ਨਿੱਕੀ ਹੁੰਦੀ ਤੋਂ ਹੀ ਵੇਖਦੀ ਆਈ ਸਾਂ..ਮਾਂ ਜਦੋਂ ਵੀ ਗੁੱਸੇ ਹੁੰਦੀ ਤਾਂ ਚੁੱਪ ਵੱਟ ਲੈਂਦੀ..ਡੈਡੀ ਹੋਰ ਗੁੱਸੇ ਹੋ ਜਾਂਦਾ..ਫੇਰ ਉਸਨੂੰ ਸਾਮਣੇ ਬਿਠਾ ਕਵਾਉਣ ਦੀ ਕੋਸ਼ਿਸ਼ ਕਰਦਾ..ਪਰ ਤਾਂ ਵੀ ਨਾ ਬੋਲਦੀ..ਅਖੀਰ ਫੜ ਕੇ ਝੰਜੋੜਦਾ..ਉਹ ਚੁੱਪ ਰਹਿੰਦੀ..ਜਦੋਂ ਖਿੱਚ ਧੂ ਸਹਿਣੀ ਵੱਸੋਂ ਬਾਹਰ ਹੋ ਜਾਦੀ ਤਾਂ ਰੋ ਪਿਆ ਕਰਦੀ..ਫੇਰ ਉਹ ਖਿਝ ਕੇ ਏਨੀ ਗੱਲ ਆਖਦਾ ਹੋਇਆ ਬਾਹਰ ਨੂੰ ਤੁਰ ਜਾਂਦਾ ਕੇ ਮੈਨੂੰ ਇਸਦੇ ਖੇਖਣ ਸਾਰੀ ਉਮਰ ਪੜਨੇ ਨਹੀਂ ਅਉਂਣੇ..ਮਗਰੋਂ ਕੁਝ ਘੜੀਆਂ ਸੰਨਾਟਾ ਜਿਹਾ ਛਾ ਜਾਂਦਾ..!
ਅੰਦਰ ਕੱਲੀ ਬੈਠੀ ਬਾਰੇ ਸੋਚ ਮੇਰਾ ਦਿਲ ਪਸੀਜ ਜਾਂਦਾ ਤੇ ਉਸਦੇ ਕੋਲ ਜਾ ਬਹਿੰਦੀ..ਫੇਰ ਘੰਟਿਆਂ ਬੱਦੀ ਕੋਲ ਹੀ ਬੈਠੀ ਰਹਿੰਦੀ..ਉਹ ਨਾਨੇ ਨਾਨੀ ਨੂੰ ਯਾਦ ਕਰਦੀ..ਮੈਂ ਉਸਦੇ ਵਾਲਾਂ ਵਿੱਚ ਹੱਥ ਫੇਰਦੀ..ਲਿਟਾਂ ਠੀਕ ਕਰਦੀ ਤੇ ਫੇਰ ਪੁੱਛਦੀ ਗੱਲ ਕੀ ਹੋਈ?
ਉਹ ਸਿਫ਼ਰ ਬਣੀ ਤਾਂ ਵੀ ਨਾ ਬੋਲਦੀ..ਅਖੀਰ ਪਾਣੀ ਦਾ ਗਿਲਾਸ ਲੈ ਆਉਂਦੀ..ਉਹ ਬਹੁਤ ਜ਼ੋਰ ਦੇਣ ਤੇ ਸਿਰਫ ਇੱਕ ਘੁੱਟ ਪੀਂਦੀ ਤੇ ਬਾਕੀ ਪਾਸੇ ਰੱਖ ਦਿੰਦੀ..ਫੇਰ ਮੈਨੂੰ ਵੀ ਬਾਕੀ ਦੇ ਕੰਮ ਮੁਕਾਉਣ ਬਾਹਰ ਜਾਣਾ ਪੈਂਦਾ..!
ਅੱਜ ਏਨੇ ਵਰ੍ਹਿਆਂ ਬਾਅਦ ਦੋਵੇਂ ਮੇਰੇ ਕੋਲ ਹੈਨੀ..ਕਦੇ ਕਦੇ ਚੇਤਾ ਆ ਜਾਂਦਾ ਤਾਂ ਸੋਚਦੀ ਹਾਂ ਕਾਸ਼ ਬਾਪ ਨੂੰ ਉਸਦੀ ਖਾਮੋਸ਼ੀ ਪੜਨੀ ਆ ਜਾਂਦੀ ਤੇ ਮਾਂ ਨੂੰ ਉੱਚੀ ਉੱਚੀ ਰੌਲੇ ਪੌਣੇ ਆ ਜਾਂਦੇ..ਸ਼ਾਇਦ ਕਿੰਨੇ ਮਸਲੇ ਆਪਣੇ ਆਪ ਹੀ ਹੱਲ ਹੋ ਜਾਣੇ ਸਨ..ਘੱਟੋ-ਘੱਟ ਤਰਲੇ ਲੈ ਲੈ ਲੰਘਾਏ ਬਚਪਨ ਦੇ ਕੁਝ ਔਖੇ ਪਲ ਤਾਂ ਸੌਖਿਆਂ ਬੀਤ ਜਾਂਦੇ!
ਹਰਪ੍ਰੀਤ ਸਿੰਘ ਜਵੰਦਾ