ਸਵਖਤੇ ਹੀ ਸਾਰੇ ਰੌਲਾ ਪੈ ਗਿਆ..ਬਾਬਾ ਗੁਰਦੀਪ ਸਿੰਘ ਚੜਾਈ ਕਰ ਗਏ..!
ਲੰਮਾ ਤਲਿਸਮੀਂ ਦਾਹੜਾ..ਹਰ ਵੇਲੇ ਸਿਮਰਨ..ਅਕਸਰ ਹੀ ਸਾਡੀ ਆੜ੍ਹਤ ਤੋਂ ਵਿਆਜੀ ਪੈਸੇ ਲੈ ਜਾਇਆ ਕਰਦੇ..ਪੁੱਛਣਾ ਕੀ ਕਰਨੇ ਤਾਂ ਅੱਗਿਓਂ ਜੁਆਬ ਦੇਣ ਦੀ ਥਾਂ ਹੱਸ ਪੈਣਾ!
ਵੱਡੀ ਸਿਫਤ..ਮਿੱਥੇ ਟਾਈਮ ਤੋਂ ਪਹਿਲਾਂ ਹੀ ਸੂਦ ਸਮੇਤ ਮੋੜ ਜਰੂਰ ਜਾਇਆ ਕਰਦੇ..!
ਮੇਰੇ ਖਰੂਦੀ ਮਨ..ਹਮੇਸ਼ਾਂ ਜਗਿਆਸਾ ਬਣੀ ਰਹਿੰਦੀ..ਸਾਥੋਂ ਇਕ ਫ਼ੀਸਦੀ ਨਾਲ ਲੈ ਕੇ ਅੱਗੋਂ ਪਤਾ ਨੀ ਕਿਸ ਦਰ ਤੇ ਦਿੰਦਾ ਹੋਣਾ..ਜਿਹੜਾ ਚੇਹਰੇ ਤੇ ਹਮੇਸ਼ਾਂ ਹੀ ਇੱਕ ਸੁਰੂਰ ਜਿਹਾ ਛਾਇਆ ਰਹਿੰਦਾ ਏ..!
ਕਾਹਲੀ ਵਿਚ ਬਾਬੇ ਦਾ ਖਾਤਾ ਫਰੋਲਿਆ..ਪੂਰੇ ਪੰਜਤਾਲੀ ਹਜਾਰ..ਉੱਤੋਂ ਮੋੜਣ ਦਾ ਵੀ ਅੱਜ ਦਾ ਹੀ ਇਕਰਾਰ ਸੀ!
ਸਾਰੇ ਕੰਮ ਛੱਡ ਅਫਸੋਸ ਬਹਾਨੇ ਓਹਨਾ ਬਾਬੇ ਦੇ ਵੇਹੜੇ ਜਾ ਬੈਠਾ..ਐਨ ਵੇਹੜੇ ਵਿਚ ਰੱਖੀ ਦੇਹ..ਸ਼ਾਂਤ..ਸਥਿਰ ਅਤੇ ਨਿੰਮਾ-ਨਿੰਮਾ ਹੱਸਦੀ ਹੋਈ..ਇੰਝ ਲੱਗਾ ਗੂੜੀ ਨੀਂਦਰ ਸੁੱਤਾ ਪਿਆ ਬਾਬਾ ਜੀ ਹੁਣੇ ਹੀ ਉੱਠ ਪਵੇਗਾ..!
ਉਧਾਰ ਦਿੱਤੀ ਰਕਮ ਨੇ ਇੱਕ ਵੇਰ ਫੇਰ ਹਲੂਣਾ ਜਿਹਾ ਦਿੱਤਾ..ਤੇ ਮੈਂ ਬਹਾਨੇ ਜਿਹੇ ਨਾਲ ਉੱਠ ਦੂਰ ਬਾਬੇ ਜੀ ਦੇ ਪੁੱਤਰ ਕੋਲ ਜਾ ਬੈਠਾ..!
