ਜਿਵੇ ਜਿਵੇ ਪਤਾ ਲੱਗਦਾ ਗਿਆ। ਪਿੰਡ ਦੇ ਵੱਡੇ ਦਰਵਾਜ਼ੇ ਅੱਗੇ ਇਕੱਠ ਹੁੰਦਾ ਗਿਆ।
ਕੰਧ ਤੇ ਲੱਗੀ ਫੋਟੋ ਤੋਂ ਅੱਖ ਵੀ ਝਪਕ ਨਹੀਂ ਸੀ ਹੋ ਰਹੀ।
ਜਿਵੇਂ ਅਤੀਤ ਦੇ ਪਰਛਾਵਿਆਂ ਨੇ ਅਜੀਬ ਜਿਹਾ ਚੱਕਰਵਿਊ ਸਿਰਜ ਲਹਿੰਦੇ ਪੰਜਾਬ ਲੈ ਆਦਾ ਹੋਵੇ।
ਵੰਡ ਤੋਂ ਬਾਅਦ ਹੋਇਆ ਲੋਕਾਂ ਦਾ ਪਰਵਾਸ, ਸਭ ਤੋਂ ਵੱਡਾ ਪਰਵਾਸ ਸੀ। ਉਸ ਸਮੇਂ ਦੌਰਾਨ ਹੋਈ ਫਿਰਕੂ ਹਿੰਸਾ ਨੇ ਸਭ ਕੁਝ ਤਹਿਸ-ਨਹਿਸ ਕਰ ਦਿੱਤਾ।
ਲਹੌਰ ਦੇ ਬਜ਼ਾਰਾਂ ਵਿੱਚ ਹਮੇਸ਼ਾ ਚਹਿਲ ਪਹਿਲ ਰਹਿੰਦੀ ।ਗਲੀਆਂ ਵਿਚ ਅਕਸਰ ਹੀ ਨੂਰਾਂ ਤੇ ਪਾਲਾ ਸਾਇਕਲ ਦੀਆ ਟੱਲੀਆ ਮਾਰਦੇ ਤੇ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਜੱਦੋ-ਜਹਿਦ ਕਰਦੇ।
ਲਾਹੌਰ ਦੀ ਤੰਗ ਜਿਹੀ ਗਲੀ ਵਿਚ ਦੋਨੋ ਸਾਈਕਲ ਅੱਗੇ ਪਿੱਛੇ ਆ ਰੁਕਦੇ।
ਢਾਬੇ ਮੂਹਰੇ ਲੱਗੇ ਨਲਕੇ ਤੇ ਨਰੰਜਣ ਸਿੰਘ ਹੱਥ ਧੋਣ ਪਿੱਛੋਂ ਆਪਣੀ ਲੰਬੀ ਤੇ ਕਾਲੀ ਸ਼ਾਹ ਦਾਹੜੀ ਨੂੰ ਸਵਾਰ ਆਖਦਾ, ਆਜੋ ਮੈਨੂੰ ਪਤਾ ਸੀ ਦੁਕਾਨ ਤੇ ਪਹਿਲਾਂ ਸਾਈਕਲ ਨੂਰਾਂ ਦਾ ਹੀ ਰੁਕਣਾ ਏ।
ਆਹ ਲਓ ਗਰਮਾ ਗਰਮ ਸਮੋਸੇ ਤੇ ਜਲਦੀ ਮਦਰੱਸੇ ਪਹੁੰਚੋ, ਪਹਿਲਾਂ ਹੀ ਤੁਸੀਂ ਲੇਟ ਹੋ।
ਨੂਰਾਂ ਨੇ ਆਪਣਾ ਸਮੋਸਾ ਜਲਦੀ ਖਾ ਕੇ ਪਾਲੇ ਦੀ ਪਲੇਟ ਵਿੱਚੋਂ ਵੀ ਉਸ ਦਾ ਸਮੋਸਾ ਚੱਕ ਲੈਣਾ।
ਪਾਲਾ ਕੁਝ ਬੋਲਦਾ, ਨੂਰਾਂ ਉਸ ਤੋਂ ਪਹਿਲਾਂ ਹੀ ਆਖਦੀ। ਤੂੰ ਤਾਂ ਜਵਾ ਭੋਲਾ ਏ ਭੋਲਾ ਏ।
ਇਨੀ ਗੱਲ ਸੁਣ ਪਾਲਾ ਖਿਝ ਜਿਹਾਂ ਜਾਂਦਾ ਤੇ ਮਦਰੱਸੇ ਪਹੁੰਚਣ ਤਕ ਨੂਰਾਂ ਨਾਲ ਗੱਲ ਨਾ ਕਰਦਾ।
