ਭੰਬਲ ਭੂਸ ਖਿਲੇਰਨਾ ਹੋਵੇ ਤਾਂ ਤਰਕ ਵਾਲੀ ਕਸੌਟੀ ਅਤੇ ਵਿਗਿਆਨ ਵਾਲੀ ਤੱਕੜੀ ਕੱਢ ਲਿਆਵੋ..ਐਸਾ ਘਚੋਲਾ ਪੈ ਜਾਵੇਗਾ ਕੇ ਪੁਛੋ ਹੀ ਨਾ..!
ਭਾਈ ਤਾਰੂ ਸਿੰਘ ਜੀ..ਖੋਪਰ ਲਹਾਉਣ ਵਾਲੇ..ਮੁਗਲ ਫੜਨ ਆਏ ਤਾਂ ਲੋਹ ਤੇ ਫੁਲਕੇ ਲਾਹ ਰਹੀ ਮਾਂ ਆਖਣ ਲੱਗੀ ਪੁੱਤਰੋ ਇਸਨੂੰ ਫੇਰ ਲੈ ਜਾਇਓ ਪਹਿਲਾਂ ਪ੍ਰਛਾਦਾ ਛਕ ਲਵੋ..!
ਤਰਕੀਏ ਆਖਣ ਲੱਗੇ ਸੁਣੀ ਸੁਣਾਈ ਗੱਲ ਏ..ਕਿਸੇ ਕਿਹੜਾ ਅੱਖੀਂ ਵੇਖਿਆ..ਸਮੇਂ ਦੇ ਨਾਲ ਜੋੜ ਦਿੱਤੀਆਂ ਇੰਝ ਦੀਆਂ ਦੰਦ ਕਥਾਵਾਂ!
ਇੰਡੀਅਨ ਐਕਸਪ੍ਰੈੱਸ ਵਾਲਾ ਸੰਜੇ ਸੂਰੀ..ਸੱਤ ਜੂਨ ਚੁਰਾਸੀ ਨੂੰ ਐਲਾਨ ਹੋ ਗਿਆ..ਸੰਤਾਂ ਦੀ ਦੇਹ ਮਿਲ ਗਈ..ਕਿੰਨੇ ਜਫ਼ਰ ਜਾਲ ਕੇ ਰੋਡੇ ਪਿੰਡ ਅੱਪੜਿਆ..ਅੱਗੋਂ ਇੱਕ ਕੱਚਾ ਘਰ..ਸਾਰਾ ਪਿੰਡ ਇੱਕਠਾ ਹੋਇਆ ਪਿਆ ਸੀ..ਕੁਝ ਸਵਾਲ ਪੁੱਛਣੇ ਚਾਹੇ..ਅੱਗੋਂ ਸਾਰੇ ਚੁੱਪ..ਬੱਸ ਮੇਰੇ ਵੱਲ ਵੇਖੀ ਜਾਣ..ਮੈਂ ਅੰਦਰੋਂ ਡਰ ਗਿਆ..ਪਰਣਿਆ ਦਾਹੜੀਆਂ ਵਾਲੇ ਏਨੇ ਸਾਰੇ ਤੇ ਮੈਂ ਇੱਕ ਕੱਲਾ ਹਿੰਦੂ..ਖਲੋਤਾ ਵੀ ਉਸ ਵੇਹੜੇ ਜਿਸਦੇ ਪ੍ਰਭਾਵਸ਼ਾਲੀ ਮਰਦ ਮੈਂਬਰ ਨੂੰ ਸੰਕੇਤਕ ਤੌਰ ਤੇ ਮੇਰੀ ਕੌਂਮ ਵਾਲਿਆਂ ਮੁਕਾ ਦਿੱਤਾ ਸੀ!
ਪਰ ਇਹ ਕੀ..ਘੜੀ ਕੂ ਮਗਰੋਂ ਅੰਦਰੋਂ ਰੋਟੀ ਵਾਲਾ ਥਾਲ ਲੈ ਆਏ..ਅਖ਼ੇ ਪਹਿਲਾਂ ਪ੍ਰਛਾਦਾ ਛਕ ਲਵੋ..ਸੁਵੇਰ ਦੇ ਤੁਰੇ ਓ ਭੁੱਖੇ ਹੋਵੇਗੇ..!
