ਸਿੱਧਾ ਮੁੱਦੇ ਤੇ ਆਉਦੇ ਹਾਂ..ਇੱਕ ਵੱਡਾ ਸਵਾਲ..ਹੁਣ ਕੀਤਾ ਕੀ ਜਾਵੇ?
ਅਗਲੇ ਘਟੀਆ ਪੱਧਰ ਤੇ ਆ ਗਏ..ਪਿੱਠ ਪਿੱਛਿਓਂ ਕਰਦੇ ਤਾਂ ਸੁਣੇ ਸਨ ਪਰ ਹੁਣ ਪ੍ਰਤੱਖ ਹੀ ਦਿਸ ਰਿਹਾ..ਅਗਲਿਆਂ ਕੋਲ ਧੰਨ ਮਾਇਆ ਸੋਰਸ ਜਰੀਏ ਸੰਚਾਰ ਮਾਧਿਅਮ ਅਖਬਾਰਾਂ ਟੀ.ਵੀ ਅਤੇ ਹੋਰ ਵੀ ਕਿੰਨੇ ਕੁਝ ਦਾ ਵੱਡਾ ਭੰਡਾਰ ਪਰ ਅਸੀਂ ਅਜੇ ਵੀ ਦੁਬਿਧਾ ਵਿਚ ਕੇ ਪ੍ਰਸਾਰਣ ਦਾ ਟੈਂਡਰ ਕਿਸਨੂੰ ਦਿੱਤਾ ਜਾਵੇ..ਸਿੱਖਿਆ ਸਿੱਖੀ ਗੁਰ ਵਿਚਾਰ ਦੀ ਗੱਲ ਕਰਦਾ ਕਿਹੜਾ ਦੁਨੀਆਂ ਦੀ ਨਜਰ ਵਿਚ ਖਤਰਨਾਕ ਸ਼ੱਕੀ ਦਰਸਾਉਣਾ..ਖਰੜੇ ਤੇ ਸਾਫ ਸਾਫ ਲਿਖਿਆ..ਫੇਰ ਘੰਟਿਆਂ ਮਿੰਟਾਂ ਵਿਚ ਹੀ ਨੈਰੇਟਿਵ ਸਿਰਜ ਦਿੰਦੇ..ਫੇਰ ਸਾਰੀ ਦੁਨੀਆਂ ਵਿਚ ਕੂੜ ਪ੍ਰਚਾਰ ਕਰਦੇ ਹਜਾਰਾਂ ਝੋਲੀ ਚੁੱਕ..ਜਿੰਨੀ ਸਾਡੀ ਸਾਰੀ ਗਿਣਤੀ ਓਨੀ ਓਹਨਾ ਕੋਲ ਫੌਜ..ਸਰਹੱਦ ਤੇ ਲੜਨ ਵਾਲੀ ਨਹੀਂ ਸਗੋਂ ਏ.ਸੀ ਅੰਦਰ ਬੈਠ ਪ੍ਰੋਪੇਗੰਡਾ ਕਰਦੇ ਕਾਗਜੀ ਸ਼ੇਰਾਂ ਦੀ ਫੌਜ..ਉਹ ਸਮੇਂ ਦੇ ਨਾਲ ਨਾਲ ਬਦਲਾਓ ਲਿਆਂਉਂਦੇ ਗਏ ਪਰ ਸਾਡੇ ਪਰਨਾਲੇ ਅਜੇ ਵੀ ਓਥੇ ਦੇ ਓਥੇ..ਸਿਰਫ ਫੋਕੇ ਨਾਹਰੇ ਅਸੀਂ ਜਿਥੇ ਵੀ ਗਏ ਹਾਂ ਪੰਜਾਬ ਸਿਰਜ ਦਿੱਤਾ..ਸਾਡੇ ਏਨੇ ਐਮ.ਪੀ..ਏਨੇ ਐਮ.ਐੱਲ.ਏ..ਓਏ ਭੱਠ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਵੇ..ਜੇ ਦੁਨਿਆਵੀ ਪੱਧਰ ਤੇ ਆਪਣਾ ਨੈਰੇਟਿਵ ਹੀ ਨਾ ਸਮਝਾ ਸਕੇ ਤਾਂ ਅਸੀਂ ਅਚਾਰ ਪਾਉਣਾ..ਅਗਲੇ ਸੱਪ ਵੀ ਮਾਰੀ ਜਾਂਦੇ ਤੇ ਸੋਟੀ ਵੀ ਨਹੀਂ ਟੁੱਟਣ ਦਿੰਦੇ..!