ਨਰੰਜਣ ਸਿੰਘ ਤੇ ਮੁਹੰਮਦ ਖਾਂ ਦੋਨੋਂ ਗੁਆਂਢੀ ਸੀ। ਆਪਸੀ ਵਧੀਆ ਬੋਲ ਚਾਲ ਤੇ ਹਰ ਦੁਖ-ਸੁਖ ਵਿੱਚ ਨਾਲ ਖੜਦੇ।
ਪਾਲਾ ਨਿਰੰਜਨ ਸਿੰਘ ਦਾ ਪੁੱਤਰ ਸੀ ਤੇ ਨੂਰਾ ਮੁਹੰਮਦ ਖਾਨ ਦੀ ਬੇਟੀ। ਦੋਨੋਂ ਇੱਕੋ ਕਲਾਸ ਵਿੱਚ ਪੜਦੇ ਤੇ ਅਕਸਰ ਇਕੱਠੇ ਹੀ ਆਉਂਦੇ ਜਾਂਦੇ। ਪਰ ਕੁੱਝ ਕੱਟੜਵਾਦੀਆਂ ਨੂੰ ਇਹਨਾਂ ਦਾ ਆਪਸੀ ਪਿਆਰ ਤੇ ਸਾਂਝ ਰੜਕਦੀ।
ਅਕਸਰ ਨੂਰਾਂ ਤੇ ਪਾਲਾ ਜਦ ਮਦਰੱਸੇ ਤੋਂ ਵਾਪਸ ਆਉਂਦੇ ਤਾਂ ਰਸਤੇ ਵਿਚ ਕਬਰਸਤਾਨ ਆਉਂਦਾ।
ਵੱਡੇ ਸਾਰੇ ਬੋਹੜ ਥੱਲੇ ਕੁਝ ਪਲ ਲਈ ਸਾਈਕਲ ਖੜ੍ਹਾ ਉੱਥੇ ਹੀ ਬੈਠ ਜਾਂਦੇ।
ਦੂਰ ਤਕ ਕਬਰਾਂ ਨੂੰ ਵੇਖ ਨੂਰਾਂ ਆਖਦੀ। ਪਾਲੇ ਉਹ ਵੇਖ ਮੇਰੀ ਮਾਸੀ ਦੀ ਕਬਰ ਤੇ ਇਹ ਸਾਡੀ ਵੱਡੀ ਤਾਈਂ ਦੀ ਕਬਰ।
ਜਦ ਸਾਡੇ ਕਿਸੇ ਦੀ ਫੋਤ ਹੋ ਜਾਂਦੀ, ਤਾਂ ਇਥੇ ਹੀ ਦਫਨ ਕਰਦੇ ਹਾਂ।
ਤਾਂ ਕਿ ਸਾਰੇ ਇਕੱਠੇ ਹੀ ਰਹਿਣ। ਨੂਰਾਂ ਦੀ ਗੱਲ ਸੁਣ ਪਾਲਾ ਬੇਹਦ ਉਦਾਸ ਜਿਹਾ ਹੋ ਗਿਆ। ਕਬਰਸਤਾਨ ਜਿੰਨੀ ਚੁੱਪ ਉਸ ਦੇ ਅੰਦਰ ਪਸਰ ਜਿਹੇ ਗਈ।
ਕੀ ਗੱਲ ਹੋ ਗਈ ।ਨੂਰਾਂ ਨੇ ਪਾਲੇ ਦਾ ਮੋਢਾ ਹਲੂਣ ਪੁੱਛਿਆ।
ਲੰਬਾ ਜਿਹਾ ਸਾਹ ਲੈ ਪਾਲਾ ਬੋਲਿਆ, ਨੂਰਾਂ ਫਿਰ ਤਾਂ ਆਪਾਂ ਮਰਨ ਤੋਂ ਬਾਅਦ ਇਕੱਠੇ ਨਹੀਂ ਰਹਿ ਸਕਦੇ। ਸਾਡੇ ਤਾਂ ਸ਼ਮਸ਼ਾਨਘਾਟ ਇੱਥੋਂ ਬਹੁਤ ਦੂਰ ਨੇ। ਇੰਨਾ ਸੁਣ ਨੂਰਾਂ ਖ਼ੂਬ ਹੱਸੀ, ਜਿਵੇਂ ਪੱਤਝੜ ਤੋਂ ਬਾਅਦ ਬਹਾਰ ਆ ਗਈ ਹੋਵੇ। ਤੂੰ ਸੱਚ-ਮੁੱਚ ਭੋਲਾ ਏ ਭੋਲਾ।ਕੋਈ ਨਾ ਤੂੰ ਫਿਕਰ ਨਾ ਕਰ ਆਪਾ ਮਰਨ ਤੋਂ ਬਾਅਦ ਵੀ ਇਕ ਦੂਜੇ ਦੇ ਕੋਲੇ ਹੀ ਹੋਵਾਂਗੇ