ਯਕੀਨ ਆ ਗਿਆ ਇਸ ਹਿਸਾਬ ਨਾਲ ਤਾਂ ਫੇਰ ਭਾਈ ਤਾਰੂ ਸਿੰਘ ਵਾਲੀ ਗੱਲ ਵੀ ਸਹੀ ਹੋਵੇਗੀ!
ਬੋਤਾ ਸਿੰਘ ਗਰਜਾ ਸਿੰਘ..ਓਸਵੇਲੇ ਸਿੱਖ ਦੇ ਸਿਰ ਦਾ ਵੱਡਾ ਮੁੱਲ..ਕੋਲੋਂ ਲੰਘਦੇ ਰਾਹੀਆਂ ਦੀ ਗੱਲ ਸੁਣ ਲਈ..ਬਿੜਕ ਸੁਣ ਇੱਕ ਰਾਹੀ ਆਖਣ ਲੱਗਾ ਕਿਧਰੇ ਸਿੱਖ ਤੇ ਨਹੀਂ ਨੇ ਆਸੇ ਪਾਸੇ..?
ਦੂਜਾ ਆਖਣ ਲਗਾ ਕਮਲਿਆ ਤੈਨੂੰ ਐਵੇਂ ਭੁਲੇਖਾ ਲੱਗਾ..ਉਹ ਤੇ ਹੁਕੂਮਤ ਨੇ ਕਦੇ ਦੇ ਮੁਕਾ ਦਿੱਤੇ..!
ਏਨੀ ਗੱਲ ਸੁਣ ਸੀਨੇ ਖੰਜਰ ਭੁੱਕਿਆ ਗਿਆ..ਖੂਨ ਨੇ ਉਬਾਲਾ ਖਾਦਾ..ਦੋਹਾਂ ਕੋਲ ਸਿਰਫ ਦੋ ਡਾਂਗਾ..ਓਸੇ ਵੇਲੇ ਐਨ ਸੜਕ ਵਿਚਕਾਰ ਨਾਕਾ ਲਾ ਦਿੱਤਾ..ਰਾਹੀਆਂ ਕੋਲੋਂ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ..ਕਿਸੇ ਲਾਹੌਰ ਖਬਰ ਪੁਚਾ ਦਿੱਤੀ..ਸੈਕੜਿਆਂ ਦੀ ਫੌਜ ਚੜ ਆਈ..ਫੇਰ ਵੀ ਡਰੇ ਨਹੀਂ ਬੱਸ ਆਪੋ ਵਿਚ ਪਿੱਠਾਂ ਜੋੜ ਲਈਆਂ..ਫੇਰ ਡਾਂਗਾਂ ਨਾਲ ਹੀ ਸ਼ੁਰੂ ਹੋ ਗਏ..ਮਗਰੋਂ ਲੜਦੇ ਲੜਦੇ ਦੋਵੇਂ ਮੁੱਕ ਗਏ..ਸਿਰਫ ਏਨੀ ਗੱਲ ਦੱਸਣ ਲਈ ਕੇ ਅਜੇ ਜਿਉਂਦੇ ਹਾਂ..ਮੁੱਕੇ ਨਹੀਂ..ਹੋਂਦ ਦੀ ਲੜਾਈ ਦਾ ਬਾਲਣ ਬਣ ਗਏ!
ਕਈ ਮਨਾਂ ਵਿਚ ਸ਼ੰਕੇ ਪੈਦਾ ਹੋ ਗਿਆ..ਸੈਕੜਿਆਂ ਦੀ ਫੌਜ ਨਾਲ ਭਲਾ ਕੋਈ ਸਿਰਫ ਦੋ ਡਾਂਗਾਂ ਆਸਰੇ ਕਿੱਦਾਂ ਲੜ ਸਕਦਾ..ਨਿੱਰੀ ਖ਼ੁਦਕੁਸ਼ੀ..ਪੂਰੀ ਗੱਪ..ਦੰਦ ਕਹਾਣੀ!
