ਦਫ਼ਤਰ ਵਿੱਚ ਕੋਈ ਨਾ ਕੋਈ ਰਿਟਾਇਰ ਹੁੰਦਾ, ਕਿਸੇ ਦੀ ਬਦਲੀ ਹੁੰਦੀ ਜਾਂ ਫਿਰ ਕਿਸੇ ਪਰਿਵਾਰਕ ਖੁਸ਼ੀ ਕਰਕੇ ਕੋਈ ਨਾ ਕੋਈ ਪਾਰਟੀ ਹੁੰਦੀ ਰਹਿੰਦੀ ਸੀ।ਇੱਕ ਸਮੋਸਾ ਨਾਲ ਇੱਕ ਰਸਗੁੱਲਾ ਤੇ ਨਾਲ ਚਾਹ ਦਾ ਕੱਪ, ਇੱਕ ਰਵਾਇਤ ਬਣ ਗਈ ਸੀ।ਸਾਰੇ ਮਸਤੀ ਕਰਦੇ।ਇੱਕ ਦੋ ਕਰਮਚਾਰੀ ਪੱਕਾ ਸੀ ਬਈ ਕੋਈ ਗਾਨਾ ਗੀਤ ,ਚੁਟਕਲਾ ਜਰੂਰ ਸੁਨਾਉਣਗੇ।ਤਕਰੀਬਨ ਸਾਰੇ ਫਿਲਮੀ ਗੀਤ ਜਾਂ ਲੋਕਗੀਤ ਸੁਣਾਉਂਦੇ। ਵੀਰੂ ਵਰਿੰਦਰ ਅਪਣੇ ਨਾਂ ਹੇਠ ਬਖਰੀ ਤਰਾਂ ਦਾ ਗੀਤ ਸੁਣਾਉਂਦਾ। ਮੰਚ ਦੀ ਪ੍ਰਧਾਨਗੀ ਵੀ ਵੀਰੂ ਵਰਿੰਦਰ ਕਰਦਾ ।ਉਦੋਂ ਕਿਸੇ ਨੂੰ ਬਹੁਤਾ ਗਿਆਨ ਨਹੀਂ ਸੀ ਹੁੰਦਾ।ਹੁਣ ਆਹ ਨੈਟ ਤੇ ਸਾਹਿਤਕ ਗਰੁੱਪਾ ਦੀਆਂ ਗਤੀ ਵਿਧੀਆਂ ਨਾਲ ਜੁੜਕੇ ਥੋੜੀ ਬਹੁਤ ਸਮਝ ਆਈ ਕਿ ਉਹ ਗੀਤ ਥੋੜੀ ਬਹੁਤੀ ਹੇਰਾਫੇਰੀ ਨਾਲ ਕਿਸੇ ਨਾ ਕਿਸੇ ਗੀਤਕਾਰ, ਗਜਲਗੋ ਜਾਂ ਗਾਇਕ ਨਾਲ ਸਬੰਧਤ ਹੁੰਦੇ ਸਨ। ਸਟਾਫ਼ ਨੂੰ ਕੀ ਫ਼ਰਕ ਪੈਣਾ ਸੀ ਬੱਸ ਤਾੜੀਆਂ ਮਾਰ ਛੱਡਣੀਆਂ।ਕਿਸੇ ਨੂੰ ਲਿਖਣ ਗਾਓਣ ਦਾ ਸ਼ੌਕ ਘਟ ਹੀ ਸੀ।ਇਦਾਂ ਹੀ ਦਫ਼ਤਰ ਵਿੱਚ ਪੰਜਾਬੀ ਦਿਹਾੜਾ ਮਨਾਉਣ ਦਾ ਮਤਾ ਪਾਸ ਹੋਇਆ। ਸਾਰਿਆਂ ਨੂੰ ਕੁੱਝ ਨਾ ਕੁੱਝ ਬੋਲਣਾ ਜਰੂਰੀ ਸੀ।