ਚੂੰਢੀ ਮਾਸਟਰ | chundi master

‘ਸੁਣਾ ਬਈ ਕਾਕਾ ਕਿੱਥੇ ਰਹਿਨਾ”
ਇਨ੍ਹਾਂ ਕਹਿੰਦੀ ਮਾਸਟਰ ਜੀ ਆਪਣੀ 5 ਕੁ ਮੀਟਰ ਦੀ ਆਕੜੀ ਹੋਈ ਪੱਗੜੀ ਨੂੰ ਸੰਵਾਰਦੇ ਹੌਲ਼ੀ ਹੌਲ਼ੀ ਵਿਦਿਆਰਥੀ ਵੱਲ ਨੂੰ ਸਰਕਣ ਲੱਗਦੇ।ਪੁਰਾਣੇ ਵਿਦਿਆਰਥੀ ਜੋ ਮਾਸਟਰ ਜੀ ਦੀ ਸਜ਼ਾ ਤੋਂ ਭਲੀ ਭਾਂਤ ਜਾਣੂੰ ਸਨ ਉਹ ਟਾਰਗੇਟ ਵਿਦਿਆਰਥੀ ਵੱਲ ਕਨੱਖੀਆਂ ਝਾਕਦੇ ਹੇਠਾਂ ਨੂੰ ਮੂੰਹ ਕਰ ਕੇ ਢਿੱਡ ਵਿੱਚ ਹੀ ਹੀਂਅ ਹੀਂਅ ਕਰਨ ਲੱਗਦੇ ਅਤੇ ਉਹਨਾਂ ਦੇ ਢਿੱਡ ਹਿੱਲਣ ਨਾਲ ਹੀ ਕਮਜ਼ੋਰ ਡੈਸਕ ਵੀ ਥਰਥਰਾਉਣ ਲੱਗਦੇ ।ਮਾਸਟਰ ਜੀ ਆਪਣੀ ਦੁਰਗਤ ਤੋਂ ਅਣਜਾਣ ਸ਼ਿਕਾਰ ਵਾਂਗੂੰ ਖੜ੍ਹੇ ਨਵੇਂ ਵਿਦਿਆਰਥੀ ਵੱਲ ਬਹੁਤ ਨਿਮ੍ਰਤਾ ਅਤੇ ਸਾਦਗੀ ਜਿਹੀ ਨਾਲ਼ ਕੋਲ਼ ਜਾ ਖਲੋਂਦੇ ਅਤੇ ਵਿਦਿਆਰਥੀ ਦਾ ਹੱਥ ਪਕੜ ਲੈਂਦੇ।ਵਿਦਿਆਰਥੀ ਨੂੰ ਲੱਗਦਾ ਸ਼ਾਇਦ ਉਸਦੀ ਪਿੱਠ ਥਾਪੜ੍ਹਨ ਆ ਰਹੇ ਹਨ।ਪਰ ਜਿੰਵੇਂ ਉਕਾਬ ਦੇ ਪੰਜੇ ਸ਼ਿਕਾਰ ਕੋਲ ਬਾਹਰ ਆ ਜਾਂਦੇ ਉਂਵੇ ਹੀ ਵਿਦਿਆਰਥੀ ਕੋਲ ਆ ਕੇ ਮਾਸਟਰ ਜੀ ਦੇ ਹੱਥਾਂ ਵਿਚੋਂ ਪਤਾ ਨਹੀਂ ਕਿਥੋਂ ਪੈਂਸਲ ਨਿੱਕਲ ਆਉਂਦੀ।ਮਾਸਟਰ ਜੀ ਪੈਂਸਲ ਵਿਦਿਆਰਥੀ ਦੀਆਂ ਉਂਗਲਾਂ ਵਿੱਚ ਫਸਾ ਕੇ ਐਸੀ ਮਰੋੜੀ ਚਾੜ੍ਹਦੇ ਕੇ ਵਿਦਿਆਰਥੀ ਦੀਆਂ ਚੀਕਾਂ’ਹਾਏ ਮਰ ਗਿਆ ਮਾਸਟਰ ਜੀ” ਛਿੱਕੇ ਵਾੰਗੂ ਸਕੂਲ ਦੀ ਬਾਹਰਲੀ ਬਾਉਂਡਰੀ ਵੀ ਟੱਪ ਜਾਂਦੀਆਂ।