ਜ਼ੋਰ ਲੱਗਿਆ ਪਿਆ..ਚਾਰ ਦਹਾਕੇ ਪਹਿਲੋਂ ਜੋ ਕੁਝ ਵੀ ਹੋਇਆ..ਭੁੱਲ ਜਾਣ ਪਰ ਗੱਲ ਬਣਦੀ ਲੱਗਦੀ ਨਹੀਂ..ਹਰ ਸਾਲ ਉਸ ਵੇਲੇ ਵਜੂਦਾਂ ਜਮੀਰਾਂ ਤੇ ਹੰਡਾਈਆਂ ਬਾਹਰ ਆ ਰਹੀਆਂ..!
ਕੁਝ ਅਜੇ ਤੀਕਰ ਵੀ ਡਰੇ ਹੋਏ..ਕਿਧਰੇ ਸਿਸਟਮ ਨਰਾਜ ਹੀ ਨਾ ਹੋ ਜਾਵੇ..ਪਰ ਜਦੋਂ ਇੱਕ ਪੀੜੀ ਮੁੱਕਣ ਦੀ ਕਗਾਰ ਤੇ ਹੁੰਦੀ ਤਾਂ ਜਮੀਰ ਅੰਦਰ ਡੱਕਿਆ ਕਿੰਨਾ ਕੁਝ ਖੁਦ-ਬਖ਼ੁਦ ਬਾਹਰ ਨਿੱਕਲ ਹੀ ਆਉਂਦਾ..ਉਸ ਵੇਲੇ ਜਾਣ ਬੁੱਝ ਕੇ ਕੁਝ ਖੋਟ ਵੀ ਰਲਾ ਦਿੱਤੀ ਗਈ ਸੀ..ਪਰ ਉਸ ਨਾਂ-ਮਾਤਰ ਲੂਣ ਖ਼ਾਤਿਰ ਸਾਰਾ ਆਟਾ ਹੀ ਨਕਾਰ ਦੇਣਾ ਸਿਆਣਪ ਨਹੀਂ..ਅੱਜ ਬਾਹਰ ਆਉਦੀਆਂ ਕੁਝ ਕਹਾਣੀਆਂ ਕੁਝ ਬਿਰਤਾਂਤ ਸਾਡੇ ਵਰਗਿਆਂ ਲਈ ਵੀ ਨਵੇਂ..!
ਓਦੋਂ ਬੇਸ਼ੱਕ ਛੋਟੇ ਸਾਂ..ਪਰ ਯਾਦ ਏ ਪੰਜ ਜੂਨ ਦੀ ਉਹ ਗਰਮ ਰਾਤ..ਘਮਸਾਨ ਤੋਂ ਪੂਰੇ ਛੱਤੀ ਕਿਲੋਮੀਟਰ ਦੂਰ..ਕੋਠੇ ਤੇ ਡਾਹੀ ਸਾਣੀ ਮੰਜੀ..ਗਿੱਲੀ ਕਰਕੇ ਉੱਤੇ ਲਈ ਚਿੱਟੀ ਚਾਦਰ..ਨਾਲ ਲੱਗਾ ਨਿੱਕਾ ਪੱਖਾ..ਤੋਪਾਂ ਬੰਬਾਂ ਦੀ ਅਵਾਜ..ਨਾਲ ਹੀ ਅੰਦਾਜੇ ਲੱਗਦੇ ਪਤਾ ਨਹੀਂ ਕਿਸ ਮਾਂ ਦੇ ਪੁੱਤ ਦੀ ਵਾਰੀ ਆਈ ਹੋਣੀ..ਅੰਗਾਰਿਆਂ ਦੀ ਵਾਛੜ..ਪਤਾ ਨੀ ਕੌਣ ਕੌਣ ਪਾਣੀ ਖੁਣੋਂ ਤੜਪਦਾ ਹੋਣਾ..!
