ਅੱਜ ਮੈਂ ਸਵੇਰੇ ਹਰ ਰੋਜ਼ ਦੀ ਤਰ੍ਹਾਂ ਹੀ ਸਾਜਰੇ ਉੱਠਿਆ ਤੇ ਡੰਗਰ ਪਸ਼ੂ ਦਾ ਕੰਮ ਕਰਕੇ ਤਕਰੀਬਨ ੭ ਕੁ ਵਜੇ ਬਾਹਰ ਵੇਹੜੇ ਚ ਡੇਕ ਦੀ ਛਾਂਵੇੰ ਮੰਜਾ ਡਾਹਕੇ ਸਰਦਾਰਨੀੰ ਨੂੰ ਚਾਹ ਲਈ ਹਾਕ ਮਾਰੀ। ਜਦੋਂ ਮੇਰੀ ਦੂਜੀ ਹਾਕ ਵੀ ਨਾ ਸੁਣੀ ਤਾਂ ਮੈਂ ਮੰਜੇ ਤੋੰ ਉੱਠਕੇ ਥੋੜ੍ਹਾ ਕਮਰੇ ਵੱਲ ਨੂੰ ਹੋਇਆ ਤਾਂ ਸਾਫ ਤਾਂ ਨਹੀਂ ਸੁਣੀ ਪਰ ਅੰਦਰ ਮਾਂ-ਪੁੱਤ ਚ ਕਿਸੇ ਗੱਲ ਤੇ ਸੁਰਬਲ-ਸੁਰਬਲ ਹੋ ਰਹੀ ਸੀ। ਜਦੋਂ ਮੈਂ ਅੰਦਰ ਵੜਿਆ ਤਾਂ ਦੋਵੇੰ ਚੁੱਪ ਹੋ ਗਏ ਤੇ ਕਮਰੇ ਵਿੱਚੋਂ ਬਾਹਰ ਨਿਕਲ ਗਏ।ਮੈਂ ਗੱਲ ਜੀ ਗੌਲੀ ਨਾ ਤੇ ਚਾਹ ਪੀਕੇ ਵੱਛਾ ਜੋੜਿਆ ਰੇਹੜੇ ਮੂਹਰੇ ਤੇ ਦਾਤੀ ਪੱਲੀ ਧਰਕੇ ਹਰਾ ਵੱਢਣ ਲਈ ਖੇਤ ਵੱਲ ਨੂੰ ਤੁਰ ਪਿਆ ਬਿਨ੍ਹਾਂ ਕਿਸੇ ਆਉਣ ਵਾਲੇ ਤੂਫਾਨ ਤੋਂ ਅਣਜਾਣ।
ਖੇਤ ਜਾਕੇ ਬਰਸੀਨ ਦੇ ਇੱਕ ਕਿਆਰੇ ਨੂੰ ਪਾਣੀ ਲਾਕੇ ਦੂਜੇ ਕਿਆਰੇ ਚੋੰ ਬਰਸੀਨ ਵੱਢ ਲਿਆ ਤੇ ਬਾਅਦ ਚ ਦੂਜੇ ਕਿਆਰੇ ਨੂੰ ਵੀ ਪਾਣੀ ਲਾ ਦਿੱਤਾ। ਐਨੇ ਜਿੰਨਾ ਚਿਰ ਚ ਕਿਆਰਾ ਭਰਦਾ ਓਨਾ ਚਿਰ ਮੈੰ ਕੱਲ੍ਹ ਬਾਕੀ ਰਹਿੰਦੀ ਵੱਟ ਤੋੰ ਕੱਖ ਖੁਰਚਣ ਲੱਗ ਗਿਆ।