ਮੇਰੇ ਬਹੁਤ ਅਜੀਜ ਤੇ ਨਜਦੀਕੀ ਪਰਿਵਾਰ ਨੇ ਕੁਝ ਦਿਨ ਪਹਿਲਾਂ ਕਨੈਡਾ ਵਿੱਚ ਲਿਕੁਅਰ ਸਟੋਰ (ਸ਼ਰਾਬ ਦੀ ਦੁਕਾਨ) ਖੋਹਲੀ ਹੈ।ਉਹ ਸਾਰਾ ਪਰਿਵਾਰ ਬਹੁਤ ਮਿਹਨਤੀ ਹੈ।ਪਰਿਵਾਰ ਤੀਹ ਪੈਂਤੀ ਵਰ੍ਹੇ ਪਹਿਲਾਂ ਕਨੈਡਾ ਵਿੱਚ ਗਿਆ ਸੀ ਤੇ ਹੱਡ ਭੰਨਵੀਂ ਮਿਹਨਤ ਨਾਲ ਆਪਣੇ ਆਪ ਨੂੰ ਕਨੈਡਾ ਵਿੱਚ ਸਥਾਪਿਤ ਕੀਤਾ ਸੀ।ਕੋਈ ਵੀ ਕਾਰੋਬਾਰ ਜਦੋਂ ਸ਼ੁਰੂ ਕੀਤਾ ਜਾਂਦਾ ਹੈ ਤਾਂ ਉਸ ਉਪਰ ਪੂੰਜੀ ਨਿਵੇਸ਼ ਜਿਆਦਾ ਕਰਨਾਂ ਪੈਂਦਾ ਹੈ ਹੌਲੀ ਹੌਲੀ ਕਾਰੋਬਾਰ ਸਥਾਪਿਤ ਹੁੰਦਾ ਹੈ।ਮੇਰੀ ਮਾਤਾ ਜੀ ਨਾਲ ਗੱਲ ਹੋਈ ਉਹਨਾਂ ਕਿਹਾ ਕਿ ਕੰਮ ਨਵਾਂ ਹੈ ਅਜੇ ਸਲੋ(ਮੱਠਾ) ਹੈ।ਮੈਂ ਮਜਾਕ ਚ ਕਿਹਾ ਕਿ “ਹੁਣ ਤਾਂ ਬਾਬੇ ਅੱਗੇ ਅਰਦਾਸ ਵੀ ਨਹੀ ਕਰ ਸਕਦੇ ਕਿ ਬਾਬਾ ਸਾਡੀ ਸ਼ਰਾਬ ਵਿਕਾਈਂ”।
ਇਸੇ ਤਰਾਂ ਹੀ ਮੇਰਾ ਇੱਕ ਸ਼ਰਮਾ ਮਿੱਤਰ ਕਨੈਡਾ ਵਿੱਚ ਬੀਫ ਦਾ ਕਾਰੋਬਾਰ ਕਰਨ ਲੱਗਾ।ਉਹ ਇਸ ਵਕਤ ਆਪਣੇ ਕਾਰੋਬਾਰ ਨੂੰ ਪੂਰਾ ਸਥਾਪਿਤ ਕਰ ਚੁੱਕਾ ਹੈ ਪੂਰਾ ਕਾਮਯਾਬ ਹੈ।ਉਹ ਹੈ ਬਹੁਤ ਹੀ ਦਿਲਦਾਰ ਬੰਦਾ।ਇਸ ਵਾਰ ਮੈਂ ਉਹਨੂੰ ਉਥੇ ਮਿਲ ਨਹੀ ਸਕਿਆ ਕਿਉਂ ਕਿ ਉਹ ਅਜਿਹੇ ਸ਼ਹਿਰ ਵਿੱਚ ਰਹਿੰਦਾ ਹੈ ਜਿੱਥੇ ਮੈਂ ਜਾਣਾ ਨਹੀ ਸੀ।ਮੇਰੇ ਵਾਪਸ ਆਉਣ ਤੇ ਉਹਨੇ ਮੈਨੂੰ ਫੋਨ ਕਰਕੇ ਬਹੁਤ ਵੱਡਾ ਰੋਸ ਕੀਤਾ।