ਦੁਨੀਆ ਦੇ ਹਰੇਕ ਸ਼ਹਿਰ..ਕਲੋਨੀ..ਸੰਸਥਾ..ਅਖਬਾਰ..ਚੈਨਲ ਮੰਚ ਸਭਾਵਾਂ ਨੁੱਕਰਾਂ ਸੱਥਾਂ ਇਥੋਂ ਤੱਕ ਕੇ ਧਾਰਮਿਕ ਅਦਾਰਿਆਂ ਤੀਕਰ ਵੀ ਡੂੰਘੀ ਸੰਨ ਲੱਗ ਚੁੱਕੀ ਏ..ਅਗਲੇ ਪੱਕੇ ਪੈਰੀ ਸਥਾਪਿਤ ਹੋ ਚੁਕੇ..ਕੋਈ ਸਟੇਜ ਤੇ ਸਿੱਖੀ ਸਿਧਾਂਤ ਦੀ ਗੱਲ ਲੱਗੇ ਓਸੇ ਵੇਲੇ ਕੰਨ ਵਿਚ ਫੂਕ ਵੱਜ ਜਾਂਦੀ..ਇੰਝ ਨਾ ਆਖੋ ਭਾਵਨਾਵਾਂ ਭੜਕਦੀਆਂ..ਬਾਹਰੋਂ ਸਿੱਖੀ ਅਤੇ ਪੰਥ ਖਾਲਸੇ ਰਾਜ ਦੀ ਗੱਲ ਕਰਦਾ ਅੰਦਰੋਂ ਕਿਸ ਕਿਸ ਨਾਲ ਆੜੀ ਭਿਆਲੀ ਪਾਈ ਬੈਠਾ..ਕੋਈ ਨੀਂ ਜਾਣਦਾ ਤੇ ਨਾ ਹੀ ਇਹ ਸਾਡੀ ਸਿਰਦਰਦੀ ਹੀ ਰਹੀ ਹੈ ਕੇ ਆਪਣਾ ਕੀਮਤੀ ਟਾਈਮ ਭੰਨ ਪਤਾ ਕਰਦੇ ਫਿਰੀਏ..ਬੱਸ ਤੋਰੀ ਫੁਲਕਾ ਸਹੀ ਸਲਾਮਦ ਚੱਲਦਾ ਰਹਿਣਾ ਚਾਹੀਦਾ..ਖਾਓ ਪੀਓ ਲਵੋ ਅਨੰਦ..ਭੱਠ ਚ ਪਵੇ ਪਰਮਾਨੰਦ..!
ਹੁਣ ਤੇ ਅੱਗ ਬਰੂਹਾਂ ਤੀਕਰ ਆਣ ਅੱਪੜੀ..ਇਥੇ ਦੇ ਘੋਗਲ ਕੰਨੇ ਸਾਰੀ ਉਮਰ ਵੀ ਲਗੇ ਰਹਿਣ ਨਹੀਂ ਪਤਾ ਕਰ ਸਕਦੇ ਕੇ ਭਾਣਾ ਵਰਤਾਇਆ ਕਿਸਨੇ..ਪਿਆਦੇ..ਬਿਸਾਤ..ਤਕਨੀਕਾਂ..ਟੈਕਨੋਲੋਜੀ..”ਏ” ਨੇ ਗੱਲ ਤੋਰੀ “ਜ਼ੈੱਡ” ਨੇ ਸਿਰੇ ਲਈ..ਅੰਦਰਲੇ ਚੋਵੀ ਅੱਖਰ..ਮਾਰਦੇ ਰਹੋ ਹੱਥ ਕੱਖੀਂ-ਪਲਾਹੀ..ਏਨੇ ਨੂੰ ਅਗਲਿਆਂ ਕੁਝ ਹੋਰ ਕਰ ਦੇਣਾ..ਕਿਓੰਕੇ ਨਾ ਤੇ ਇਹ ਪਹਿਲਾ ਏ ਤੇ ਨਾ ਹੀ ਆਖਰੀ ਹੋਵੇਗਾ..ਮੂੰਹ ਨੂੰ ਲਹੂ ਜੂ ਲੱਗ ਗਿਆ..ਹਿੰਙ ਲੱਗੇ ਨਾ ਫਟਕੜੀ..ਸੇਫ ਗੇਮ..ਦੁਸ਼ਮਣ ਅਹੁ ਗਿਆ ਅਹੁ ਗਿਆ ਕਰ ਦਿੰਦੇ..!
ਆਓ ਹੱਥਾਂ ਤੇ ਹੱਥ ਰੱਖ ਓਹਨਾ ਦਾ ਅਗਲਾ ਨਿਸ਼ਾਨਾਂ ਉਡੀਕੀਏ..ਫੇਰ ਕੁਝ ਪੋਸਟਾਂ..ਲੇਖ..ਟਿੱਪਣੀਆਂ..ਤੇ ਖੋਤੀ ਮੁੜ ਘੁੜ ਓਸੇ ਬੋਹੜ ਹੇਠ..!
ਜੇ ਇਸ ਦਿਲ ਟੁੰਬਵੇਂ ਵਿਅੰਗ ਤੇ ਗੱਲ ਮੁਕਾਈ ਤੇ ਮੰਦਾ ਚੰਗਾ ਆਖੋਗੇ..ਸੋ ਇੱਕ ਨਿਮਾਣੀ ਜਿਹੀ ਵਿਨਤੀ..ਆਪਣੇ ਆਲੇ ਦਵਾਲੇ ਵਿਚਰਦੇ ਬੁੱਕਲ ਦੇ ਸੱਪ ਪਛਾਣ ਲਵੋ..ਸਾਰੇ ਤੇ ਨਹੀਂ ਪਰ ਬਹੁਤਾਤ ਮਸਲੇ ਹੱਲ ਹੋ ਜਾਣੇ..ਜਿੱਦਣ ਝੋਟਾ ਮਰ ਗਿਆ ਜੂੰਆਂ ਖੁਦ-ਬਖ਼ੁਦ ਮਰ ਜਾਣੀਆਂ!
ਹਰਪ੍ਰੀਤ ਸਿੰਘ ਜਵੰਦਾ