ਤੇ ਫੇਰ ਹੱਸਦੇ ਖੇਡਦੇ ਨੂਰਾਂ ਤੇ ਪਾਲਾ ਘਰ ਆ ਜਾਂਦੇ। ਜਿਵੇਂ-ਜਿਵੇਂ ਉਹ ਵੱਡੇ ਹੁੰਦੇ ਗਏ ਬਚਪਨ ਦਾ ਪਿਆਰ ਵੀ ਗੂੜ੍ਹਾ ਹੁੰਦਾ ਗਿਆ। ਨੂਰਾਂ ਅਕਸਰ ਆਖਦੀ ਕਿ ਸਾਡਾ ਸਮਾਜ ਆਪਣਾ ਇਹ ਰਿਸ਼ਤਾ ਕਬੂਲ ਨਹੀਂ ਕਰੇਗਾ। ਤੁਸੀਂ ਸਿੱਖ ਹੋ ਤੇ ਅਸੀਂ ਮੁਸਲਮਾਨ। ਪਰ ਨੂਰਾਂ ਪਹਿਲਾਂ ਅਸੀਂ ਇਨਸਾਨ ਆ, ਪਾਲਾ ਬੇਚੈਨੀ ਜਿਹੀ ਮਹਿਸੂਸ ਕਰ ਆਖਦਾ।
ਸਭ ਕੁਝ ਠੀਕ ਚੱਲ ਰਿਹਾ ਸੀ, ਤੇ ਫੇਰ ਇਕ ਦਿਨ ਅਚਾਨਕ ਉਹ ਕਾਲਾ ਦੌਰ ਸ਼ੁਰੂ ਹੋ ਗਿਆ। ਲਾਹੌਰ ਦੇ ਬਜ਼ਾਰ ਦਿਨੇ ਹੀ ਸੁੰਨੇ ਹੋ ਗਏ। ਜਿੱਥੇ ਵੀ ਇਕ ਮਜ੍ਹਬ ਦੇ ਦੰਗਾਕਾਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਉਹ ਦੂਜੇ ਮਜ੍ਹਬ ਦੇ ਲੋਕਾਂ ਦੀਆਂ ਦੁਕਾਨਾਂ ਸਾੜ ਦਿੰਦੇ। ਜਿਉਂਦਿਆਂ ਨੂੰ ਸਾੜਿਆ ਗਿਆ ਤੇ ਹਰ ਮਜ੍ਹਬ ਦੀ ਧੀ, ਭੈਣ ਦੀ ਪੱਤ ਰੋਲੀ ਗਈ। ਭੀੜ ਨੇ ਨਿਰੰਜਣ ਸਿੰਘ ਦੇ ਘਰ ਵੱਲ ਰੁਖ ਕਰ ਲਿਆ। ਅੱਲ੍ਹਾ ਹੂ ਅਕਬਰ ਦੇ ਨਾਹਰੇ ਗੂੰਜਣ ਲੱਗੇ।
ਦੰਗਾਕਾਰੀ ਦਰਵਾਜ਼ਿਆਂ ਨੂੰ ਭੰਨਣ ਲੱਗੇ।
ਨਰੰਜਣ ਸਿੰਘ ਵੀ ਸਮਝ ਗਿਆ ਸੀ ਕਿ ਇਹ ਆਖ਼ਰੀ ਸਮਾਂ ਆ ਗਿਆ ਹੈ।
ਪਰ ਮੁਹੰਮਦ ਖ਼ਾਨ ਨੇ ਪੌੜੀ ਲਗਾ ਨਿਰੰਜਨ ਸਿੰਘ ਤੇ ਉਸ ਦੇ ਸਾਰੇ ਪਰਿਵਾਰ ਨੂੰ ਆਪਣੇ ਘਰ ਉਤਾਰ ਪਨਾਹ ਦੇ ਦਿੱਤੀ। ਦੰਗਾਕਾਰੀਆਂ ਨੇ ਨਰੰਜਨ ਸਿੰਘ ਦਾ ਸਾਰਾ ਘਰ ਫ਼ੂਕ ਦਿੱਤਾ।
ਪਰ ਉਨ੍ਹਾਂ ਵਿੱਚ ਕੁਝ ਉਹ ਵੀ ਸੀ, ਜੋ ਪਾਲੇ ਤੇ ਨੂਰਾਂ ਦੇ ਆਪਸੀ ਸਬੰਧਾਂ ਬਾਰੇ ਜਾਣਦੇ ਸੀ, ਸ਼ਾਇਦ ਹੀ ਇਸ ਤੋਂ ਵਧੀਆ ਮੌਕਾ ਨਹੀਂ ਸੀ ਮਿਲਨਾ ਉਨ੍ਹਾਂ ਨੂੰ ਪਾਲੇ ਤੇ ਨੂਰਾਂ ਦੀ ਕਹਾਣੀ ਖਤਮ ਕਰਨ ਦਾ।
