“ਬੱਧ ਜਾਂ ਵਧ”..ਪਠਾਣ ਦੇ ਕਰੋੜਾ ਅਰਬਾਂ ਦੇ ਰੌਲੇ ਦੌਰਾਨ ਰਵਾਂ ਰਵੀਂ ਤੁਰੀ ਜਾਂਦੀ ਇੱਕ ਕਹਾਣੀ..ਕਿੰਨਾ ਕੁਝ ਸੋਚਣ ਤੇ ਮਜਬੂਰ ਕਰਦੀ..ਮੱਧਵਰਗੀ ਬਾਪ..ਅਮਰੀਕਾ ਘੱਲਣ ਲਈ ਪੈਰ ਪੈਰ ਤੇ ਸਮਝੌਤੇ ਲਈ ਮਜਬੂਰ ਕਰਦੀ ਆਪਹੁਦਰੀ ਔਲਾਦ..!
ਫੇਰ ਵਿੱਤੋਂ ਬਾਹਰ ਹੋ ਕੇ ਲਿਆ ਪੰਝੀ ਲੱਖ ਦਾ ਕਰਜਾ..ਗਹਿਣੇ ਪੈ ਗਿਆ ਘਰ ਅਤੇ ਖਾਲੀ ਹੋ ਗਿਆ ਫੰਡ ਅਤੇ ਵਿਆਜੀ ਚੁੱਕੇ ਪੈਸੇ..ਅਮਰੀਕਾ ਅੱਪੜ ਗਏ ਨੂੰ ਵੀਡਿਓ ਕਾਲ ਕਰਦੇ ਮਾਪੇ..ਅੱਗਿਉਂ ਹਰ ਵੇਲੇ ਲਾਹ ਪਾਹ ਤੇ ਉਤਾਰੂ ਓਹੀ ਪੁੱਤ..!
ਏਧਰ ਜਿਸ ਰਾਖਸ਼ ਨੇ ਕਰਜਾ ਦਿੱਤਾ ਹੁੰਦਾ ਉਹ ਦਿਨ ਰਾਤ ਸੂਈ ਦੇ ਨੱਕੇ ਵਿਚੋਂ ਲੰਘਾਉਂਦਾ..ਹੱਦ ਦਰਜੇ ਦਾ ਚਰਿੱਤਰ ਹੀਣ..ਨਿੱਕੀਆਂ ਬੱਚੀਆਂ ਦਾ ਸ਼ੋਂਕੀ..!
ਫੇਰ ਇੱਕ ਦਿਨ ਇੱਕ ਐਸੀ ਨੀਚ ਹਰਕਤ ਕੇ ਹਰ ਪਾਸੇ ਤੋਂ ਨਿਰਾਸ਼ ਬਾਪ ਉਸਦਾ ਕਤਲ ਕਰ ਦਿੰਦਾ..ਮਗਰੋਂ ਚੱਲਦਾ ਕੁਝ ਕੁਝ ਦ੍ਰਿਸ਼ਯਮ ਵਰਗਾ ਘਟਨਾ ਕਰਮ..!
ਕਿੰਨੇ ਮਜਬੂਰ ਹੁੰਦੇ ਨੇ ਕਈ ਮਾਪੇ..ਪਿਛਲੀ ਉਮਰ ਵਿਚ ਕੱਲੇ ਕਾਰੇ..ਹਨੇਰੇ ਬੰਦ ਪੂਰਾਣੇ ਘਰਾਂ ਵਿਚ ਰਹਿੰਦੇ..ਨਿੱਕੀਆਂ ਨਿੱਕੀਆਂ ਕੰਜੂਸੀਆਂ ਕਰਦੇ..ਬੇਬਸੀ ਨਿਰਾਸ਼ਾ ਪੈਰ ਪੈਰ ਤੇ ਜਿੱਲਤ ਬੇਇੱਜਤੀ ਅਤੇ ਕਿੰਨੀ ਸਾਰੀ ਟੁੱਟ ਭੱਜ ਸਹਿੰਦੇ..ਕਦੀ ਕਦੀ ਫੁੱਟ ਫੁੱਟ ਕੇ ਰੋ ਪੈਂਦਾ ਮਜਬੂਰ ਬਾਪ..!