੨ ਕੁ ਘੰਟਿਆਂ ਚ ਮੈੰ ੨ ਵੱਟਾਂ ਨੂੰ ਸ਼ੀਸ਼ੇ ਵਾਂਗ ਚਮਕਾ ਦਿੱਤਾ। ਏਨੇ ਨੂੰ ਬਰਸੀਨ ਦੇ ਕਿਆਰੇ ਭਰ ਗਏ ਤੇ ਮੈਂ ਨੱਕਾ ਮੱਕੀ ਵੱਲ ਨੂੰ ਮੋੜ ਦਿੱਤਾ। ਦੁਪਹਿਰੇ ਦਾ ੧ ਵੱਜ ਗਿਆ। ਮੈਂ ਸੋਚਿਆ ਕਿ ਵੱਛਾ ਤੇ ਰੇਹੜਾ ਘਰ ਛੱਡ ਆਉਨਾ ਨਾਲੇ ਰੋਟੀ ਪਾਣੀ ਖਾ ਆਊੰ ਏਨੇ ਨੂੰ ਮੱਕੀ ਚ ਪਾਣੀ ਫਿਰ ਜਾਊ।
ਜਦੋਂ ਮੈਂ ਘਰ ਆਇਆ ਤਾਂ ਮੇਰੀਆਂ ਅੱਖਾਂ ਮੂਹਰੇ ਫੇਰ ਓਹੀ ਸਵੇਰ ਆਲਾ ਸੀਨ। ਮੈਂ ਸਰਦਾਰਨੀ ਨੂੰ ਕੋਲ ਬੁਲਾਕੇ ਗੱਲ ਪੁੱਛੀ ਤਾਂ ਓਹ ਮੈਨੂੰ ਕਹਿਣ ਲੱਗੀ ਜੀ!ਏਹ ਤਾਂ ਕਮਲਾ। ਤੁਸੀਂ ਅਪਣਾ ਚਾਹ ਪਾਣੀ ਪੀਓ। ਮੈਂ ਬੁੱਜ ਜਿਹੇ ਨੇ ਫੇਰ ਨਾ ਗੱਲ ਗੌਲੀ ਤੇ ਰੋਟੀ ਖਾਕੇ ਚੱਕਿਆ ਸੈੰਕਲ ਤੇ ਫੇਰ ਖੇਤ ਵੱਲ ਨੂੰ ਤੁਰ ਪਿਆ।
ਰਾਹ ਚ ਜਾਂਦੇ ਜਾਂਦੇ ਮੈਂ ਦੇਖਿਆ ਕਿ ਚੱਕੀ ਆਲੇ ਮੋੜ੍ਹ ਤੇ ਬਾਹਰਲੇ ਸਰਦਾਰਾਂ ਦਾ ਮੁੰਡਾ ਤੇ ੨-੩ ਹੋਰ ਮੁੰਡੇ ਮੋਬਾਇਲ ਚ ਕੁੱਝ ਦੇਖ ਰਹੇ ਸੀ। ਮੈੰ ਸੈਕਲ ਕੋਲ ਜਾਕੇ ਰੋਕਿਆਂ ਤੇ ਪੁੱਛਿਆ”ਕੀ ਆ ਮਿੱਠੂ ਓਏ?ਜਿਹੜਾ ਏਨੇ ਗ਼ੌਰ ਨਾਲ ਦੇਖ ਰਹੇ ਓ! ਤਾਂ ਕਾਲੇ ਫ਼ੌਜੀ ਦਾ ਮੁੰਡਾ ਬੋਲਿਆ”ਚਾਚਾ!ਐਪਲ ਆਲਿਆ ਨੇ ਨਵਾਂ ਫੋਨ ਲੌੰਚ ਕਰਤਾ 14ਵਾਂ। ਰੇਟ ਆ ਪੂਰਾ ਲੱਖ ਰਪਇਆ। ਬੱਸ ਫੇਰ ਕੀ,ਮੇਰੇ ਦਿਮਾਗ ਨੇ ਭੋਰਾ ਵੀ ਸਮਾਂ ਨਾ ਲਾਇਆ ਗੱਲ ਫੜਨ ਨੂੰ ਕਿ ਤੜਕੇ ਦੀ ਘਰੇ ਮਾਂ-ਪੁੱਤ ਚ ਜੋ ਖਿਚੜੀ ਪੱਕ ਰਹੀ ਆ ਓਹ ਏਹੀ ਆ ਮੇਰੇ ਗਲ ਗੂਠਾ ਦੇਣ ਦੀ।
