ਸਵੇਰੇ ਚਾਰ ਵਜੇ ਓਠਣਾ ਮੇਰਾ ਨਿੱਤ ਦਾ ਕਰਮ ਸੀ ਕਿਓਕਿ ਬਚਪਨ ਵਿੱਚ ਹੀ ਸਵਖਤੇ ਓਠਣ ਦੀ ਆਦਤ ਜੋ ਪੈ ਗਈ ਸੀ, ਓਹਨਾ ਵੇਲਿਆ ‘ਚ ਬਾਬੇ-ਦਾਦੇ ਹੁਣੀ ਸਾਨੂੰ ਸੱਤ ਭੈਣ-ਭਰਾਵਾਂ ਨੂੰ ਅਮ੍ਰਿੰਤ ਵੇਲੇ ਓਠਾ ਲੈਦੇ ਸੀ ਤਾ ਜੋ ਅਸੀ ਵੀ ਉਹਨਾ ਨੂੰ ਸਹਾਰਾ ਦੇ ਸਕੀਏ….ਜਮੀਨ ਥੋੜੀ ਸੀ ਤੇ ਕਬੀਲਦਾਰੀ ਭਾਰੀ, ਤੰਗੀਆ-ਤੁਰਸ਼ੀਆ ‘ਚ ਵਖ਼ਤ ਕੱਟਿਆ ਪਰ ਹਰ ਵੇਲੇ ਬਾਬੇ-ਦਾਦਿਆਂ ਨੂੰ ਸ਼ੁਕਰਾਨੇ ਕਰਦਿਆ ਤੇ ਹੱਸਦੇ ਤੱਕਿਆ ਸੋ ਵੰਡ ਕੇ ਖਾਣਾ ਤੇ ਹੱਥੀ ਕਿਰਤ ਕਰਨ ਦਾ ਮਹੱਤਵ ਛੋਟੇ ਹੁੰਦਿਆ ਸਮਝ ਆ ਗਿਆ ਸੀ, ਕਹਿੰਦੇ ਹੁੰਦੇ ਆ ਨਾ ਕਿ ਵਖਤ ਬਦਲਦਿਆਂ ਦੇਰ ਨੀ ਲੱਗਦੀ …ਕੱਚਿਆਂ ਘਰਾਂ ਤੋ ਅਸੀ ਪੱਕਿਆ ਵਾਲਿਆਂ ਦੇ ਵਿਆਹੀਆਂ ਗਈਆਂ, ਦੱਬ ਕੇ ਕੰਮ ਕੀਤਾ, ਸੱਸ ਤੇ ਨਣਦਾਂ ਦੇ ਬੋਲ-ਕਬੋਲ ਸਹੇ ਪਰ ਪੇਕੇ ਘਰ ਹੱਸ ਕੇ ਜਾਈਦਾ ਸੀ ਤਾ ਜੋ ਬੇਬੇ ਹੁਣੀ ਫ਼ਿਕਰ ਨਾ ਕਰਨ ਤੇ ਆਪਦੇ ਕੰਮ ਦੇ ਸਹਾਰੇ ਤਕੜੇ ਘਰਾਂ ਦੇ ਵੱਡ-ਵਡੇਰਿਆ ਦਾ ਮਨ ਖੁਸ਼ ਕੀਤਾ ਤੇ ਓਹਨਾ ਦੇ ਦਿਲਾ ‘ਚ ਵਸੀਆਂ।
ਸਮਾਂ ਫੇਰ ਬਦਲਿਆ…ਆਪਦੇ ਹੱਥ ਮੁਖਤਿਆਰੀ ਆਈ, ਹੱਸਦਾ ਚਿਹਰਾ ਕਦੇ ਨਾ ਮੁਰਝਾਇਆ …ਇੱਟ-ਬਾਲਿਆਂ ਤੋ ਕੋਠੀ ਬਣ ਗਈ, ਪੁੱਤ ਵੱਡੇ ਹੋਏ…ਨੂੰਹਾਂ ਆ ਗਈਆ..ਸਾਡੇ ਦੋਹਾਂ ਦਾ ਨਿਤਕਰਮ ਓਹੀ ਰਿਹਾ….ਘਰ ਟੀਵੀ ਆਇਆ, ਪਹਿਲੋ-ਪਹਿਲ ਅਜੀਬ ਲੱਗਿਆ ਇਓ ਜਾਪਦਾ ਨਿਰਾ ਸੱਚ ਦਿਖਾਓਦੇ, ਹੌਲੀ-ਹੌਲੀ ਸਮਝ ਆਈ ਕਿ ਝੂਠ ਉਪਰ ਸੱਚ ਦੀ ਪਰਤ ਚੜੀ ਆ, ਦੋਨੇ ਨੂੰਹਾ ਬਹੁਤ ਸਿਆਣੀਆ ਸਨ ….ਹੱਥੀ ਕਿਰਤ ਕਰਨ ਵਾਲੀਆ, ਇਓ ਜਾਪਦਾ ਚੰਗੇ ਕਰਮ ਕੀਤੇ ਸਨ ਕੋਈ ਪਿਛਲੇਰੀ ਜੂਨੀ ‘ਚ ਜਾ ਫਿਰ ਹੁਣ ਦਾ ਕੀਤਾ ਮਿਲਿਆ।
