ਖਿਆਲ | khayal

ਪੁੱਤ:-ਮੰਮੀ …ਮੰਮੀ… ਆਪਾਂ ਬਾਪੂ ਜੀ ਦੀ ਬੈਠਕ ਵਿਚ ਪੱਖਾ ਕਿਉਂ ਨੀਂ ਲਗਵਾ ਦਿੰਦੇ, ਵਿਚਾਰੇ ਸਾਰਾ ਦਿਨ ਹੱਥ ਵਾਲਾ ਪੱਖਾ ਝੱਲ-ਝੱਲ ਕੇ ਥੱਕ ਜਾਂਦੇ ਹੋਣਗੇ’, ਮਾਸੂਮ ਜਿਹੇ ਜੋਤ ਨੇ ਆਪਣੀ ਮਾਂ ਦੀ ਬੁੱਕਲ ਵਿਚ ਬੈਠਦਿਆਂ ਕਿਹਾ | ‘
ਮੰਮੀ:-ਪੁੱਤ! ਬੈਠਕ ਵਿਚ ਤਾਂ ਬਿਜਲੀ ਦੀ ਸਪਲਾਈ ਹੈ ਨੀਂ, ਬਹੁਤ ਪੁਰਾਣੀ ਬੈਠਕ ਏ ਨਾ…’, ਮਾਂ ਨੇ ਜੋਤ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ | ‘
ਪੁੱਤ:-ਅੱਛਾ! ਤਾਂ ਮੰਮੀ ਆਪਾਂ ਬਾਪੂ ਜੀ ਨੂੰ ਕੋਠੀ ‘ਚ ਲੈ ਆਈਏ | ਗਰਮੀ ਕਿੰਨੀ ਹੋਈ ਪਈ ਆ, ਕੋਠੀ ‘ਚ ਤਾਂ ਕੂਲਰ, ਏ. ਸੀ. ਸਾਰਾ ਕੁਝ ਹੈਗਾ | ਜੋਤ ਨੇ ਮਾਸੂਮੀਅਤ ਨਾਲ ਫਿਰ ਆਪਣੀ ਮਾਂ ਨੂੰ ਕਿਹਾ | ‘
ਮੰਮੀ:-ਲੈ ਤਾਂ ਆਈਏ ਬਾਪੂ ਨੂੰ … ਪਰ ਉਨ੍ਹਾਂ ਨੂੰ ਖੰਘ ਲੱਗੀ ਹੋਈ ਆ ਨਾ, ਸਾਰਾ ਦਿਨ ਥੁੱਕਦੇ ਰਹਿੰਦੇ ਨੇ ਕੋਠੀ ਦੀ ਸਫਾਈ ਰੱਖਣੀ ਔਖੀ ਹੋ ਜਾਊ… | ‘ਮਾਂ… ਫਿਰ ਤਾਂ…’, ਜੋਤ ਉਦਾਸ ਜਿਹਾ ਹੋ ਕੇ ਬੋਲਦਾ-ਬੋਲਦਾ ਰੁਕ ਗਿਆ | ‘ਫਿਰ ਕੀ ਪੁੱਤ?… ਉਦਾਸ ਕਿਉਂ ਹੋ ਗਿਆ ਤੂੰ?’ ਮਾਂ ਨੇ ਜੋਤ ਦੇ ਮੰੂਹ ‘ਤੇ ਹੱਥ ਫੇਰਦਿਆਂ ਪੁੱਛਿਆ | ‘
ਪੁੱਤ:-ਮੰਮੀ ਸਰਦੀ ‘ਚ ਤਾਂ ਮੈਨੂੰ ਵੀ ਖੰਘ, ਜ਼ੁਕਾਮ ਲੱਗ ਜਾਂਦਾ ਹੁੰਦਾ | ਮੇਰੀ ਵੀ ਤਾਂ ਤੁਸੀਂ ਨੱਕ ਸਾਫ਼ ਕਰਦੇ ਹੁੰਦੇ ਓ, ਤਾਂ ਕੀ ਤੁਸੀਂ ਮੈਨੂੰ ਵੀ ਬਾਪੂ ਜੀ ਦੀ ਬੈਠਕ ‘ਚ ਭੇਜ ਦਿਓਗੇ |’ ਜੋਤ ਦਾ ਮਾਸੂਮ ਜਿਹਾ ਸਵਾਲ ਸੁਣ ਕੇ ਮਾਂ ਨੇ ਉਸ ਨੂੰ ਪਿਆਰ ਨਾਲ ਘੁੱਟਦਿਆਂ ਕਿਹਾ, ‘