ਅੱਧਿਓਂ ਵੱਧ ਦੰਗਾਕਾਰੀ ਨਰੰਜਨ ਸਿੰਘ ਦਾ ਘਰ ਸਾੜ ਨਾਅਰੇ ਲਾਉਂਦੇ ਅੱਗੇ ਲੰਘ ਗਏ। ਲਹੌਰ ਦੀਆਂ ਗਲੀਆਂ ਵਿੱਚ ਸਪੀਕਰਾਂ ਰਾਹੀਂ ਬੋਲਿਆ ਗਿਆ ਕਿ ਜਿਸ ਨੇ ਵੀ ਇਹ ਮੁਲਕ ਛੱਡ ਕੇ ਜਾਣਾ ਹੋਵੇ ਤਾਂ ਜਾ ਸਕਦੇ ਨੇ। ਹਰ ਗਲੀ ਇਨਸਾਨੀ ਖੂਨ ਨਾਲ ਲਾਲੋ-ਲਾਲ ਹੋ ਚੁੱਕੀ ਸੀ।
ਨਿਰੰਜਣ ਸਿੰਘ ਤੇ ਉਸ ਦਾ ਪਰਿਵਾਰ ਸਾਰਾ ਦਿਨ ਮੁਹੰਮਦ ਖ਼ਾਨ ਦੇ ਘਰ ਲੁਕ ਕੇ ਬੈਠੇ ਰਹੇ। ਸਰਦਾਰਾ ਜੇ ਜਾਨ ਹੈ ਤਾਂ ਜਹਾਨ ਹੈ। ਇਹ ਮੁਲਕ ਹੁਣ ਤੁਹਾਡੇ ਰਹਿਣ ਯੋਗ ਨਹੀਂ ਰਿਹਾ। ਜ਼ਹਿਰ ਘੋਲ ਦਿੱਤੀ ਹੈ ਸਮੇਂ ਦੀਆਂ ਹਕੂਮਤਾਂ ਨੇ, ਆਪਣੇ ਹੀ ਆਪਣਿਆਂ ਦੇ ਵੈਰੀ ਹੋ ਗਏ ਨੇ।
ਤੂੰ ਫਿਕਰ ਨਾ ਕਰ, ਰਾਤ ਦੇ ਹਨੇਰੇ ਮੈਂ ਆਪ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਿਫ਼ਾਜ਼ਤ ਨਾਲ ਮਹਿਫੂਜ਼ ਜਗ੍ਹਾ ਤੇ ਪਹੁੰਚਾ ਦੇਵਾਂਗਾ।
ਬਾਹਰ ਕਤਲੋਗਾਰਤ ਉਵੇਂ ਹੀ ਹੋ ਰਹੀ ਸੀ। ਰਾਤ ਦੇ ਹਨੇਰੇ ਵਿਚ ਮੁਹੰਮਦ ਖਾਨ ਨੇ ਦਰਵਾਜਾ ਖੋਲ ਨਿਰੰਜਨ ਸਿੰਘ ਤੇ ਉਸ ਦੇ ਪਰਿਵਾਰ ਨੂੰ ਦੂਜੀ ਗਲੀ ਵਿਚ ਲੈ ਆਦਾ। ਪਰ ਕੁੱਝ ਦੰਗਾਕਾਰੀ ਇਸੇ ਤਾਕ ਵਿਚ ਬੈਠੇ ਸੀ।
ਤੇ ਕਰਪਾਨਾ ਨਾਲ ਦੰਗਾਕਾਰੀਆਂ ਨੇ ਨਰੰਜਣ ਸਿੰਘ ਅਤੇ ਮੁਹੰਮਦ ਖਾਨ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।
ਖੇਸ ਦੀ ਬੁੱਕਲ ਲਾਹ ਮੁਹੰਮਦ ਖ਼ਾਨ ਨੇ ਵੀ ਤਲਵਾਰ ਹਵਾ ਵਿੱਚ ਲਹਿਰਾ ਦਿੱਤੀ।
ਦੰਗਾਕਾਰੀਆਂ ਨਾਲ ਸਭ ਨੇ ਬੜੀ ਹਿੰਮਤ ਨਾਲ ਮੁਕਾਬਲਾ ਕੀਤਾ, ਪਰ ਮੁਹੰਮਦ ਖਾਨ ਤੇ ਕੁੱਝ ਗਹਿਰੇ ਵਾਰ ਹੋ ਗਏ। ਲਹੂ ਲੁਹਾਣ ਹੋਇਆ ਮੁਹੰਮਦ ਖਾਨ ਉਥੇ ਹੀ ਡਿੱਗ ਪਿਆ। ਉਏ ਸਰਦਾਰਾ ਤੂੰ ਭੱਜ ਜਾ ਆਪਣੀ ਜਾਨ ਬਚਾ,ਤੇ ਇਨ੍ਹਾਂ ਆਖਦੇ ਮੁਹੰਮਦ ਖਾਨ ਦੁਨੀਆ ਤੋਂ ਰੁਖਸਤ ਹੋ ਗਿਆ।