ਇਸ ਬਾਰ ਪੰਜਾਬੀ ਭਾਸ਼ਾ ਤੇ ਬਹਿਸ ਦਾ ਮੁਕਾਬਲਾ ਰੱਖਿਆ ਗਿਆ ਤੇ ਔਰਤਾਂ ਦਾ ਹਿੱਸਾ ਲੈਣਾ ਜਰੂਰੀ ਕਰ ਦਿੱਤਾ ਗਿਆ। ਇਸ ਬਹਿਸ ਮੁਕਾਬਲੇ ਵਿੱਚ ਔਰਤ ਕਰਮਚਾਰੀਆਂ ਦੀ ਹਾਜ਼ਰੀ ਜਰੂਰੀ ਕਰਨ ਲਈ ਮੈਡਮ ਰਣਜੀਤ ਜੋ ਸੀਨੀਅਰ ਸੀ, ਦੀ ਡਿਊਟੀ ਲਗਾ ਦਿੱਤੀ ਗਈ। ਕੋਈ ਵੀ ਔਰਤ ਮੰਨੀ ਨਾ।ਕਹਿਣ ਲਗੀਆਂ, ਸਾਨੂੰ ਕੋਈ ਅਭਿਆਸ ਨਹੀਂ। ਫਿਲਮੀ ਗੀਤ ਗਾਉਣੇ ਜਾਂ ਬੋਲੀਆਂ ਟੱਪੇ ਦਾ ਮੁਕਾਬਲਾ ਕਰਾਲੋ।ਇੱਕ ਦੋ ਦਾ ਪਤਾ ਸੀ ਪਰ ਉਹ ਸਾਫ਼ ਮੁੱਕਰ ਗਈਆਂ। ਦਫ਼ਤਰੀ ਮਾਹੋਲ ਇੱਦਾਂ ਦੇ ਹੀ ਹੁੰਦੇ,ਕੋਈ ਔਰਤ ਕਰਮਚਾਰੀ ਮੰਚ ਤੇ ਚੜ੍ਹਨਾ ਪੰਸਦ ਨਹੀਂ ਸੀ ਕਰਦੀ।ਸਾਰਿਆਂ ਨੂੰ ਪੁੱਛ ਕੇ ਰਣਜੀਤ ਨੇ ਪਰੋਗਰਾਮ ਇੰਚਾਰਜ ਨੂੰ ਸਾਰੀ ਗੱਲ ਬਾਤ ਦੱਸ ਦਿੱਤੀ।
ਇੰਚਾਰਜ ਮਨਿੰਦਰ ਸਿੰਘ ਨੇ ਇੱਕ ਦਮ ਫੈਸਲਾ ਸੁਣਾ ਦਿੱਤਾ ਕਿ ਰਣਜੀਤ ਮੈਡਮ, ਇੱਕ ਔਰਤ ਪਾਰਟੀਸਿਪੈਂਟ ਹਰ ਹਾਲਤ ਵਿੱਚ ਚਾਹੀਦਾ, ਹੁਣ ਤੁਹਾਨੂੰ ਹੀ ਤਿਆਰੀ ਕਰਨੀ ਪੈਣੀ। ਉਸਨੇ ਮਨਾ ਕੀਤਾ, ਕਿ ਸਰ ਮੈਂ ਕਦੇ ਕਿਤੇ ਬੋਲਿਆ ਨਹੀਂ ।ਪਰ ਪ੍ਰੋਗਰਾਮ ਦੀ ਲਿਸਟ ਵਿੱਚ ਮੈਡਮ ਰਣਜੀਤ ਦਾ ਨਾਂ ਲਿਖ ਕੇ ਆ ਗਿਆ ਕਿ ਨੋਟ ਕਰੋ। ਮਰਦਾ ਕੀ ਨਾ ਕਰਦਾ। ਮੈਡਮ ਰਣਜੀਤ ਨੇ ਇਧਰੋਂ ਉਧਰੋਂ ਨੋਟਸ ਇਕੱਠੇ ਕਰਕੇ ਪਰਚਾ ਤਿਆਰ ਕਰਲਿਆ। ਉਹ ਲਿਖਦੀ ਤਾਂ ਹੁੰਦੀ ਸੀ ,ਪੰਜਾਬੀ ਹਿੰਦੀ ਤੇ ਅੰਗਰੇਜ਼ੀ ਵਿੱਚ ਪਰ ਡਾਇਰੀਆ ਵਿੱਚ। ੳਸਨੂੰ ਉੱਕਾ ਹੀ ਗਿਆਨ ਨਹੀਂ ਸੀ ਕਿ ੳਸਦਾ ਲਿਖਿਆ ਨਜ਼ਮ ਹੈ ਜਾ ਗੀਤ ਕਵਿਤਾ ਹੈ ਜਾ ਵਾਰਤਕ।