ਵੱਡੇ ਤੋਂ ਵੱਡਾ ਖੱਬੀ ਖਾਂ ਨਲਾਇਕ ਵੀ ਭਾਟੀਆ ਸਾਹਿਬ ਦੇ ਅੜਿੱਕੇ ਚੜ੍ਹਨ ਤੋਂ ਟਾਲਾ ਵਟਣ ਲੱਗਦਾ।ਪੈਂਸਲ ਤੋਂ ਇਲਾਵਾ ਵੱਖੀ ਵਿੱਚ ਚੂੰਢੀ ਭਰਨੀ ਅਤੇ ਕੰਨ ਖਿੱਚਣੇ ਵੀ ਭਾਟੀਆ ਸਾਹਿਬ ਦਾ ਪਸੰਦੀਦਾ ਤਰੀਕਾ ਸੀ ਅਤੇ ਉਹਨਾਂ ਦੀ ਪਿੱਠ ਪਿੱਛੇ ਅਸੀਂ ਉਹਨਾਂ ਨੂੰ ਚੂੰਢੀ ਮਾਸਟਰ ਨਾਂ ਨਾਲ ਹੀ ਸੰਬੋਧਨ ਕਰਦੇ ਸੀ।ਪੜ੍ਹਦਿਆਂ ਪੜ੍ਹਦਿਆਂ ਅੱਜ ਇਕ ਫੈਕਟਰ ਸਾਹਮਣੇ ਆਇਆ ਕੇ ਇਨਸਾਨ ਦੇ ਨਹੁੰ, ਵਾਲ਼ ਅਤੇ ਕੰਨ ਸਾਰੀ ਉਮਰ ਧੀਮੀ ਗਤੀ ਨਾਲ ਵੱਧਦੇ ਰਹਿੰਦੇ।ਇਹ੍ਹ ਪੜ੍ਹਦਿਆਂ ਸਾਰ ਹੀ ਇੱਕਦਮ ਮੇਰੇ ਜ਼ਿਹਨ ਵਿਚ ਕਾਦੀਆਂ ਵਾਲਾ ਹਿਸਟਰੀ ਮਾਸਟਰ ਭਾਟੀਆ ਯਾਦ ਆ ਗਿਆ।ਉਂਜ ਭਾਟੀਆ ਸਾਹਿਬ ਮਿਹਨਤੀ ਬਹੁਤ ਸਨ ਅਤੇ ਬੱਚਿਆਂ ਨੂੰ ਪੜ੍ਹਾਉਣ ਵਿੱਚ ਜੀਅ ਜਾਨ ਲਾ ਦਿੰਦੇ।ਮਾਸਟਰ ਭਾਟੀਆ ਨੂੰ ਯਾਦ ਕਰਕੇ ਅੱਜ ਵੀ ਕੰਨ ਲਾਲ ਹੋ ਜਾਂਦੇ ਹਨ।ਪਰ ਭਾਟੀਆ ਸਾਹਿਬ ਦੀ ਪੈਂਸਲ ਸਜ਼ਾ ਅੱਗੇ ਲੱਤਾਂ ਹੇਠੋਂ ਕੰਨ ਫੜਨੇ ਜਾਂ ਡੰਡੇ ਖਾਣੇ ਮਾਮੂਲ਼ੀ ਸਜ਼ਾ ਜਾਪਦੇ।ਧੰਨਵਾਦ ਭਾਟੀਆ ਸਾਹਿਬ ਅਸੀਂ ਤੂਹਾਨੂੰ ਯਾਦ ਕਰਦੇ ਰਹਾਂਗੇ।
ਚੰਨਣ ਸਿੰਘ ਹਰਪੁਰਾ,
ਸੀਏਟਲ ਤੋਂ

Leave a Reply

Your email address will not be published. Required fields are marked *