ਏਹੀ ਦੋ ਰਾਹ ਬਚੇ ਨੇ ਤਾਂ ਫੇਰ ਸੋਹਣੇ ਰੱਬ ਨੇ ਇਨਸਾਨ ਨੂੰ ਪਿਆਰ ਮੁਹੱਬਤ ਅਤੇ ਮਿੱਠੀ ਜੁਬਾਨ ਵਾਲੇ ਗੁਣਾਂ ਨਾਲ ਕਿਓਂ ਨਵਾਜਿਆ ਏ..?
ਸੋ ਦੋਸਤੋ ਇੱਕ ਵਾਰ ਤਲਵਾਰ,ਚਾਕੂ,ਛੁਰੀ,ਗੰਡਾਸੇ ਵਿਚ ਬਹਿਸ ਹੋ ਰਹੀ ਹੁੰਦੀ ਏ ਕੇ ਸਭ ਤੋਂ ਤਿੱਖਾ ਅਤੇ ਡੂੰਘਾ ਫੱਟ ਕਿਸਦਾ ਹੋ ਸਕਦਾ ਏ..ਪਾਸੇ ਬੈਠੀ “ਜੁਬਾਨ” ਅੰਦਰੋਂ ਅੰਦਰ ਮੁਸਕੁਰਾ ਰਹੀ ਸੀ !
ਹਰਪ੍ਰੀਤ ਸਿੰਘ ਜਵੰਦਾ