ਨਿੱਜੀ ਤਜੁਰਬਾ ਏ ਦੋਸਤੋ ਬਾਪ ਦੇ ਤੁਰ ਜਾਣ ਮਗਰੋਂ ਹੀ ਇਹਸਾਸ ਹੁੰਦਾ ਕੇ ਕਿੱਡਾ ਵੱਡਾ ਮੀਲ ਪੱਥਰ ਹੁੰਦਾ ਏ ਇੱਕ ਬਾਪ..ਇੱਕ ਪੂਰੀ ਦੀ ਪੂਰੀ ਸੰਸਥਾ..ਮੀਂਹ ਕਣੀ ਗੜੇ ਝੱਖੜ ਤੂਫ਼ਾਨ ਗਰਮੀ ਸਰਦੀ ਧੁੱਪਾਂ ਛਾਵਾਂ ਠੰਡ ਕੱਕਰ ਅਤੇ ਹੋਰ ਵੀ ਕਿੰਨਾ ਕੁਝ ਆਪਣੇ ਵਜੂਦ ਤੇ ਸਹਿੰਦੀ ਹੋਈ ਸੰਸਥਾ..ਪੈਰ ਪੈਰ ਤੇ ਸੰਘਰਸ਼ ਤਰਲੇ ਹਾੜੇ ਲਿਲਕੜੀਆਂ ਕੱਢਦਾ ਇੱਕ ਕਲਬੂਤ..!
ਕਾਸ਼ ਇਹ ਪਤਾ ਲੱਗ ਜਾਇਆ ਕਰੇ ਕੇ ਇਹ ਅਵਸਥਾ ਹਰੇਕ ਤੇ ਆਉਣੀ ਹੀ ਆਉਣੀ ਏ..ਬੱਕਰੇ ਦੀ ਮਾਂ ਭਾਵੇਂ ਜਿੰਨੀ ਮਰਜੀ ਖੈਰ ਮਨਾ ਲਵੇ..!
ਧਰਤ ਨਾਲ ਜੁੜੀਆਂ..ਆਸ ਪਾਸ ਕਿੰਨੇ ਘਰਾਂ ਵਿਚ ਵਾਪਰਦੀਆਂ ਐਸੀਆਂ ਕਹਾਣੀਆਂ..ਕੋਈ ਮਰੇ ਤੇ ਭਾਵੇਂ ਜੀਵੇ..ਸੁਥਰਾ ਘੋਲ ਪਤਾਸੇ ਪੀਵੇ..ਬੁੱਢੇ ਮਾਪਿਆਂ ਨੂੰ ਇਮੋਸ਼ਨਲ ਬਲੈਕਮੇਲ ਦੇ ਅਧਾਰ ਤੇ ਕਿੰਨਾ ਕੁਝ ਵਿੱਤੋਂ ਬਾਹਰਾ ਹੋ ਕੇ ਕਰਨ ਲਈ ਮਜਬੂਰ ਕਰਦੀ ਔਲਾਦ..ਲਾਗੀਆਂ ਤੇ ਲਾਗ ਲੈਣਾ ਭਾਵੇਂ ਸਹੁਰੇ ਜਾਂਦੀ ਰੰਡੀ ਹੋ ਜਾਵੇ..ਇੰਝ ਦੀ ਕਲਯੁਗੀ ਸੋਚ..!
ਕਈ ਵੇਰ ਸੋਚਣ ਤੇ ਮਜਬੂਰ ਹੋ ਜਾਈਦਾ ਕੇ ਕਦੀ ਮੋੜਾ ਪਵੇਗਾ ਵੀ ਕੇ ਨਹੀਂ..ਜਿੰਨੇ ਅੱਗੇ ਆ ਚੁਕੇ ਹਾਂ ਸ਼ਾਇਦ ਨਹੀਂ..ਇਹ ਵਰਤਾਰਾ ਸਗੋਂ ਹੋਰ ਵਧੇਗਾ..ਬਾਂਦਰ ਦੀ ਆਂਤ ਵਾਂਗਰ..ਤਾਂ ਵੀ ਅਰਦਾਸ ਏ ਕੇ ਕੋਈ “ਬੱਧ” ਵਿਚਲੇ ਬਾਪ ਵਾਂਙ ਮਜਬੂਰ ਨਾ ਹੋਵੇ..ਇੱਕ ਐਸਾ ਬਾਪ ਜਿਸਨੂੰ ਹਰੇਕ ਧੋਖਾ ਦਿੰਦਾ..ਅੰਦਰਲੇ ਵੀ ਅਤੇ ਬਾਹਰਲੇ ਵੀ!
ਹਰਪ੍ਰੀਤ ਸਿੰਘ ਜਵੰਦਾ