ਪਿੰਡੋਂ ਬਾਹਰ ਫੌਜੀ ਪਹਿਰਾ..ਜੰਗਲ ਪਾਣੀ ਲਈ ਵੀ ਹਾੜੇ ਕੱਢਦੇ..ਹਰੀਆਂ ਜਾਲੀਦਾਰ ਚਾਦਰਾਂ ਨਾਲ ਢੱਕੇ ਫੌਜੀ ਜੋਂਗੇ..ਉੱਤੇ ਬੀੜੀਆਂ ਵੱਡੀਆਂ ਗੰਨਾ..ਜਿੱਦਾਂ ਦੁਸ਼ਮਣ ਮੁਲਖ ਨਾਲ ਜੰਗ ਲੱਗੀ ਹੋਵੇ..ਡੰਗਰ ਵੱਛਾ ਭੁੱਖਾ..ਪੱਠੇ ਵੱਢਣ ਵੀ ਨਾ ਜਾਣ ਦਿਆ ਕਰਨ..ਗਤਾਵਾ ਕਰ ਕਰ ਡੰਗ ਸਾਰਿਆ..ਮੈਂ ਆਖਦਾ ਮੇਰਾ ਚਾਚਾ ਫੌਜ ਵਿਚ ਕੈਪਟਨ..ਅੱਗੋਂ ਸੰਗੀਨਾਂ ਤਾਣ ਲੈਂਦੇ..ਕਿਹੜਾ ਮੇਜਰ ਤੇ ਕਿਹੜਾ ਕੈਪਟਨ..ਮੁੜ ਜਾਵੋ..ਅੱਜ ਤੁਹਾਡੀਆਂ ਸਿਰਫ ਦੋ ਪਛਾਣਾ ਹੀ ਬਾਕੀ ਬਚੀਆਂ ਨੇ..ਇੱਕ ਪੱਗ ਅਤੇ ਦੂਜੀ ਬਿਨਾ ਪੱਗ ਤੋਂ..!
ਅੱਜ ਕਈ ਸੋਚਦੇ..ਵਧਾ ਚੜਾਅ ਕੇ ਦੱਸੀਆਂ ਜਾਂਦੀਆਂ ਉਸ ਵੇਲੇ ਦੀਆਂ ਗੱਪਾਂ..ਪਰ ਸਹੁੰ ਗੁਰੂ ਦੀ ਹਕੀਕਤ ਸੀ..ਸ਼ਾਹਦੀ ਭਰਦੇ ਹਾਂ..ਜਮੀਰ ਤੇ ਪੱਕੀ ਉੱਕਰ ਗਈ ਅਸਲੀਅਤ..ਲਾਗਲੇ ਪਿੰਡੋਂ ਇੱਕ ਬਾਬਾ ਜੀ ਸਾਈਕਲ ਤੇ ਹੀ ਓਧਰ ਨੂੰ ਤੁਰ ਪਿਆ..ਅਖੇ ਉਸ ਪੱਕੀ ਕੀਤੀ ਸੀ ਜਿੱਦਣ ਪਤਾ ਲੱਗਾ ਤਾਂ ਅਵੇਸਲੇ ਹੀ ਨਾ ਬੈਠੇ ਰਿਹੋ..ਪਰ ਬਾਹਰਵਾਰ ਫਿਰਨੀ ਵੀ ਨਾ ਟੱਪਣ ਦਿੱਤੀ..ਠਾਹ ਦੀ ਅਵਾਜ ਨਾਲ ਪੰਛੀ ਵੀ ਤੇ ਪ੍ਰਾਣ ਪਖੇਰੂ ਵੀ ਉੱਡ ਗਏ..ਜਿਉਂਦੇ ਰਹਿਣ ਨਾਲ ਮੋਹ ਜਿਹਾ ਪੈ ਹੀ ਜਾ ਜਾਂਦਾ..ਬੰਦਾ ਜੂ ਹੋਇਆ ਪਰ ਉੱਚੀ ਮੌਤ ਲਿਖਾ ਲਈ ਜਿਨ੍ਹਾਂ ਕਰਮਾਂ ਦੇ ਵਿੱਚ..ਛੇ-ਛੇ ਫੁੱਟ ਦੇ ਗੱਭਰੂ ਪ੍ਰਕਰਮਾਂ ਦੇ ਵਿੱਚ..ਭੋਰਾ ਸਿਦਕ ਨਾ ਥਿੜਕਿਆ ਉੱਤੋਂ ਫਤਹਿ ਬੁਲਾ ਤੀ..ਵੇਖ ਸ਼ਹੀਦੀ ਜਥਿਆਂ ਫੇਰ ਭਾਜੜ ਪਾ ਤੀ..!