ਨਾਲ ਦੀ ਗਲੀ ਵਿਚ ਇਕ ਹੋਰ ਭੀੜ ਉਨ੍ਹਾਂ ਕੋਲ ਪਹੁੰਚੀ, ਬੋਲੇ ਸੋ ਨਿਹਾਲ ਦੇ ਨਾਅਰੇ ਤੇ ਕ੍ਰਿਪਾਨਾਂ ਲਹਿਰਾ ਰਹੀਆਂ ਸੀ। ਨਰੰਜਣ ਸਿੰਘ ਨੇ ਖੁਦ ਅਤੇ ਆਪਣੇ ਪਰਿਵਾਰ ਨੂੰ ਸੰਭਾਲਿਆ, ਮੁਹੰਮਦ ਖਾਂਨ ਦੀ ਸ਼ਹਾਦਤ ਤੇ ਉਹ ਦੁਖੀ ਸੀ। ਨਰੰਜਣ ਆਪਣਿਆਂ ਦੀ ਭੀੜ ਵਿਚ ਜਾ ਸ਼ਾਮਲ ਹੋਇਆ। ਆਸੇ ਪਾਸੇ ਤੱਕਿਆ ਤਾਂ ਪਾਲਾ ਕਿਤੇ ਵੀ ਨਹੀਂ ਸੀ।
ਪਲਟ ਕੇ ਵੇਖਿਆ ਤਾਂ ਪਾਲਾ ਨੂਰਾ ਦਾ ਹੱਥ ਫੜੀ ਆਣ ਭੀੜ ਵਿਚ ਰਲ ਗਿਆ। ਸਾਹਮਣੇ ਪਈ ਅੱਬੂ ਜਾਨ ਦੀ ਲਾਸ਼ ਨੂਰਾਂ ਲਈ ਇਹ ਮੰਜਰ ਬਹੁਤ ਭਿਅੰਕਰ ਸੀ। ਨਫਰਤ ਦੀ ਅੱਗ ਨੇ ਇਕ ਧੀ ਨੂੰ ਕੁਝ ਹੰਝੂ ਵਹਾਉਣ ਦਾ ਵੀ ਮੌਕਾ ਨਾ ਦਿੱਤਾ।
ਜਥਿਆਂ ਦੇ ਜਥੇ ਅਟਾਰੀ ਬਾਰਡਰ ਤੇ ਵਾਘਾ ਬਾਰਡਰ ਰਾਹੀਂ ਚੜ੍ਹਦੇ ਪੰਜਾਬ ਵਾਲੇ ਪਾਸੇ ਚਾਲੇ ਪਾਉਂਦੇ ਰਹੇ। ਸਭ ਕੁਝ ਬਰਬਾਦ ਹੋ ਚੁੱਕਾ ਸੀ। ਸਾਰੀ ਜ਼ਿੰਦਗੀ ਦੀ ਕਮਾਈ ਲੁੱਟ ਪੁੱਟ ਗਈ। ਨੂਰਾਂ ਲਈ ਇਹ ਦਰਦ ਅਸਹਿ ਸੀ। ਛੋਟੀ ਜਿਹੀ ਸੀ, ਜਦ ਸਬੀਨਾ ਬੇਗਮ ਨੂਰਾ ਦੀ ਮਾਂ ਨੂਰਾਂ ਨੂੰ ਮੁਹੰਮਦ ਖ਼ਾਨ ਦੀ ਝੋਲੀ ਪਾ ਕਿਧਰੇ ਹੋਰ ਚਲੀ ਗਈ।ਮੁਹੰਮਦ ਖਾਨ ਨੇ ਮੁੜ ਦੂਜਾ ਵਿਆਹ ਨਾ ਕਰਵਾਇਆ।ਆਪਣੀ ਧੀ ਦਾ ਪਾਲਣ-ਪੋਸ਼ਣ ਖ਼ੁਦ ਹੀ ਕੀਤਾ।
ਨੂਰਾਂ ਵੀ ਜਾਣਦੀ ਸੀ ਕਿ ਅੱਬੂ ਜਾਨ ਦੇ ਬਾਅਦ ਇਥੇ ਮੇਰਾ ਕੋਈ ਵੀ ਨਹੀਂ।
ਤੇ ਆਖਰ ਲਹਿੰਦੇ ਪੰਜਾਬ ਦੀ ਨੂਰਾਂ ਚੜ੍ਹਦੇ ਪੰਜਾਬ ਦੀ ਸਰਦਾਰਨੀ ਜੰਗੀਰ ਕੌਰ ਬਣ ਗਈ।