ਮੰਚ ਤੇ ਜਾਨ ਦਾ ਵਕਤ ਵੀ ਆਗਿਆ।
ਮੰਚ ਤੇ ਆਈ ਅਪਣੀ ਬਾਰੀ ਤੇ ਰਣਜੀਤ ਨੇ ਅਪਣਾ ਕਾਨਫੀਡੈਂਸ ਬਰਕਰਾਰ ਰੱਖਿਆ ਤੇ ਅਪਣੀ ਬੁਲੰਦ ਅਵਾਜ਼ ਵਿੱਚ ਅਪਣਾ ਪਰਚਾ ਪੜ ਦਿੱਤਾ। ਬੜੀਆਂ ਤਾੜੀਆਂ ਵੱਜੀਆਂ।ਨਤੀਜਾ ਘੋਸ਼ਿਤ ਹੋਇਆ ਤੇ ਨਕਦ ਇਨਾਮ ਨਾਲ ਪਹਿਲਾਂ ਸਥਾਨ ਮੈਡਮ ਰਣਜੀਤ ਨੂੰ ਮਿਲਿਆ।ਅਗਲੇ ਸਾਲ ਫਿਰ ਪਹਿਲਾਂ ਇਨਾਮ।ਦਫਤਰ ਦੇ ਵੱਡੇ ਅਫ਼ਸਰ ਬੜੇ ਖੁਸ਼ ਸੀ ਤੇ ਤਾਰੀਫ਼ਾਂ ਕਰਦਿਆਂ ਨੇ ਕਿਹਾ ਇਸ ਉਮਰ ਵਿੱਚ ਇੰਨੀ ਬੁਲੰਦ ਆਵਾਜ਼। ਮੈਡਮ 26 ਜਨਵਰੀ ਨੂੰ ਅਗਲੇ ਪ੍ਰੋਗਰਾਮ ਤੇ ਮੰਚ ਤੁਸੀਂ ਸੰਭਾਲਣਾ।
ਜਦੋਂ ਵੀਰੂ ਵਰਿੰਦਰ ਨੂੰ ਪਤਾ ਲੱਗਿਆ ਤਾਂ ਉਹ ਬਰਦਾਸ਼ਤ ਨਾਂ ਕਰ ਪਾਇਆ।ਉਹ ਤੇ ਉਸਦੇ ਸਾਥੀ ਪਰੋਗਰਾਮ ਲਈ ਅਪਣੇ ਬੱਚਿਆਂ ਨੂੰ ਵੀ ਤਿਆਰ ਕਰ ਰਹੇ ਸਨ।ਹੁਣ ਉਹ ਕੀ ਕਰਨ। ਕਿਉਂਕਿ ਉਸਦੀ ਮੈਡਮ ਰਣਜੀਤ ਨਾਲ ਬਹੁਤ ਬਣਦੀ ਸੀ। ਉਸਨੇ ਗੱਲਾ ਗੱਲਾ ਵਿੱਚ ਰਣਜੀਤ ਨੂੰ ਕਿਹਾ ਕਿ ਮੈਡਮ ਸਾਰੇ ਕਹਿੰਦੇ ਕੋਈ ਬੰਦਾ ਹੋਵੇ ਤਾਂ ਪ੍ਰੋਗਰਾਮ ਵਧੀਆ ਹੋ ਜਾਉ।