ਅੱਜ ਲੱਖ ਪਰਦੇ ਪਾਈ ਜਾਵਣ ਪਰ ਭਾਜੜ ਤੇ ਵਾਕਿਆ ਹੀ ਪਈ ਹੀ ਸੀ..ਟੈਂਕ ਤੋਪਾਂ ਤੇ ਫੇਰ ਫਸਿਆਂ ਨੇ ਲਿਆਂਧੀਆਂ..ਸੱਪ ਦੇ ਮੂੰਹ ਵਿਚ ਕੋਹੜ ਕਿਰਲੀ..ਇੰਟਰ-ਵਿਊਆਂ ਵੇਖ ਲਵੋ..ਬੁੱਲਾਂ ਤੇ ਸੀਕਰੀ ਅਤੇ ਵਜੂਦ ਦੇ ਕਾਂਬੇ..ਕਿਸਮਤ ਦੀ ਅਣਜਾਣ ਧੁਨੀ ਵਿਚ ਕਿਧਰੇ ਲੁਕਿਆ ਪਿਆ ਬਰਾੜ..ਅੱਜ ਵੀ ਭਾਵੇਂ ਗਲਤੀ ਨਹੀਂ ਮੰਨਦਾ ਪਰ ਇਨਾਂ ਜਰੂਰ ਆਖਦਾ ਕੇ ਚੁਰਾਸੀ ਮਗਰੋਂ ਪੂਰੀ ਜਿੰਦਗੀ ਹੀ ਬਦਲ ਗਈ..ਨਾ ਮਾਇਆ ਮਿਲੀ ਨਾ ਰਾਮ..!
ਅੱਜ ਕਈ ਸਲਾਹਾਂ ਦਿੰਦੇ ਉਸ ਵੇਲੇ ਦੀ ਗੱਲ ਨਾ ਕਰੋ..ਬੱਸ ਅਗਲੀ ਪੀੜੀ ਨੂੰ ਪੜਾਓ..ਚੰਗੇ ਪਾਸੇ ਲਾਓ..ਬਹੁਤ ਸਦੀਆਂ ਹੋ ਗਈਆਂ ਸ਼ਹੀਦੀਆਂ ਦਿੰਦਿਆਂ ਨੂੰ..ਹੁਣ ਲਾਈਨਾਂ ਦੇ ਕਾਂਟੇ ਬਦਲ ਦਿਓ..ਪਰ ਕੌਣ ਸਮਝਾਵੇ ਕੇ ਅਚਨਚੇਤ ਬਦਲੇ ਕਾਂਟੇ ਵੀ ਕਈ ਵੇਰ ਵੱਡੇ ਨੁਕਸਾਨ ਕਰ ਜਾਇਆ ਕਰਦੇ..ਉੜੀਸਾ ਰੇਲ ਹਾਦਸੇ ਵਿਚ ਇਹੋ ਹੋਇਆ..ਕੁਝ ਟਿੱਚਰ ਕਰਦੇ ਕੀ ਖੱਟਿਆ ਮੁਹੱਬਤਾਂ ਪਾ ਕੇ ਐਵੇਂ ਬਦਨਾਮ ਹੋ ਗਏ..!
ਪਰ ਆਪਣੇ ਮਲੂਕ ਫੁੱਲਾਂ ਨੂੰ ਇਤਿਹਾਸ ਜਰੂਰ ਦੱਸੋ..ਦਾਦੇ ਪੜਦਾਦੇ ਕਿਸੇ ਦੌਰ ਵਿਚੋਂ ਲੰਘੇ ਸਨ..ਕੁਝ ਵਰ੍ਹਿਆਂ ਬਾਅਦ ਇਹ ਸਮਕਾਲੀ ਮੁੱਕ ਜਾਣੇ..ਟਾਵਾਂ-ਟਾਵਾਂ ਹੀ ਰਹਿ ਜਾਣਾ..ਲੱਭ ਲੱਭ ਕੇ ਓਹਨਾ ਅੰਦਰ ਜੋ ਵੀ ਦੱਬਿਆ ਹੈ ਬਾਹਰ ਕਢਵਾ ਕੇ ਦਸਤਾਵੇਜ ਬਣਾਓ..ਕਿਓੰਕੇ ਇਹਨਾਂ ਲਿਖਤਾਂ ਤੇ ਹੀ ਅੱਗਿਓਂ ਖੋਜਾਂ ਪੀ ਐਚ ਡੀਆਂ ਅਤੇ ਸੈਮੀਨਾਰ ਹੋਇਆ ਕਰਨੇ..ਸੱਚਾਈ ਦੱਸਣ ਵਾਲੇ ਯਾਦ ਕੀਤੇ ਜਾਣਗੇ..ਵਕਤੀ ਫਾਇਦੇ ਲੈ ਕੇ ਲਕੀਰ ਤੋਂ ਪਾਰ ਜਾ ਖਲੋਤਿਆਂ ਨੂੰ ਹਰ ਪੀੜੀ ਲਾਹਨਤਾਂ ਦੇ ਟੋਕਰੇ!