ਨਰੰਜਣ ਸਿੰਘ ਨੇ ਦਿਨ ਰਾਤ ਮਿਹਨਤ ਕਰ ਫਿਰ ਤੋਂ ਕਾਰੋਬਾਰ ਖੜ੍ਹਾ ਕਰ ਲਿਆ। ਪਾਲੇ ਅਤੇ ਨੂਰਾਂ ਦੇ ਰਿਸ਼ਤੇ ਤੋਂ ਨਰੰਜਨ ਸਿੰਘ ਨੂੰ ਕੋਈ ਇਤਰਾਜ਼ ਨਹੀਂ ਸੀ। ਖੁਸ਼ੀ-ਖੁਸ਼ੀ ਨਿਰੰਜਨ ਸਿੰਘ ਨੇ ਦੋਨਾਂ ਦਾ ਵਿਆਹ ਕਰ ਦਿੱਤਾ। ਪਾਲਾ ਜਿਵੇਂ ਜਿਵੇਂ ਜਵਾਨ ਹੁੰਦਾ ਗਿਆ ।ਪਿੰਡ ਦੇ ਹੋਰ ਸਾਂਝੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ। ਹਰ ਇੱਕ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦਾ।
ਘਰ ਦੇ ਵਿਹੜੇ ਵਿਚ ਕਲਾਕਾਰੀਆਂ ਗੂੰਜਣ ਲੱਗੀਆ। ਕਈ ਸਾਲ ਤਕ ਪਾਲ਼ੇ ਨੂੰ ਪਿੰਡ ਵਾਲਿਆਂ ਨੇ ਆਪਸੀ ਸਹਿਮਤੀ ਨਾਲ ਸਰਪੰਚ ਚੁਣਿਆਂ।
ਪਰ ਅਫਸੋਸ ਕਿਸੇ ਨਾ ਮੁਰਾਦ ਬੀਮਾਰੀ ਕਾਰਨ ਪਾਲਾ ਚੱਲ ਵਸਿਆ। ਦੁੱਖ ਦੀ ਇਸ ਘੜੀ ਵਿਚ ਪਰਿਵਾਰ ਲਈ ਸੰਭਲਣਾ ਬੇਹੱਦ ਔਖਾ ਸੀ, ਪਰ ਸਾਰੇ ਪਿੰਡ ਨੇ ਸਾਥ ਦਿੱਤਾ। ਸਮਾਂ ਚੱਲਦਾ ਗਿਆ ਤੇ ਹੁਣ ਪਾਲੇ ਦਾ ਪੁੱਤ ਵੀ ਜਵਾਨ ਹੋ ਗਿਆ। ਪਾਲੇ ਦੇ ਜਾਣ ਤੋਂ ਬਾਅਦ ਸਰਦਾਰਨੀ ਜਗੀਰ ਕੌਰ ਨੇ ਵੀ ਲੋਕਾਂ ਦੀ ਹਰ ਔਖੇ ਸੌਖੇ ਵੇਲੇ ਮਦਦ ਕੀਤੀ। ਕਦੇ ਕਿਸੇ ਗਰੀਬ ਗੁਰਬੇ ਨਾਲ ਧੱਕਾ ਨਹੀਂ ਸੀ ਹੋਣ ਦਿੱਤਾ ,ਤੇ ਕਦੇ ਕਿਸੇ ਤਕੜੇ ਦਾ ਰੋਹਬ ਨਹੀਂ ਸੀ ਚਲਣ ਦਿੱਤਾ।
ਸਮਾਂ ਆਪਣੀ ਚਾਲੇ ਚਾਲ ਚਲਦਾ ਗਿਆ।
ਪਿੰਡ ਦੇ ਵੱਡੇ ਦਰਵਾਜੇ ਲੋਕਾਂ ਦਾ ਇਕੱਠ ਵਧ ਗਿਆ। ਕੰਧ ਤੇ ਲੱਗੀ ਪਾਲੇ ਦੀ ਤਸਵੀਰ ਨੂੰ ਪਾਲੇ ਦੀ ਨੂਰਾਂ ਟਿਕਟਿਕੀ ਲਗਾ ਤੱਕ ਰਹੀ ਸੀ। ਸ਼ਾਇਦ ਅੱਜ ਚੜਦੇ ਪੰਜਾਬ ਦੀ ਜਗੀਰ ਕੌਰ ਤੇ ਲਹਿੰਦੇ ਪੰਜਾਬ ਦੀ ਨੂਰਾਂ ਆਪਣੀ ਜ਼ਿੰਦਗੀ ਦੇ ਅੱਸੀ ਵਰੇ ਬਤੀਤ ਕਰ,ਅੱਜ ਅੰਤਮ ਸਾਹਾਂ ਤੇ ਸੀ। ਇਸ਼ਾਰੇ ਨਾਲ ਪੁੱਤ ਨੂੰ ਕੋਲ ਬੁਲਾਇਆ ਤੇ ਜਿਵੇਂ ਕੋਈ ਆਪਣੀ ਅੰਤਮ ਇੱਛਾ ਆਖ ਨੂਰਾ ਇਸ ਜਹਾਨੋਂ ਰੁਖਸਤ ਹੋ ਗਈ।