ਜੋਗਿੰਦਰ ਸਿੰਘ ਵੇਦਾਂਤੀ..ਸਾਬਕ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਬ..ਕੇਰਾਂ ਦੱਸਣ ਲੱਗੇ ਤਖ਼ਤ ਦੀ ਦੱਖਣੀ ਬਾਹੀ ਵੱਲ ਉੱਪਰ ਕਵਾਟਰ ਅੰਦਰ ਡੱਕੇ ਹੋਏ ਸਾਂ..ਛੇ ਜੂਨ ਦੁਪਹਿਰੇ ਅਨਾਊਂਸਮੈਂਟ ਹੋਈ ਬਾਹਰ ਆ ਜਾਓ..ਤੁਰਨ ਲੱਗੇ ਤਾਂ ਕਮਰੇ ਦੀ ਬਾਰੀ ਤੇ ਬਣਾਏ ਮੋਰਚੇ ਵਿਚ ਦੋ ਸਿੰਘ..ਪੁੱਛਿਆ ਭਾਈ ਹੁਣ ਤੇ ਬਾਹਰ ਸੈਂਕੜਿਆਂ ਦੀ ਗਿਣਤੀ ਵਿਚ ਫੌਜ ਹੀ ਫੌਜ ਏ..ਤੁਸਾਂ ਦਾ ਕੀ ਇਰਾਦਾ?
ਅੱਗੋਂ ਆਖਣ ਲੱਗੇ ਥੋੜੇ ਜਿਹੇ ਛੋਲੇ ਪਾਣੀ ਦੀ ਗੜਵੀ ਅਤੇ ਥੋੜਾ ਗੁੜ ਰੱਖ ਜਾਵੋ ਤੇ ਤੁਸੀਂ ਜਾਓ..ਅਸੀਂ ਤੇ ਇਥੇ ਹੀ ਰਹਿਣਾ..ਅਖੀਰ ਤੱਕ..!
ਵੇਦਾਂਤੀ ਜੀ ਆਖਦੇ ਜੇ ਉਹ ਜਾਣਾ ਚਾਹੁੰਦੇ ਤਾਂ ਸੌਖਿਆਂ ਹੀ ਪਿੱਛਿਓਂ ਦੀ ਜਾ ਵੀ ਸਕਦੇ ਸਨ..ਭੀੜੀਆਂ ਗਲੀਆਂ..ਕਿੰਨੇ ਗੁਪਤ ਰਾਹ..ਪਰ ਨਹੀਂ ਗਏ..ਦੋ ਕੂ ਦਿਨ ਹੋਰ ਡਟੇ ਰਹੇ ਤੇ ਅਖੀਰ “ਮੁੱਠ ਕੂ ਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ”!
ਇਸ ਹਿਸਾਬ ਨਾਲ ਤੇ ਫੇਰ ਬੋਤਾ ਸਿੰਘ ਗਰਜਾ ਸਿੰਘ ਵਾਲੀ ਵੀ ਅਸਲ ਵਾਪਰੀ ਹੀ ਹੋਵੇਗੀ..!
ਇੱਕ ਤਰਕਸ਼ੀਲ ਬਹਿਸ ਪਿਆ..ਕੋਈ ਜਿਉਂਦਾ ਜਾਗਦਾ ਭਲਾ ਤੱਤੀ ਤਵੀਂ ਤੇ ਕਿੱਦਾਂ ਬੈਠ ਸਕਦਾ..ਚੀਕਾਂ ਨਾ ਨਿੱਕਲ ਗਈਆਂ ਹੋਣੀਆਂ..ਚਰਖੜੀ ਵੇਖ ਪਜਾਮੀ ਗਿੱਲੀ ਹੋ ਜਾਂਦੀ..ਆਪਣੀ ਕੱਟੀ ਹੋਈ ਉਂਗਲ ਵੇਖ ਵੱਡੇ ਵੱਡੇ ਡੋਲ ਜਾਂਦੇ ਫੇਰ ਏਨਾ ਤਸ਼ੱਦਤ ਇੱਦਾਂ ਕਿੱਦਾਂ ਸਹਿ ਲਿਆ..?