ਮੈਡਮ ਨੇ ਕਿਹਾ ਅਫਸਰਾਂ ਨੂੰ ਨਰਾਜ ਨਹੀਂ ਕਰਨਾ ਆਪਾਂ ਮਿਲਕੇ ਕਰ ਲਵਾਂਗੇ। ਪਰ ਵਰਿੰਦਰ ਵੀਰੂ ਹੁਣ ਹੋਰ ਤਿਕੜਮ ਲਗਾਉਣ ਲੱਗਿਆ। ਐਵੇਂ ਹੀ ਕਹਿਣ ਲੱਗਿਆ ਮੈਡਮ ਜੀ ,ਹਰ ਰੋਜ਼ ਵੱਡੇ ਅਫ਼ਸਰ ਦੇ ਘਰ ਜਾਣਾ ਪਿਆ ਕਰਨਾ, ਛੋਟੇ ਬੱਚਿਆਂ ਨੂੰ ਘਰ ਛੱਡ ਕੇ ਦੇਰ ਰਾਤ ਆਉਣ ਜਾਣ ਕਿਵੇਂ ਕਰੋਗੇ ,ਨਾਲ ਹਸਬੈਂਡ ਨੂੰ ਵੀ ਬੱਨੋਗੇ।ਕੋਈ ਨਾ ਮੈਡਮ ਤੁਸੀਂ ਆਰਾਮ ਨਾਲ ਘਰ ਚਲੇ ਜਾਇਆ ਕਰੋ, ਮੈਂ ਅਫਸਰਾਂ ਨੂੰ ਆਪੇ ਸਾਂਭ ਲਵਾਂਗਾ। ਮੈਡਮ ਨੇ ਯਕੀਨ ਕਰਲਿਆ ,ਆਪਸ ਵਿੱਚ ਬਣਦੀ ਜੋ ਬਹੁਤ ਸੀ। ਉਸਨੇ ਅਫਸਰਾਂ ਨੂੰ ਭੜਕਾਅ ਦਿੱਤਾ ਕਿ ਮੈਡਮ ਕੋਲੋਂ ਨਹੀਂ ਆ ਹੋਣਾ ਜੀ।ਅਸੀਂ ਆਪੇ ਸਾਰਾ ਕੁੱਝ ਸਾਭ ਲਵਾਂਗੇ। ਪ੍ਰੋਗਰਾਮ ਦਾ ਏਜੰਡਾ ਆਗਿਆ, ਮੰਚ ਸੰਚਾਲਣ ਵਿੱਚ ਮੈਡਮ ਦਾ ਨਾਂ ਹੀ ਨਹੀਂ ਸੀ ਪਾਇਆ।
26ਜਨਵਰੀ ਵਧੀਆ ਮਨਾਅ ਹੋ ਗਈ।ਉਨ੍ਹਾਂ ਦੇ ਬੱਚਿਆਂ ਦੇ ਵਧੀਆ ਆਇਟਮ ਹੋ ਗਏ।ਵੀਰੂ ਤੇ ਉਸਦੇ ਸਾਥੀ ਡਾਹਡੇ ਖੁਸ਼ ਸਨ। ਵੀਰੂ ਤੇ ਉਸਦੇ ਸਾਥੀਆਂ ਦੀ ਪਹੁੰਚ ਅਫ਼ਸਰਾਂ ਦੇ ਘਰਾਂ ਤੱਕ ਹੋ ਗਈ। ਮੈਡਮ ਰਣਜੀਤ ਅਫ਼ਸਰਾਂ ਦੀਆਂ ਨਜਰਾਂ ਵਿੱਚ ਰੜਕਣ ਲੱਗੀ। ਇਹ ਰੜਕ ਮੈਡਮ ਰਣਜੀਤ ਨੂੰ ਰਿਟਾਇਰ ਹੋਣ ਤੱਕ ਢਾਅਹ ਲਾਉਂਦੀ ਰਹੀ।
ਹੁਣ ਮੈਡਮ ਨੂੰ ਸਮਝ ਆ ਰਹੀ ਸੀ ਕਿ ਜੇ ਬੰਦਾ ਹੋਵੇ ਤਾਂ ਪ੍ਰੋਗਰਾਮ ਵਧੀਆ ਹੋ ਜਾਉ ਦਾ ਕੀ ਮਤਲਬ ਹੁੰਦਾ ਤੇ ਯਾਰ ਮਾਰ ਕਿਸਨੂੰ ਕਹਿੰਦੇ ਆ।
********
ਬਲਰਾਜ ਚੰਦੇਲ ਜੰਲਧਰ