ਸਮਾ ਫੇਰ ਬਦਲਿਆ, ਪੋਤਨੂੰਹਾਂ ਆ ਗਈਆ….ਇਓ ਲੱਗਦਾ ਇਹ ਪੀੜੀ ਨਾ ਤਾਂ ਰੁੱਸੇ ਨੂੰ ਮਨਾਓਦੀ ਏ ਤੇ ਨਾ ਪਾਟੇ ਨੂੰ ਸਿਓਦੀ ਆ..ਹੱਥਾਂ ਚ ਹਰ ਵੇਲੇ ਫੌਨ….ਘਰਾਂ ਚ ਨੌਕਰਾਣੀਆ ਲੱਗ ਗਈਆ ਅਖੇ ਜੀ ਬਜੁਰਗਾਂ ਨੂੰ ਸਾਂਭਣਾ ਔਖਾ…ਹੁਣ ਉਹ ਘਰ ਪਹਿਲਾਂ ਵਾਲਾ ਘਰ ਨਾ ਲੱਗਦਾ, ਹਰੇਕ ਮੈਬਰ ਭੱਜ ਰਿਹਾ ਹੁੰਦਾ,ਦੋਨੇ ਪੋਤੇ ਤੇ ਉਹਨਾਂ ਦੋਹਾਂ ਦੀਆ ਨਾਲਦੀਆਂ ਡਿਊਟੀ ਜਾਦੀਆ…ਤੜਕੇ ਨਿਕਲ ਜਾਦੇ ਚਾਰੋ ਤੇ ਸ਼ਾਮੀ ਆਓਦੇ , ਕੋਈ ਕਿਸੇ ਨਾਲ ਗੱਲ ਨਾ ਕਰਦਾ, ਦੋਹਾਂ ਪੋਤਿਆ ਦੇ ਇੱਕ-ਇੱਕ ਔਲਾਦ ਹੋਈ …ਬੜਾ ਸਮਝਾਇਆ ਕਿ ਦੋ ਬੱਚੇ ਹੋਣ ਤਾਂ ਜੋ ਸ਼ਹਿਣਸ਼ੀਲਤਾ ਤੇ ਠਰ੍ਹੰਮਾ ਆਪਣਾ ਆਪ ਬੱਚੇ ਵਿੱਚ ਭਰ ਜਾਦਾ ਪਰ ਬਜ਼ੁਰਗਾ ਦੀ ਕੌਣ ਸੁਣਦਾ ???
ਹੁਣ ਜੋ ਬਦਲਿਆਂ ਉਹ ਮੇਰੇ ਤੋਂ ਸਹਾਰ ਨਾ ਹੋਇਆ, ਇੱਕ ਪੜਪੋਤਾ ਆਈਲੈਟਸ ਕਰਕੇ ਕਨੇਡੇ ਵੱਗ ਗਿਆ ਤੇ ਦੂਜੇ ਨੂੰ ਬਹੂ ਹੀ ਬੈਡਾਂ ਆਲੀ ਲੱਭੀ। ਦੋਹਾਂ ਨੂੰ ਤੋਰਦਿਆਂ ਨੂੰ ਮੇਰੇ ਤਾ ਜਾਣੀ ਢਿੱਡ ਚੋ ਹੂਕ ਜਿਹੀ ਨਿਕਲੀ ਵੀ ਬਾਬੇ-ਦਾਦੇ ਦੀਆਂ ਬਣਾਈਆ ਜਮੀਨਾ ਜਾਇਦਾਤਾਂ ਨੂੰ ਛੱਡ ਬੇਗਾਨੀ ਧਰਤੀ ਤੇ ਵਸੇਬਾ ਕਿੰਨਾ ਔਖਾ ਹੋਊ, ਜਿਨ੍ਹਾਂ ਨੇ ਘਰ ਪਾਣੀ ਦਾ ਗਿਲਾਸ ਨਾ ਆਪ ਚੱਕਿਆ ਹੋਊ ਉਹ ਕਿੱਥੇ ਕੰਮ ਕਰ ਲਊ। ਇਹ ਨਵੀਂ ਪਨੀਰੀ ਜੋ ਤੜਕੇ ਵਾਹਿਗੁਰੂ ਕਹਿਣ ਦੀ ਬਜਾਏ ਫੌਨ ਚੱਕ ” ਹੈਲੋ ਗਾਈਜ਼ ” ਕਹਿੰਦੀ ਏ , ਓਹਨੂੰ ਧੰਦਾ ਕਰਨਾ ਬੜਾ ਔਖਾ ਏ।
ਬਸ ਇਹੀ ਦੁਆ ਏ ਕਿ ਬਾਬਾ ਹਰੇਕ ਦੀ ਧੀ-ਪੁੱਤ ਨੂੰ ਸੁਮੱਤ ਬਖਸ਼ੇ, ਬਾਣੀ ਨਾਲ ਨਿੱਕੇ ਬਾਲ ਜੁੜਨ ਤੇ ਨੋਜੁਆਨ ਪੀੜੀ ਕਿਰਤ ਨਾਲ ਜੁੜੇ ।
ਕਮਲ ਕੌਰ