ਉਹਨਾਂ ਵੇਲਿਆਂ ਵਿੱਚ ਐਟਲਸ ਏਵੰਨ ਹਰਕੁਲੀਸ ਤੇ ਹੀਰੋ ਦੇ ਸਾਈਕਲ ਹੀ ਆਮ ਆਉਂਦੇ ਸਨ। ਇਹ ਸਾਈਕਲ ਵੀਹ ਬਾਈ ਤੇ ਚੌਵੀ ਇੰਚ ਦਾ ਹੀ ਹੁੰਦਾ ਸੀ। ਲ਼ੋਕ ਸਾਈਕਲ ਦੀ ਕਾਠੀ ਨੂੰ ਉਚਾ ਨੀਵਾਂ ਕਰਕੇ ਉਸਦੀ ਉਚਾਈ ਸੈੱਟ ਕਰ ਲੈਂਦੇ ਸੀ। ਨਵੇਂ ਸਾਈਕਲ ਦੀ ਕੀਮਤ ਕੋਈ ਇੱਕ ਸੋ ਸੱਠ ਸੱਤਰ ਰੁਪਏ ਦੇ ਕਰੀਬ ਹੁੰਦੀ ਸੀ। ਨਵਾਂ ਸਾਈਕਲ ਆਮ ਤੌਰ ਤੇ ਦਾਜ ਵਿੱਚ ਹੀ ਮਿਲਦਾ ਸੀ। ਸਾਈਕਲ ਘੜੀ ਤੇ ਸਿਲਾਈ ਮਸ਼ੀਨ ਨਾਲ ਦਾਜ ਵਾਧੂ ਮੰਨਿਆ ਜਾਂਦਾ ਸੀ। ਆਮ ਘਰ ਇਹ ਤਿੰਨੇ ਚੀਜਾਂ ਦਾਜ ਵਿੱਚ ਜਰੂਰ ਦੇਣ ਦੀ ਕੋਸ਼ਿਸ਼ ਕਰਦੇ। ਪਰ ਬਹੁਤੇ ਲੋਕ ਇੱਕ ਦੂਜੇ ਤੋਂ ਪੁਰਾਣਾ ਸਾਈਕਲ ਹੀ ਖਰੀਦ ਲੈਂਦੇ ਸਨ। ਜੋ ਨਵਾਂ ਸਾਈਕਲ ਖਰੀਦਦੇ ਉਹ ਮਰੂਤੀ ਦੀਆਂ ਸੀਟਾਂ ਦੇ ਪੰਨਿਆਂ ਵਾਂਗੂ ਉਸਦੇ ਗੱਤੇ ਵਾਲੇ ਕਵਰ ਨਾ ਉਤਾਰਦੇ। ਸਾਈਕਲ ਖਰੀਦਣ ਤੋਂ ਬਾਅਦ ਟੱਲੀ ਕੈਰੀਅਰ ਸਟੈਂਡ ਸੀਟ ਕਵਰ ਅਲਗ ਤੋਂ ਲਗਵਾਉਣਾ ਪੈਂਦਾ ਸੀ। ਬਹੁਤੇ ਅਖੌਤੀ ਸਿਆਣੇ ਲ਼ੋਕ ਦੋਧੀਆਂ ਕੋਲੋ ਪੁਰਾਣਾ ਸਾਈਕਲ ਖਰੀਦਦੇ। ਕਿਉਂਕਿ ਦੋਧੀ ਅਕਸ਼ਰ ਹੀ ਸਾਲ ਕ਼ੁ ਬਾਅਦ ਸਾਈਕਲ ਬਦਲ ਲੈਂਦੇ ਸਨ। ਕਹਿੰਦੇ ਦੋਧੀ ਦੇ ਸਾਇਕਲ ਦਾ ਸਟੈਂਡ ਨਹੀਂ ਹੁੰਦਾ। ਵਾਰ ਵਾਰ ਕੰਧ ਨਾਲ ਖੜਾਉਣ ਕਰਕੇ ਉਸਦੇ ਵਿਚਕਾਰਲੇ ਡੰਡੇ ਦਾ ਰੰਗ ਲਹਿ ਜਾਂਦਾ ਤੇ ਉਂਜ ਸਾਈਕਲ ਨਵੇਂ ਵਰਗਾ ਹੀ ਹੁੰਦਾ। ਦੂਸਰਾ ਦੋਧੀ ਹਮੇਸ਼ਾ ਰਿਕਸ਼ੇ ਵਾਲੇ ਟਾਇਰ ਪਵਾਉਂਦੇ ਸਨ। ਜੋ ਜਿਆਦਾ ਮਜਬੂਤ ਹੁੰਦੇ ਸਨ ਤੇ ਪੈਂਚਰ ਵੀ ਘੱਟ ਹੀ ਹੁੰਦੇ ਸਨ।
