ਪਾਨ ਸਿੰਘ ਤੋਮਰ..ਕਦੇ ਚੱਲਦੀ ਹੋਵੇ ਤਾਂ ਪੂਰੀ ਵੇਖੀਦੀ..ਪੂਰੀ ਫਿਲਮ ਵਿੱਚ ਇੱਕ ਵੀ ਘੋੜਾ ਨਹੀਂ..ਬੱਸ ਪੈਦਲ ਮਾਰਚ..ਜਾਂ ਫੇਰ ਜੀਪਾਂ..ਤਿੰਨ ਰਾਜਾਂ ਦੀ ਪੁਲਸ ਨਾਲ ਲੁਕਣਮੀਚੀ ਖੇਡਦੇ ਬਾਗੀ..ਨਾ ਕੋਈ ਸੰਘ ਪਾੜ ਡਾਇਲਾਗ..ਨਾ ਕੋਈ ਪ੍ਰਭਾਵਸ਼ਾਲੀ ਲੀੜਾ-ਲੱਤਾ..ਬੱਸ ਅੱਖਾਂ ਬੋਲਦੀਆਂ..ਤਸਵੀਰ ਵਿਚਲੇ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਧੱਕੇਸ਼ਾਹੀ ਦੇ ਸਤਾਏ ਹੋਏ..ਨਵਾਜੂਦੀਨ ਸਦੀਕੀ..ਪੁਲਸ ਦਾ ਗੰਢਿਆ ਹੋਇਆ ਮੁਖਬਿਰ ਗੋਪੀ..!
ਪੰਜਾਬ ਦਾ ਖਾੜਕੂਵਾਦ ਸਮਝਣਾ ਹੋਵੇ ਤਾਂ ਆਹ ਫਿਲਮ ਤੇ ਜਾਂ ਫੇਰ ਸ਼ਾਹਿਦ ਕਪੂਰ ਵਾਲੀ “ਹੈਦਰ” ਵੇਖ ਲਵੋ..ਸਭ ਕੁਝ ਨਿੱਤਰ ਆਵੇਗਾ..ਬੋਲੀਵੁਡ ਦਾ ਸਤਿਕਾਰ ਸਿਰਫ ਇਹੋ ਜਿਹੀਆਂ ਸ਼ਾਹਕਾਰੀਆ ਲਈ..ਅੱਗੇ ਵੀ ਆਖਦਾ ਹੁਣ ਵੀ..ਪੰਜਾਬੀ ਸਿਨੇਮਾ ਅਜੇ ਬਹੁਤ ਫਾਡੀ..ਸਾਡੇ ਕੋਲ ਅਜੇ ਕੱਲ ਅਸਲ ਵਾਪਰੇ ਦਾ ਵੱਡਾ ਖਜਾਨਾ..ਤਾਂ ਵੀ ਸਦੀਆਂ ਪੁਰਾਣੇ ਵਰਤਾਰੇ ਕੱਢ ਕੱਢ ਵਰਤਣੇ ਪੈਂਦੇ..ਡਰ ਦਿੱਲੀ ਕਿਧਰੇ ਲਕੀਰ ਤੋਂ ਦੂਜੇ ਪਾਰ ਸਮਝ ਬਿੱਲੀ ਹੀ ਨਾ ਮਾਰ ਦੇਵੇ..ਕਾੜ੍ਹਨੀ ਦੇ ਦੁੱਧ ਤੋਂ ਵੀ ਤੇ ਚੂਹੀਆਂ ਦੇ ਸ਼ਿਕਾਰ ਤੋਂ ਵੀ ਜਾਂਦੇ ਰਹਾਂਗੇ..ਤਾਂ ਹੀ ਫੇਰ “ਅੱਧੀ ਮੈਂ ਗਰੀਬ ਜੱਟ ਦੀ ਅੱਧੀ ਤੇਰੀ ਹਾਂ ਮੁਲਾਹਜੇਦਾਰਾ”
ਨਕਲੀ ਹਥਿਆਰ ਅਸਾਲਟਾਂ..ਜਿਹਨਾਂ ਅਸਲੀ ਵੇਖੀਆਂ ਉਹ ਝੱਟ ਪਛਾਣ ਜਾਂਦੇ..!
ਚੀ..ਗੁਵੇਰਾ ਦਾ ਜਨਮ ਦਿਨ ਲੰਘ ਕੇ ਗਿਆ..ਇੱਕ ਭੇਡਾਂ ਦੇ ਚਰਵਾਹੇ ਨੇ ਮੁਖਬਰੀ ਕੀਤੀ..ਫੜਿਆ ਗਿਆ..ਚਰਵਾਹਾ ਆਖਣ ਲੱਗਾ ਜਦੋਂ ਗੋਲੀਆਂ ਚਲਾਉਂਦਾ ਸੀ ਤਾਂ ਮੇਰੀਆਂ ਭੇਡਾਂ ਡਰ ਜਾਂਦੀਆਂ ਸਨ..ਦੁੱਧ ਸੁੱਕ ਜਾਂਦਾ ਸੀ..ਗੁਵੇਰਾ ਆਖਿਆ ਕਰਦਾ ਇਨਕਲਾਬ ਕੋਈ ਅੰਬ ਨਹੀਂ ਜਿਹੜਾ ਪੱਕ ਕੇ ਝੋਲੀ ਵਿੱਚ ਆਣ ਡਿੱਗੂ..ਸਿਰ ਤਲੀ ਤੇ ਰੱਖ ਸੰਘਰਸ਼ ਕਰਨਾ ਪੈਂਦਾ..!