ਅੱਗੋਂ ਮਨੁੱਖਾ ਜਨਮ ਤਾਂ ਭਾਵੇਂ ਨਾ ਮਿਲੇ ਪਰ ਰੂਹਾਂ ਜਮੀਰਾਂ ਦੇ ਪੱਕੀ ਵਹੀ ਖਾਤਿਆਂ ਵਿੱਚ ਇਹ ਜਰੂਰ ਲਿਖਿਆ ਜਾਵੇਗਾ..ਭੀੜ ਪਈ ਤੇ ਟਾਂਡਿਆਂ ਵਾਲੀ ਵੱਲ ਕੌਣ ਸੀ ਤੇ ਭਾਂਡਿਆਂ ਵਾਲੀ ਵੱਲ ਕੌਣ..ਅਤੇ ਦੋਹੀਂ ਪਾਸੀਂ ਕੌਣ..ਦੋਗਲੇ ਸਭ ਤੋਂ ਵੱਧ ਖਤਰਨਾਕ..ਥੋੜੀ ਕੀਤੀਆਂ ਪਛਾਣੇ ਜੂ ਨਹੀਂ ਜਾਂਦੇ..ਸਾਡੇ ਵਾਂਙ ਹੀ ਦਿਸਦੇ..ਇੱਕ ਦੌਰ ਐਸਾ ਵੀ ਆਇਆ..ਠਾਹਰਾਂ ਤੇ ਬੈਠਿਆਂ ਨੂੰ ਖਾਕੀ ਵਰਦੀ ਨਾਲੋਂ ਤੁਰੇ ਆਉਂਦੇ ਖੱਟੇ ਪਰਨੇਆਂ ਵਾਲੇ ਜਿਆਦਾ ਫ਼ਿਕਰਮੰਦੀ ਪਾਉਂਦੇ..ਪਤਾ ਨਹੀਂ ਬੁੱਕਲ ਦਾ ਕਿਹੜਾ ਸੱਪ ਕਾਰਾ ਕਰ ਜਾਵੇ..ਅੱਜ ਵੀ ਇੰਝ ਦੇ ਅਣਗਿਣਤ ਮੀਆਂ ਮਿੱਠੂ..ਬਗਲੇ ਭਗਤ..ਹਰ ਪਾਸੇ ਕਾਬਜ..ਉਸ ਵੇਲੇ ਵੀ ਖੀਰਾਂ ਖਾਦੀਆਂ..ਅਗਲੇ ਇਤਬਾਰ ਕਰਕੇ ਅਮਾਨਤਾਂ ਰੱਖ ਗਏ..ਪਿੱਛੋਂ ਸੂਹਾਂ ਦੇ ਕੇ ਫਿਰਨੀ ਵੀ ਨਾ ਟੱਪਣ ਦਿੱਤੀ..ਮਗਰੋਂ ਕੁਝ ਦੇਰ ਘੇਸ ਵੱਟੀ ਰੱਖੀ..ਘੋਗਲ ਕੰਨਿਆਂ ਭੋਗਾਂ ਤੇ ਮਗਰਮੱਛੀ ਹੰਝੂ ਵਹਾਏ..ਉੱਚੀ ਉੱਚੀ ਵੈਣ ਵੀ ਪਾਏ..ਫੇਰ ਮੌਕਾ ਮਿਲਦਿਆਂ ਹੀ ਦੱਬੀਆਂ ਬੋਰੀਆਂ ਦੇ ਮੂੰਹ ਖੁੱਲ ਗਏ ਤੇ ਨਾਲ ਹੀ ਦੱਬੀਆਂ-ਘੁੱਟੀਆਂ ਕਿਸਮਤਾਂ ਦੇ ਵੀ..ਖੈਰ ਰੱਬ ਦੀ ਕਚੈਹਰੀ ਦਾ ਇਨਸਾਫ..ਇੱਕ ਨਹੀਂ ਤੇ ਦੂਜੀ ਪੀੜੀ ਨੂੰ ਇੱਕ ਨਾ ਇੱਕ ਦਿਨ ਲੇਖੇ ਦੇਣੇ ਹੀ ਪੈਣੇ..ਹਿਸਾਬ ਕਿਤਾਬ ਹੁੰਦੇ ਵੇਖੇ ਵੀ ਨੇ..