ਬਹੁਤੇ ਲੋਕ ਸਾਈਕਲ ਦੇ ਚੈਨਕਵਰ ਤੇ ਆਪਣਾ ਨਾਮ ਕਿਸੇ ਪੇਂਟਰ ਤੋਂ ਲਿਖਵਾਉਂਦੇ। ਚੈਨ ਕਵਰ ਤੇ ਨਾਮ ਲਿਖਵਾਉਣ ਦਾ ਇੱਕ ਵੱਖਰਾ ਹੀ ਸ਼ੋਂਕ ਹੁੰਦਾ ਸੀ। ਪਰ ਸਾਈਕਲ ਤੇ ਟਰਾਲੀਆਂ ਵਾਂਗੂ ਓੰ ਕੇ ਟਾਟਾ ਹਾਰਨ ਪਲੀਜ ਕੋਈ ਨਹੀਂ ਸੀ ਲਿਖਵਾਉਂਦਾ। ਹਾਂ ਕੁਝ ਲੋਕ ਸਾਈਕਲ ਦੇ ਸਟੀਲ ਪਾਲਿਸ ਵਾਲੇ ਹੈਂਡਲ ਤੇ ਆਪਣਾ ਨਾਮ ਖੁਦਵਾਕੇ ਪੱਕਾ ਕੰਮ ਵੀ ਕਰ ਲੈਂਦੇ ਸਨ।
ਸਾਈਕਲ ਦੇ ਪਿਛਲੇ ਪਾਸੇ ਕੋਈ ਕਪੜਾ ਫਸ ਜਾਣਾ, ਸਾਈਕਲ ਦੀ ਚੈਨ ਤੇ ਲੱਗੀ ਗਰੀਸ ਨਾਲ ਪਜਾਮਾ ਖਰਾਬ ਹੋ ਜਾਣਾ ਤੇ ਸਾਈਕਲ ਦੇ ਕੁੱਤੇ ਫੇਲ ਹੋ ਜਾਣੇ ਇਹ ਆਮ ਸ਼ਿਕਾਇਤਾਂ ਹੁੰਦੀਆਂ ਸਨ।
ਉਹਨਾਂ ਵੇਲਿਆਂ ਵਿੱਚ ਸਾਈਕਲ ਤੇ ਨਵਵਿਆਹੀ ਪਤਨੀ ਨਾਲ ਸੋਹਰੇ ਜਾਣਦਾ ਚਾਅ ਵੱਖਰਾ ਹੀ ਹੁੰਦਾ ਸੀ। ਪਿਛਲੇ ਕੈਰੀਅਰ ਤੇ ਬੈਠੀ ਚੂੜੇ ਵਾਲੀ ਆਪਣੇ ਖਾਵੰਦ ਨਾਲ ਖੂਬ ਗੱਲਾਂ ਕਰਦੀ। ਸੋਚਦੀ ਇਹ ਪੈਂਦਾ ਨਾ ਹੀ ਮੁੱਕੇ। ਕਿਉਂਕਿ ਬਹੁਤ ਸਮੇ ਬਾਦ ਇਕੱਲਤਾ ਮਿਲੀ ਹੁੰਦੀ ਸੀ।
ਸਾਈਕਲ ਚਲਾਉਣਾ ਸਿੱਖਣਾ ਵੀ ਇੱਕ ਕਲਾ ਮੰਨਿਆ ਜਾਂਦਾ ਸੀ। ਛੋਟੇ ਬੱਚੇ ਪਹਿਲਾਂ ਕੈਂਚੀ ਫਿਰ ਡੰਡਾ ਤੇ ਅੰਤ ਨੂੰ ਪੂਰਾ ਸਾਈਕਲ ਚਲਾਉਣਾ ਸਿੱਖਦੇ। ਅਕਸ਼ਰ ਸਾਈਕਲ ਤੋਂ ਡਿੱਗਿਆਂ ਦੀ ਲੱਤ ਬਾਂਹ ਟੁੱਟਣੀ ਆਮ ਜਿਹੀ ਗੱਲ ਸੀ। ਚਾਦਰੇ ਵਾਲੇ ਬਾਬੇ ਲਾਂਗੜ ਬੰਨਕੇ ਸਾਈਕਲ ਚਲਾਉਂਦੇ। ਤੇ ਲੰਬਾ ਸਫ਼ਰ ਤਹਿ ਕਰਦੇ।
ਹੁਣ ਸਾਇਕਲਾਂ ਦੀਆਂ ਕਿਸਮਾਂ ਬਦਲ ਗਈਆਂ। ਰੇਂਜਰ ਤੇ ਗੇਅਰ ਵਾਲੇ ਸਾਈਕਲ ਲੱਖਾਂ ਰੁਪਏ ਕੀਮਤ ਦੇ ਹਨ। ਹੁਣ ਸਾਇਕਲਿੰਗ ਰੋਜ਼ਗਾਰ ਯ ਮਜਬੂਰੀ ਨਾਲ ਨਹੀਂ ਸ਼ੋਕ ਨਾਲ ਜੁੜੀ ਹੈ। ਹੁਣ ਤਾਂ ਕਸਰਤ ਕਰਨ ਲਈ ਇੱਕ ਪਹੀਏ ਵਾਲਾ ਸਾਈਕਲ ਲੋਕਾਂ ਦੇ ਡਰਾਇੰਗ ਰੂਮ ਵਿਚ ਰੱਖਿਆ ਹੁੰਦਾ ਹੈ।
ਊੰ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