ਭਾਈ ਜਸਵੰਤ ਸਿੰਘ ਕੰਵਲ ਮਈ ਦੇ ਅਖੀਰੀ ਦਿਨਾ ਵਿੱਚ ਅੰਦਰ ਗਿਆ..ਅਖੇ ਸੰਤ ਜੀ ਅਜੇ ਵੀ ਵੇਲਾ ਜੇ ਕੋਈ ਵਿੱਚ ਵਿਚਾਲੇ ਦਾ ਰਾਹ ਨਿੱਕਲ ਆਵੇ..ਤਾਂ ਵੱਡਾ ਨੁਕਸਾਨ ਹੋਣੋਂ ਬਚ ਜਾਵੇਗਾ..ਅੱਗੋਂ ਆਖਣ ਲੱਗੇ ਫੇਰ ਚੁੱਕ ਜੁੰਮੇਵਾਰੀ ਕੇ ਉਹ ਮੇਰੇ ਜਾਣ ਮਗਰੋਂ ਵੀ ਇਥੇ ਕੁਝ ਨਹੀਂ ਕਰੇਗੀ..ਅੱਗਿਓਂ ਆਖਣ ਲੱਗੇ ਸੰਤ ਜੀ ਮੇਰੀ ਅਜੇ ਏਨੀ ਔਕਾਤ ਨਹੀਂ ਕੇ ਏਡੀ ਵੱਡੀ ਜੁੰਮੇਵਾਰੀ ਚੁੱਕ ਸਕਾਂ..ਅੱਗੋਂ ਆਖਣ ਲੱਗੇ ਤੇਰੇ ਅੰਦਰ ਸਿੱਖੀ ਦੀ ਲਾਟ ਬਲਦੀ ਤਾਂ ਹੀ ਤੂੰ ਮੈਨੂੰ ਚੰਗਾ ਲੱਗਦਾ ਪਰ ਤੇਰੇ ਅੰਦਰ ਦਾ ਕਾਮਰੇਟ ਅਜੇ ਪੂਰੀ ਤਰਾਂ ਮਰਿਆ ਨਹੀਂ..ਸ਼ਹੀਦੀ ਸਾਮਣੇ ਸੀ ਤਾਂ ਵੀ ਟਿੱਚਰਾਂ..!
ਇੱਕ ਵੀਡਿਓ ਬੜੀ ਵਾਇਰਲ ਹੋ ਰਹੀ ਏ..ਸੱਦਾਮ ਹੁਸੈਨ ਨੂੰ ਜੱਜ ਮੌਤ ਦੀ ਸਜਾ ਸੁਣਾ ਦਿੰਦਾ ਤੇ ਉਹ ਅੱਗਿਓਂ ਖਿੜ-ਖਿੜਾ ਕੇ ਹੱਸ ਪੈਂਦਾ..ਜੱਜ ਨੇ ਆਖਰੀ ਖ਼੍ਵਾਹਿਸ਼ ਪੁੱਛੀ..ਆਖਦਾ ਮੈਨੂੰ ਕੋਟ ਲਿਆ ਦਿਓ..ਪੁੱਛਦਾ ਉਹ ਕਿਓਂ..ਅਖੇ ਠੰਡ ਦੇ ਮੌਸਮ ਕਰਕੇ ਫਾਂਸੀ ਦੇ ਤਖਤੇ ਤੇ ਐਨ ਮੌਕੇ ਕੰਬਣੀ ਛਿੜ ਗਈ ਤਾਂ ਮੇਰੇ ਮੁਲਖ ਵਾਸੀ ਕਿਧਰੇ ਇਹ ਨਾ ਸਮਝ ਲੈਣ ਕੇ ਸੱਦਾਮ ਡਰ ਨਾਲ ਕੰਬ ਗਿਆ..ਮੌਤ ਦੇ ਪਰਵਾਨਿਆਂ ਦੀ ਸੋਚ ਹੋਰ ਹੀ ਹੁੰਦੀ..ਤੁਰਨਾ ਦੋ ਕਦਮ ਪਰ ਤੁਰਨਾ ਮਟਕ ਦੇ ਨਾਲ ਵਾਲੀ..ਜੇ ਤਰਲਾ ਮਿੰਨਤ ਕਰਕੇ ਉਸਦੀ ਫਾਂਸੀ ਟਲ ਵੀ ਜਾਂਦੀ ਤਾਂ ਹੁਣ ਤੀਕਰ ਉਸਨੇ ਵੈਸੇ ਹੀ ਮਰ ਜਾਣਾ ਸੀ..ਕਈ ਸਾਮਣੇ ਮਰੇ ਹੀ ਹਨ..ਸੌ-ਸੌ ਸਾਲ ਦੇ ਹੋ ਕੇ ਪਰ ਲਾਹਨਤਾਂ ਖੱਟ ਕੇ ਗਏ..!
ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ..ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾ ਵਾਲਾ..ਪਿਆਰ ਮੁਹੱਬਤ ਵਾਲੇ ਆਸ਼ਕ ਨਹੀਂ ਸਗੋਂ ਕੁਰਬਾਨੀ ਲਈ ਤਤਪਰ ਰਹਿੰਦੇ ਪਰਵਾਨੇ..ਬਕੌਲ ਭਾਈ ਜਸਵੰਤ ਸਿੰਘ ਖਾਲੜਾ..ਸ਼ਹੀਦੀ ਦੀ ਦਾਤ ਐਵੇਂ ਨਹੀਂ ਮਿਲਦੀ..ਬਕਾਇਦਾ ਚੋਣ ਹੁੰਦੀ ਤਾਂ ਜਾ ਕੇ ਫੇਰ ਸਦੀਵੀਂ ਰੁਤਬੇ ਮਿਲਦੇ..!
ਹਰਪ੍ਰੀਤ ਸਿੰਘ ਜਵੰਦਾ