ਬਾਬਾ ਬੰਦਾ ਸਿੰਘ ਬਹਾਦੁਰ ਵੱਲੋਂ ਅਖ਼ੇ ਮਾੜੀ ਮੋਟੀ ਉੱਨੀ ਇੱਕੀ ਜਰੂਰ ਹੋਈ ਹੋਣੀ..ਪਰ ਇਹ ਕਹਾਣੀ ਅਖ਼ੇ ਜਮੂਰਾਂ ਨਾਲ ਮਾਸ ਚਰੁੰਡਿਆ..ਪੁੱਤ ਦਾ ਸੀਨਾ ਚਾਕ ਕਰਕੇ ਦਿਲ ਕੱਢ ਬਾਪ ਦੇ ਮੂੰਹ ਵਿਚ ਤੁੰਨਿਆਂ..ਨਿਰੇ ਗਪੌੜ ਸੰਖ..ਅਜੇ ਕਿੰਨੇ ਸਾਰੇ ਕਿੱਸੇ ਕਹਾਣੀਆਂ ਹੋਰ ਵੀ ਜੁੜਨਗੇ..!
ਮਨ ਵਿਚ ਆਇਆ ਅਜੇ ਕੱਲ ਦੀਆਂ ਤੇ ਗੱਲਾਂ ਨੇ..ਸਾਮਣੇ ਵਾਪਰੀਆਂ..ਥਾਣਾ ਵੈਰੋਵਾਲ..ਅੰਮ੍ਰਿਤਸਰੋਂ ਥੋੜਾ ਹੀ ਹਟਵਾਂ..ਭਾਈ ਅਨੋਖ ਸਿੰਘ ਬੱਬਰ..ਇੱਕ ਇੱਕ ਹੱਡ ਟੁਟਿਆ ਪਿਆ..ਰੂੰ ਵਾਂਙ ਪਿੰਜਿਆ ਸਰੀਰ..ਖਿੱਚੇ ਹੋਏ ਨਹੁੰ..ਖੋਪੜ ਵਿਚੋਂ ਸਿੰਮਦਾ ਲਹੂ..ਇੱਕ ਡੇਲਾ ਬਾਹਰ ਤੇ ਦੂਜਾ ਅੰਦਰ..ਫੇਰ ਵੀ ਦਿਨ ਢਲੇ ਕੋਲ ਖਲੋਤੇ ਸੰਤਰੀ ਨੂੰ..ਅਖ਼ੇ ਸਿੰਘਾਂ ਟਾਈਮ ਤਾਂ ਦੱਸੀਂ ਕਿੰਨਾ ਹੋਇਆ?
ਅੱਗੋਂ ਪੁੱਛਣ ਲੱਗਾ ਤੈਂ ਟਾਈਮ ਪੁੱਛ ਕੀ ਕਰਨਾ?
ਅਖ਼ੇ ਰਹਿਰਾਸ ਸਾਬ ਦਾ ਪਾਠ ਕਰਨਾ..ਫੇਰ ਦੱਸਦੇ ਇਸ ਸਿਦਕ ਤੋਂ ਖੁੰਦਕ ਖਾ ਕੇ ਇੱਕ ਜੱਲਾਦ ਨੇ ਜੁਬਾਨ ਵੀ ਕਟਵਾ ਦਿੱਤੀ..!
ਕੌਣ ਸਮਝਾਵੇ..ਇਹ ਵਿਲੱਖਣਤਾ..ਜਜਬਾ..ਇਹ ਭਾਵਨਾ..ਮਰਨ ਮਗਰੋਂ ਮਿਲਦਾ ਪੂਰਨ ਪਰਮ ਅਨੰਦ..ਜਿਹਦੇ ਲੂ ਲੂ ਵਿੱਚ ਵੱਸੇ ਬ੍ਰਹਿਮੰਡ ਸਾਰਾ..ਉਸਨੂੰ ਕਿਹੜੇ ਪਾਸਿਓਂ ਥਿੜਕਾਉਗੇ ਵੇ..ਜਿਹੜਾ ਵੱਸਦਾ ਤਾਰਿਓਂਂ ਪਾਰ ਖੋਪੜ..ਉਸਨੂੰ ਵੱਢ ਕੇ ਕਿਥੇ ਲਿਜਾਓਗੇ ਵੇ”!