ਜਿਵੇ ਜਿਵੇ ਪਤਾ ਲੱਗਦਾ ਗਿਆ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਫ਼ੈਲ ਗਈ।
ਜਦ ਨੂਰਾਂ ਦੀ ਆਖਰੀ ਇੱਛਾ ਪਿੰਡ ਦੇ ਲੋਕਾਂ ਸਾਹਮਣੇ ਰੱਖੀ ਤਾਂ ਸਭ ਦੋਚਿੱਤੀ ਵਿਚ ਪੈ ਗਏ। ਹੁਣ ਤੱਕ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਸਰਦਾਰਨੀ ਜੰਗੀਰ ਕੌਰ, ਮੁਸਲਮਾਨਾਂ ਦੀ ਧੀ ਨੂਰਾਂ ਹੈ।
ਆਏ ਭਲਾਂ ਕਿਵੇਂ ਹੋਜੂ ,ਇਹ ਤਾਂ ਸਾਡੇ ਧਰਮ ਦੇ ਖਿਲਾਫ ਗੱਲ ਹੋ ਗਈ। ਸਾਡੇ ਆਪਣੇ ਰਸਮੋ-ਰਿਵਾਜ਼ ਨੇ ਜੰਨਤ ਵਿਚ ਜਗ੍ਹਾ ਨਸੀਬ ਨਹੀਂ ਹੋਣੀ ਇਸ ਰੂਹ ਨੂੰ
ਅੱਲਾ ਅੱਲਾ ,ਆਖ ਅਕਬਰ ਹੁਸੈਨ ਨੇ ਦੋਨੋਂ ਹੱਥ ਮੂੰਹ ਤੇ ਫੇਰ ਆਖਿਆ।
ਫੇਰ ਤਾਂ ਇਹ ਸਾਡੇ ਧਰਮ ਦੇ ਵੀ ਖਿਲਾਫ ਹੈ। ਭੀੜ ਵਿਚੋਂ ਬਲਦੇਵ ਸਿੰਘ ਥੋੜਾ ਤਲਖੀ ਜਿਹੀ ਨਾਲ ਬੋਲਿਆ। ਚਾਰੇ ਪਾਸੇ ਚੁੱਪ ਜਿਹੀ ਪਸਰ ਗਈ।
ਉਏ ਕਿਹੜੇ ਧਰਮ ਦੀ ਗੱਲ ਕਰਦੇ ਹੋ ਤੁਸੀਂ। ਉਸ ਧਰਮ ਦੀ, ਜਿਸ ਨੇ ਇਸ ਮਿੱਟੀ ਹੋਈ ਧੀ ਨੂੰ, ਨਾ ਲਹਿੰਦੇ ਪੰਜਾਬ ਦੀ ਹੋਣ ਦਿੱਤਾ ਤੇ ਨਾ ਚੜ੍ਹਦੇ ਪੰਜਾਬ ਦੀ।
ਭੀੜ ਨੂੰ ਚੀਰਦਾ ਬਾਬਾ ਮੇਜਰ ਸਿੰਘ ਖੂੰਡੇ ਦੇ ਸਹਾਰੇ ਸਭ ਤੋਂ ਅੱਗੇ ਆ ਖਲੋਤਾ। ਉਏ ਪਿੰਡ ਵਾਲਿਓ ਥੋਨੂੰ ਸਭ ਪਤਾ, ਇਸ ਧੀ ਨੇ ਕਦੇ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਕੀਤਾ। ਉਹ ਚਾਹੇ ਕੋਈ ਮੁਸਲਮਾਨ, ਸਿੱਖ ਜਾਂ ਹੋਰ ਕਿਸੇ ਵੀ ਧਰਮ ਦਾ ਹੋਵੇ, ਹਰ ਇੱਕ ਦੀ ਮੱਦਦ ਖਿੜੇ-ਮੱਥੇ ਕੀਤੀ ਏ। ਅਜਿਹਾ ਕਿਹੜਾ ਧਰਮ ਹੈ। ਜੋ ਮਰਿਆ ਨਾਲ ਵੀ ਵਿਤਕਰਾ ਕਰਨਾ ਸਿਖਾਉਂਦਾ ਹੈ। ਸਭ ਚੁੱਪ ਸੀ, ਅਚਾਨਕ ਭੀੜ ਦੇ ਇਕ ਪਾਸਿਓਂ ਆਵਾਜ ਆਈ, ਸਰਦਾਰਨੀ ਜਾਗੀਰ ਕੌਰ ਅਮਰ ਰਹੇ ਅਮਰ ਰਹੇ।