ਕਹਿੰਦਾ ਕਾਰੋਬਾਰ ਮੱਠਾ ਪੈ ਗਿਆ ਮੰਦੇ ਕਰਕੇ ਮੈਂ ਕਿਹਾ ਤੇਰੇ ਕਾਰੋਬਾਰ ਦੀ ਕੁੰਡਲੀ ਬਣਾ ਕੇ ਦੇਖੀਏ।ਉਹ ਕਹਿੰਦਾ”ਵੇਖੀੰ ਭਰਾਵਾ ਕਿਤੇ ਪੰਜਾਬ ਚ ਮੇਰਾ ਧਰਮ ਭ੍ਰਿਸ਼ਟ ਨਾਂ ਕਰ ਦੇਈਂ,ਉਥੇ ਮੈਂ ਐਥੋਂ ਦੇ ਕਾਰੋਬਾਰ ਵਿੱਚੋਂ ਕੁਝ ਹਿੱਸਾ ਦਾਨ ਦਿੰਦਾ ਹਾਂ ਮੇਰੇ ਵਰਗਾ ਧਰਮੀ ਬੰਦਾ ਓਹਨਾਂ ਨੂੰ ਲੱਭਣਾ ਨਹੀ”।ਮੈਂ ਕਿਹਾ”ਸਦਕੇ ਜਾਈਏ ਤੇਰੀ ਧਾਰਮਿਕ ਬਿਰਤੀ ਦੇ”।
ਇੱਕ ਪ੍ਰਚਾਰਕ ਧਾਰਮਿਕ ਸਥਾਨ ਤੋਂ ਪ੍ਰਚਾਰ ਕਰ ਰਿਹਾ ਸੀ।ਉਸ ਨੇ ਮਾਇਆ ਧਨ ਸੰਪੱਤੀ ਦਾ ਰਟਿਆ ਰਟਾਇਆ ਵਿਸ਼ਾ ਚੁਣਿਆ ਸੀ।ਉਹ ਵਾਰ ਵਾਰ ਕਹੇ ਇਹ ਮਾਇਆ ਸਾਰੀਆਂ ਬਿਮਾਰੀਆਂ ਦੀ ਜੜ ਹੈ,ਇਸ ਨਾਲ ਹੰਕਾਰ ਆਂਉਦਾ ਹੈ,ਮਹਿਲ ਮਾੜੀਆਂ ਧਨ ਨਾਲ ਨਹੀ ਜਾਣਾ ਇਹ ਬਹੁਤ ਭੈੜੀ ਚੀਜ ਹੈ ਆਦਿਕ।ਉਸ ਦੇ ਨੇੜੇ ਉਸ ਦੇ ਪ੍ਰਚਾਰ ਤੋਂ ਖੁਸ਼ ਹੋ ਕੇ ਪੈਸੇ ਦੇਣ ਵਾਲਿਆਂ ਨੇ ਨੋਟਾਂ ਦਾ ਢੇਰ ਲਾ ਦਿੱਤਾ ਸੀ।ਇੱਕ ਬੰਦਾ ਅੱਕ ਕੇ ਉੱਠ ਖੜਾ ਹੋਇਆ ਕਹਿੰਦਾ”ਬਾਬਾ ਜੀ ਐਂਵੇ ਤੁਸੀਂ ਮੁਸੀਬਤ ਦਾ ਢੇਰ ਲਾਇਆ ਮੈਨੂੰ ਫੜਾਓ ਮੈਂ ਤੁਹਾਡੀਆਂ ਸਾਰੀਆਂ ਮੁਸੀਬਤਾਂ ਬਿਮਾਰੀਆਂ ਇਸ ਮਾਇਆ ਨੂੰ ਹਾਸਲ ਕਰਕੇ ਆਪਣੇ ਸਿਰ ਲੈ ਲੈਂਦਾ ਹਾਂ”।ਪ੍ਰਚਾਰਕ ਨੇ ਆਪਣਾ ਵਿਸ਼ਾ ਬਦਲਿਆ ਤੇ ਕਹਿਣ ਲੱਗਾ ਕਿ “ਮਿਹਨਤ ਨਾਲ ਇਕੱਠੀ ਕੀਤੀ ਮਾਇਆ ਪ੍ਰਵਾਨ ਹੁੰਦੀ ਹੈ ਠੱਗੀ ਚੋਰੀ ਵਾਲੀ ਮਾਇਆ ਹੀ ਕੁਰੀਤੀਆਂ ਦੀ ਜੜ ਹੈ”।
ਸੱਤਪਾਲ ਸਿੰਘ ਦਿਓਲ