ਮੰਮੀ:-ਨਾ… ਨਾ… ਮੈਂ ਤਾਂ ਆਵਦੇ ਲਾਡਲੇ ਨੂੰ ਹਮੇਸ਼ਾ ਆਪਣੇ ਨਾਲ ਰੱਖਾਂਗੀ | ਤੇਰੇ ਬਿਨਾਂ ਸਾਡਾ ਹੈ ਹੀ ਕੌਣ |’ ‘
ਪੁੱਤ:-ਪਰ…ਮੰਮੀ ਬਾਪੂ ਜੀ ਦਾ ਵੀ ਤਾਂ ਆਪਣੇ ਬਿਨਾਂ ਕੋਈ ਹੋਰ ਨਹੀਂ… ਫਿਰ ਉਨ੍ਹਾਂ ਨੂੰ ਤੁਸੀਂ ਆਪਣੇ ਨਾਲੋਂ ਵੱਖ ਕਿਉਂ ਕਰ ਦਿੱਤਾ?’, ਜੋਤ ਨੇ ਇਕ ਹੋਰ ਸਵਾਲ ਮਾਂ ਨੂੰ ਕੀਤਾ | ਮਾਂ ਨੇ ਅੱਗੋਂ ਜਵਾਬ ਦਿੰਦਿਆਂ ਕਿਹਾ, ‘ਮੰਮੀ:-ਪੁੱਤ ਤੂੰ ਤਾਂ ਸਾਡਾ ਪੁੱਤ ਏਾ ਤੇ ਉਹ ਤੇਰੇ ਪਾਪਾ ਦੇ ਪਾਪਾ ਨੇ | ਬਜ਼ੁਰਗ ਏਦਾਂ ਹੀ ਰਹਿੰਦੇ ਹੁੰਦੇ ਨੇ ਅਲੱਗ… ਨਾਲੇ ਬਜ਼ੁਰਗਾਂ ਨੂੰ ਗਰਮੀ-ਗੁਰਮੀ ਨ੍ਹੀਂ ਲਗਦੀ ਹੁੰਦੀ | ਉਹ ਤਾਂ ਅੱਡ ਰਹਿ ਕੇ ਹੀ ਖੁਸ਼ ਰਹਿੰਦੇ ਨੇ |’ ‘
ਪੁੱਤ:-ਤਾਂ ਠੀਕ ਆ, ਮੈਂ ਵੀ ਵੱਡਾ ਹੋ ਕੇ ਤੁਹਾਡੀ ਖੁਸ਼ੀ ਦਾ ਖਿਆਲ ਰੱਖਾਗਾ’, ਇੰਨੀ ਗੱਲ ਕਹਿ ਕੇ ਦਸ ਸਾਲ ਦਾ ਮਾਸੂਮ ਜੋਤ ਮਾਂ ਦੀ ਬੁੱਕਲ ‘ਚੋਂ ਨਿਕਲ ਕੇ ਭੱਜ ਗਿਆ ਪਰ ਉਸ ਦੀ ਗੱਲ ਸੁਣ ਕੇ ਉਸ ਦੀ ਮਾਂ ਨੀਵੀਂ ਪਾਈ ਬੈਠੀ ਸੋਚਾਂ ‘ਚ ਗਵਾਚ ਗਈ ਸੀ |
ਹਰਪ੍ਰੀਤ ਗਰੇਵਾਲ਼

2 comments

Leave a Reply

Your email address will not be published. Required fields are marked *