ਤੇ ਫੇਰ ਦੂਜੇ ਪਾਸਿਓਂ ਵੀ ਅਵਾਜ਼ ਆਈ, ਨੂਰਾਂ ਅਮਰ ਰਹੇ ਅਮਰ ਰਹੇ। ਓਸ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਧੀ ਦੀ ਆਖਰੀ ਇੱਛਾ ਪੂਰੀ ਕਰਨ ਲਈ ਅਰਥੀ ਸਜਾਈ ਗਈ। ਲੋਕਾਂ ਨੇ ਆਪ ਮੁਹਾਰੇ ਹੀ ਅਰਥੀ ਦੇ ਮਗਰ ਸ਼ਮਸ਼ਾਨਘਾਟ ਵੱਲ ਵਹੀਰਾਂ ਘਤ ਲਈਆਂ। ਸ਼ਮਸ਼ਾਨ ਘਾਟ ਪਹੁੰਚੇ ਜਿੱਥੇ ਪਾਲੇ ਦਾ ਅੰਤਿਮ ਸੰਸਕਾਰ ਕੀਤਾ ਸੀ। ਉਸ ਦੇ ਬਿਲਕੁਲ ਕੋਲ ਕਬਰ ਪੁੱਟ ਲਈ ਗਈ।
ਇਕ ਪਾਸੇ ਨੂਰਾਂ ਲਈ ਨਮਾਜ਼ ਪੜ੍ਹੀ ਗਈ ਤੇ ਦੂਜੇ ਪਾਸੇ ਸਰਦਾਰਨੀ ਜੰਗੀਰ ਕੌਰ ਲਈ ਅੰਤਿਮ ਅਰਦਾਸ ਹੋਈ। ਅਕਸਰ ਪਾਲੇ ਦੇ ਜਾਣ ਤੋਂ ਬਾਅਦ ਨੂਰਾਂ ਆਪਣੇ ਪੁੱਤ ਨੂੰ ਦੱਸਦੀ ਕਿ ਪਾਲਾ ਇਸ ਗੱਲੋਂ ਉਦਾਸ ਹੋ ਜਾਂਦਾ ਸੀ ਕਿ ਥੋਡੇ ਕਬਰਸਤਾਨ ਤਾਂ ਸਾਡੇ ਸ਼ਮਸ਼ਾਨ ਘਾਟ ਤੋਂ ਦੂਰ ਨੇ,ਆਪਾ ਮਰਨ ਤੋਂ ਬਾਅਦ ਤਾਂ ਕਦੇ ਇਕੱਠੇ ਨਹੀਂ ਹੋ ਸਕਦੇ। ਪਰ ਅੱਜ ਇਸ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ
ਧੀ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ। ਦੋ ਮੁਲਕਾਂ ਨੂੰ ਨਾ ਸਹੀ, ਪਰ ਦੋ ਧਰਮਾਂ ਨੂੰ ਇਕੋ ਥਾਂ ਲਿਆਂ ਖੜੇ ਕਰ ਦਿੱਤਾ। ਦੋ ਰੂਹਾਂ ਦਾ ਮਿਲਾਪ ਹੋ ਚੁੱਕਾ ਸੀ। ਨਾਹਰੇ ਹੋਰ ਬੁਲੰਦ ਹੋ ਗਏ। ਜੰਗੀਰ ਕੌਰ ਅਮਰ ਰਹੇ,
ਨੂਰਾਂ ਅਮਰ ਰਹੇ।
ਕੁਲਵੰਤ ਘੋਲੀਆ
95172-90006