ਅਖ਼ੇ ਦਿੱਲੀ ਅਠਾਰਾਂ ਵਾਰ ਜਿੱਤੀ..ਉਹ ਫੇਰ ਹੱਸ ਪਏ..ਉੱਚੀ ਉੱਚੀ..ਇੱਕ ਅੱਧੀ ਵਾਰ ਤਾਂ ਮੰਨ ਸਕਦੇ..ਰਾਤ ਬਰਾਤੇ ਚੋਰੀ ਛੁੱਪੇ ਵੜ ਗਏ ਹੋਣੇ..ਪਰ ਪੂਰੇ ਅਠਾਰਾਂ ਵੇਰ..ਗੱਪ ਵੀ ਹਿਸਾਬ ਦੀ ਹੀ ਮਾਰੀ ਦੀ ਹੁੰਦੀ..!
ਕੋਲ ਵੱਜਦੀ ਧਾਰਨਾ..”ਬਰਛੇ ਪਰਖ ਲੋ ਰੰਬੀਆਂ ਤੇਜ ਕਰ ਲੋ..ਪਹਿਰੇ ਗੱਡ ਦਿਓ ਭਾਵੇਂ ਹਰ ਗਲੀ ਉੱਤੇ..ਓਹਦੇ ਸਿਦਕ ਨੂੰ ਫੈਲਣੋਂ ਰੋਕੋਗੇ ਕੀ..ਜਿਹੜਾ ਰੱਖੀ ਆਉਂਦਾ ਸਿਰ ਤਲੀ ਉੱਤੇ!
ਚੀਨ ਪਾਕਿਸਤਾਨ ਮਲਾਇਆ ਸਿੰਗਾਪੁਰ ਅਫ੍ਰੀਕਾ ਯੂਰੋਪ ਦੀਆਂ ਜੰਗਾਂ..ਲੋਂਗੇਵਾਲ ਦਾ ਮੈਦਾਨ..ਸੰਨ ਬਾਹਠ ਪੈਂਹਠ ਦੀ ਜੰਗ..ਜਰਨਲ ਹਰਬਖਸ਼ ਸਿੰਘ..ਜਗਜੀਤ ਸਿੰਘ ਅਰੋੜਾ..ਭਾਈ ਸੁਬੇਗ ਸਿੰਘ..ਸਿੱਖ ਰੇਜੀਮੈਂਟਾਂ..ਬ੍ਰਿਟੇਨ ਅਣਗਿਣਤ ਵਿਕਟੋਰੀਆ ਕਰਾਸ ਅਤੇ ਬੁੱਤ..ਕਲੇ ਕੱਲੇ ਤੇ ਕਿਤਾਬ ਲਿਖੀ ਜਾ ਸਕਦੀ..ਪਰ ਅਸਾਂ ਤਾਂ ਵੀ ਨਹੀਂ ਮੰਨਣਾ..ਬਲੀ ਦੇ ਬੱਕਰੇ..ਮੋਟੀ ਤਨਖਾਹ ਮਰਨ ਵਾਸਤੇ ਹੀ ਤਾਂ ਦੇਈਦੀ..ਕੌਣ ਸਮਝਾਵੇ ਕੇ ਜੇਹੀ ਬਿੱਲੀ ਮਾਰ ਦਿੱਤੀ ਤੇਹੀ ਦਿੱਲੀ ਮਾਰ ਦਿੱਤੀ..ਇਹ ਵੱਖਰੀ ਗੱਲ ਕੇ ਕੌਂਮ ਅੱਜ ਤੀਕਰ ਬੱਸ ਬੇਗਾਨੇ ਕੋਠੇ ਹੀ ਲਿੰਬਦੀ ਆਈ..ਆਪਣੀ ਘਾਣੀ ਦਾ ਖਿਆਲ ਵੀ ਨਹੀਂ!