ਕਿਸੇ ਨੂੰ ਸੁੱਤੇ ਪਏ ਨੂੰ ਦਬਾਅ ਪੈਂਦਾ..ਕੋਈ ਜੂੜਿਆਂ ਵਾਲੇ ਪ੍ਰੇਤ ਵੇਖ ਨੱਸ ਉੱਠਦਾ..ਕੋਈ ਨੀਂਦਰ ਵਿਚ ਨਹਿਰਾਂ ਕੱਸੀਆਂ ਵੱਲ ਨੂੰ ਤੁਰ ਪੈਂਦਾ..ਜਿਨ੍ਹਾਂ ਖਾਤਿਰ ਏਨਾ ਕੁਝ ਕੀਤਾ ਉਹ ਵੀ ਹੁਣ ਵਾਤ ਨਹੀਂ ਪੁੱਛਦੇ..ਕਰ ਯਾਦ ਜਵਾਨੀ ਰੋਵੇ..ਜਦੋਂ ਰੁਕ ਰੁਕ ਨਬਜ ਖਲੋਵੇ..ਫੇਰ ਚੱਕ ਲੋ ਚੱਕ ਲੋ ਹੋ ਜੇ ਤਾਂ ਮਾਮਲੇ ਗੜ-ਬੜ ਹੋ ਹੀ ਜਾਂਦੇ..ਖੈਰ ਗੱਲ ਲੰਮੀ ਹੋ ਜਾਣੀ ਇਸੇ ਤੇ ਹੀ ਮਕਾਉਂਦੇ ਹਾਂ ਕੇ ਕਿਸੇ ਯਹੂਦੀ ਨੂੰ ਪੁੱਛਿਆ ਕੇ ਤੁਹਾਡੀ ਅਗਲੀ ਪੀੜੀ ਇਤਿਹਾਸ ਬਾਰੇ ਏਨੀ ਚੇਤੰਨ ਕਿੱਦਾਂ ਏ?
ਆਖਣ ਲੱਗਾ ਅਸਾਂ ਕਿਤਾਬਾਂ ਤੇ ਪੂਰੀ ਟੇਕ ਨਹੀਂ ਰੱਖੀ..ਸਾਡੀ ਕੌਂਮ ਦੀ ਹਰ ਦਾਦੀ ਨਾਨੀ ਪੋਤਰਿਆਂ ਦੋਹਤਿਆਂ ਨੂੰ ਸੌਣ ਲਗਿਆਂ ਲੋਰੀਆਂ ਕਹਾਣੀਆਂ ਦੇ ਨਾਲ ਨਾਲ ਉਹ ਸਭ ਕੁਝ ਵੀ ਸੁਣਾਉਂਦੀ ਏ ਜੋ ਓਹਨਾ ਖੁਦ ਕਿਸੇ ਵੇਲੇ ਵਜੂਦ ਤੇ ਹੰਢਾਇਆ ਸੀ..ਪੀੜੀ ਦਰ ਪੀੜੀ ਚੱਲਦੇ ਇਸ ਲੈਣ ਦੇਣ ਵਿਚ ਕਦੇ ਮਿਲਾਵਟ ਨਹੀਂ ਹੁੰਦੀ..!
ਰਹੀ ਗੱਲ ਕਿਤਾਬਾਂ ਦੀ..ਕਿਤਾਬਾਂ ਦਾ ਕੀ ਏ ਅੱਜ ਵੀ ਅਨੇਕਾਂ ਰਾਜ ਕਵੀ..ਸ਼੍ਰੋਮਣੀ ਲੇਖਕ ਅਤੇ ਸਹਿਤ ਸਭਾਵਾਂ ਦੇ ਪ੍ਰਧਾਨ ਐਸੇ ਜਿਹੜੇ ਕੁਝ ਛਿੱਲੜ ਸਹੂਲਤਾਂ ਖਾਤਿਰ ਪਰਖ ਦੀ ਘੜੀ ਵੇਲੇ ਚੁੱਪ ਰਹਿਣ ਨੂੰ ਤਰਜੀਹ ਦੇਣੀ ਆਪਣਾ ਰਾਜ ਧਰਮ ਸਮਝਦੇ ਨੇ..!
ਹਰਪ੍ਰੀਤ ਸਿੰਘ ਜਵੰਦਾ
bahot vadia bilkul sach keha tusi