ਫੇਰ ਸੋਚਿਆ ਕਿ ਖੇਤ ਤਾਂ ਬਾਅਦ ਚ ਜਾਊੰ ਪਹਿਲਾਂ ਜਾਕੇ ਮਾ-ਪੁੱਤ ਦੀ ਖ਼ਬਰ ਲਵਾਂ। ਜਾਕੇ ਮੈਂ ਸੈਕਲ ਡੇਕ ਹੇਠਾਂ ਖੜਾ ਕੀਤਾ ਤੇ ਸਿੱਧਾ ਕਮਰੇ ਚ। ਤੇ ਕਮਰੇ ਚ ਫੇਰ ਓਹੀ ਗੱਲਾਂ ਤੇ ਮੈਂ ਜਾਣ ਸਾਰ ਪੂਰੇ ਰੋਅਬ ਚ ਕਿਹਾ”ਮੈਨੂੰ ਲੱਗ ਗਿਆ ਪਤਾ ਏਹ ਲਾਡਸਾਬ੍ਹ ਕੀ ਭਾਲਦੇ ਨੇ।ਤਾਂ ਸਰਦਾਰਨੀ ਮੁੰਡੇ ਦਾ ਪੱਖ ਲੈਕੇ ਕਹਿਣ ਲੱਗੀ ਕੀ ਗੱਲ ਆ ਜੀ,ਦਵਾ ਦਿਓ ਹੁਣ ਸੁੱਖ ਨਾਲ ਮੁੰਡਾ ਕਾਲਜ ਚ ਪੜਨ ਜਾਇਆ ਕਰੂ। ਓਥੇ ਟੌਹਰ ਬਣੂ ਅਪਣੇ ਪੁੱਤ ਦੀ। ਪੁੱਤ ਨੂੰ ਪਰਾਂ ਕਰਕੇ ਮੈੰ ਪਹਿਲਾਂ ਓਹਦੀ ਗੁੱਤ ਫੜੀ ਤੇ ਕਿਹਾ ਕਿ ਕਿਉੰ ਮੇਰੇ ਗਲ ਚ ਸਾਫ਼ਾ ਪਵਾਉਣ ਨੂੰ ਫਿਰਦੀ ਏ। ਜਿੰਨੇ ਦਾ ਏਹ ਫੋਨ ਭਾਲਦਾ ਓਨੇ ਚ ਫੋਰਡ ਟਰੈਕਟਰ ਲੈ ਆਊੰ ਮੈਂ ਨਾਲੇ ਕਮਾਕੇ ਦਊ। ਫੋਨ ਨੇ ਕੀ ਦੇਣਾ ਆਪਾਂ ਨੂੰ? ਜੇ ਅੱਜ ਤੋੰ ਬਾਅਦ ਏਸ ਘਰ ਚ ਮੈੰ ਏਸ ਵਿਸ਼ੇ ਤੇ ਕੋਈ ਗੱਲ ਸੁਣ ਲਈ ਤਾਂ ਜਿਹੜਾ ਹੈਗਾ ਏਹਦੇ ਕੋਲ ਓਹ ਵੀ ਭੰਨ ਦੇਣਾ ਮੈਂ। ਸਾਲੇ ਹੋਏ ਨੇ ਐਪਲ ਦੇ। ਏਥੇ ਸਾਲਾ ਖਾਣ ਨੂੰ ਸਾਲ ਛੇ ਮਹੀਨਿਆਂ ਬਾਅਦ ਲਿਆਉਂਦੇ ਆ ਤੇ ਏਹਨੂੰ ਲੱਖ ਆਲਾ ਫੋਨ ਚਾਹੀਦਾ ਐਪਲ ਦਾ ਵੱਡੇ ਘੁੱਕਰ ਨੂੰ। ਬੇਸ ਫੇਰ ਦੋਹੇ ਮਾਂ ਪੁੱਤ ਸੁਸਰੀ ਵਾਂਗ ਬਹਿਗੇ ਤੇ ਆਪਾਂ ਚੱਕਿਆ ਸੈੰਕਲ ਖੇਤ ਵੱਲ ਨੂੰ ਤੁਰ ਪਏ ਬੁੜ-ਬੁੜ ਕਰਦੇ। 🙏🏻🙏🏻🙏🏻