ਅਕਸਰ ਸੁਨੇਹੇ ਮਿਲਦੇ ਨੇ..ਇੱਕ ਸੁਹਿਰਦ ਲੇਖਕ ਨੂੰ ਜੂਨ ਨਵੰਬਰ ਚੁਰਾਸੀ ਅਠਾਸੀਆਂ ਦੇ ਜਿਕਰ ਨਹੀਂ ਕਰਨੇ ਚਾਹੀਦੇ..ਪਿਆਰ ਮੁਹੱਬਤ ਦੇ ਤੋਤੇ ਪਰੀ ਬਿਰਤਾਂਤ ਹਮੇਸ਼ਾਂ ਕਾਲਜੇ ਠੰਡ ਪਾਉਂਦੇ ਨੇ..ਉੱਤੋਂ ਹਰ ਵੇਲੇ ਦਾ ਫਿਕਰ..ਜਾਣੇ ਅਣਜਾਣੇ ਭੁਲੇਖੇ ਨਾਲ ਲਾਈਕ ਵਾਲਾ ਬਟਨ ਨੱਪਿਆ ਗਿਆ ਤਾਂ ਏਜੰਸੀਆਂ ਪੈਨਸ਼ਨ ਹੀ ਨਾ ਬੰਦ ਕਰ ਦੇਣ!
ਏਧਰੋਂ ਅਕਸਰ ਹੀ ਦਿੱਤਾ ਜਾਂਦਾ ਜੁਆਬ..”ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆਦਾਰ..ਪਰ ਬਹੁਤ ਬਰੀਕ ਏ ਸਮਝਣੀ..ਏ ਧਰਮ ਯੁਧਾਂ ਦੀ ਕਾਰ”
ਪਰ ਨਿੱਕੇ ਖੜਾਕ ਤੋਂ ਵੀ ਬੁਰੀ ਤਰਾਂ ਡਰ ਜਾਣਾ ਆਦਤ ਬਣਾ ਦਿੱਤੀ ਗਈ..ਫੁੱਲਝਿੜੀ ਵੀ ਜਦੋਂ ਬੰਬ ਦਾ ਭੁਲੇਖਾ ਪਾਉਂਦੀ ਘੁੰਮੀਂ ਜਾਂਦੀ ਏ ਤਾਂ ਇਸਤੋਂ ਯਰਕ ਕੇ ਦੌੜੀ ਆਉਂਦੀ ਸਰਫ਼ੇ ਦੀ ਔਲਾਦ ਮਾਂ ਦੀ ਬੁੱਕਲ ਵਿਚ ਆ ਵੜਦੀ..ਉੱਤੋਂ ਇਸ ਵੇਰ ਨਿਸ਼ਾਨਾ ਸਰੀਰ ਨਹੀਂ ਸਗੋਂ ਕਿਰਦਾਰ ਨੇ..!
ਉਹ ਕਿਰਦਾਰ ਜਿਸ ਤੇ ਕਦੀ ਬੇਗਾਨੇ ਵੀ ਫ਼ਖਰ ਮਹਿਸੂਸ ਕਰਿਆ ਕਰਦੇ ਸਨ ਤੇ ਲੰਮੇ ਸਫ਼ਰ ਤੇ ਜਾਂਦੀਆਂ ਧੀਆਂ ਨੂੰ ਰੇਲ ਦੇ ਉਸ ਡੱਬੇ ਅੰਦਰ ਚਾੜ ਸੁਰਖੁਰੂ ਹੋ ਜਾਂਦੇ ਜਿਥੇ ਗੁਰੂ ਦਾ ਸਵਾ ਲੱਖ ਖਾਲਸਾ ਤਿਆਰ ਬਰ ਤਿਆਰ ਬੈਠਾ ਹੁੰਦਾ ਸੀ!
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਹਰਪ੍ਰੀਤ ਸਿੰਘ ਜਵੰਦਾ