ਪੈਸਿਆਂ ਬਾਰੇ ਗੱਲ ਛੇੜਨ ਹੀ ਲੱਗਾ ਸਾਂ ਕੇ ਨਾਲ ਲੱਗਦੇ ਪਿੰਡ ਦਾ ਇੱਕ ਬੰਦਾ ਬਹਾਨੇ ਜਿਹੇ ਨਾਲ ਸਾਡੇ ਦੋਹਾਂ ਦੇ ਐਨ ਵਿਚਕਾਰ ਆਣ ਬੈਠਾ..ਬਿੰਦ ਕੂ ਮਗਰੋਂ ਓਹਲੇ ਜਿਹੇ ਨਾਲ ਲਫਾਫੇ ਵਿਚ ਲਪੇਟੇ ਹੋਏ ਨੋਟਾਂ ਦੇ ਕਿੰਨੇ ਸਾਰੇ ਬੰਡਲ ਬਾਬੇ ਜੀ ਦੇ ਪੁੱਤ ਵੱਲ ਵਧਾ ਦਿੱਤੇ ਤੇ ਆਖਣ ਲੱਗਾ ਜੀ ਪਿਛਲੇ ਹਫਤੇ ਮੇਰੀ ਧੀ ਦਾ ਕਾਰਜ ਤਾਂ ਸੁਖੀ ਸਾਂਦੀ ਨੇਪਰੇ ਚੜ ਗਿਆ ਸੀ ਪਰ ਏਧਰੋਂ ਓਧਰੋਂ ਰਕਮ ਇੱਕਠੀ ਕਰਦਿਆਂ ਥੋੜੀ ਘੜੀ ਲੱਗ ਗਈ..!
ਨਾਲ ਹੀ ਕੋਲ ਬੈਠੇ ਨੇ ਮੇਰੇ ਪੈਰਾਂ ਨੂੰ ਹੱਥ ਲਾ ਦਿੱਤੇ..ਅਖੇ ਜੀ ਇਹ ਰਕਮ ਫੜਾਉਂਦਿਆਂ ਬਾਬਾ ਜੀ ਵਾਰ ਵਾਰ ਤੁਹਾਡਾ ਜਿਕਰ ਕਰੀ ਜਾ ਰਹੇ ਸਨ ਕੇ ਭਾਈ ਮੇਰਾ ਇਤਬਾਰ ਨਾ ਤੋੜੀ..ਵੇਲੇ ਸਿਰ ਰਕਮ ਜਰੂਰ ਮੋੜ ਜਾਵੀਂ..ਇਤਬਾਰ ਬੜੀ ਮੁਸ਼ਕਿਲ ਬਣਦਾ ਏ..ਆੜਤੀਏ ਬਿਨਾ ਵਿਆਜ ਦੀ ਵੱਡੀ ਰਕਮ ਸਿਰਫ ਇਸੇ ਲਈ ਹੀ ਦੇ ਦਿੰਦੇ ਨੇ ਕਿਓੰਕੇ ਅਜੇ ਤੀਕਰ ਆਪਣੇ “ਵਿਹਾਰ ਵਿਚ ਕੋਈ ਖੋਟ” ਨਹੀਂ ਲੱਭੀ..!
“ਵਿਹਾਰ ਵਿਚ ਖੋਟ” ਬਾਰੇ ਸੁਣ ਜੀਵੇਂ ਮੇਰੇ ਸਿਰ ਤੇ ਸੌ ਘੜੇ ਪਾਣੀ ਪੈ ਗਿਆ ਹੋਵੇ..!
ਮੈਥੋਂ ਵਿਆਜੀ ਲੈ ਕੇ ਅੱਗਿਓਂ ਬਿਨਾ ਵਿਆਜ ਦੇ ਲੋੜਵੰਦਾਂ ਵਿਚ ਰਕਮ ਵੰਡਦਾ ਹੋਇਆ ਬਾਬਾ ਗੁਰਦੀਪ ਸਿੰਘ ਪਤਾ ਨਹੀਂ ਕਿਹੜੇ ਲੋਕ ਦਾ ਭੋਲਾ ਵਿਓਪਾਰੀ ਸੀ..!
ਹੁਣ ਤੱਕ ਵਾਪਰੇ ਇਸ ਵਰਤਾਰੇ ਨੇ ਮੇਰੇ ਅੰਦਰ ਦਾ ਲਾਲਚੀ ਕਾਰੋਬਾਰੀ ਖਤਮ ਕਰ ਦਿੱਤਾ ਅਤੇ ਜ਼ਿਹਨ ਅੰਦਰ ਜਾਗ ਪਈ ਇਨਸਾਨੀਅਤ ਦੀ ਇਕ ਨਿੱਕੀ ਚਿਣਗ ਆਥਣੇ ਓਦੋਂ ਤੱਕ ਲਾਹਨਤਾਂ ਪਾਉਂਦੀ ਰਹੀ ਜਦੋਂ ਤੱਕ ਵਾਪਿਸ ਪਰਤਦੇ ਓਸੇ ਹਮਾਤੜ ਬਾਪ ਨੂੰ ਦਸ ਹਜਾਰ ਦਾ ਬੰਡਲ ਏਨੀ ਗੱਲ ਆਖਦਿਆਂ ਮੋੜ ਨਹੀਂ ਸੀ ਦਿੱਤਾ ਕੇ ਗੁਰਮੁਖਾ ਜੇ ਬਾਬੇ ਹੂਰੀ ਜਿਉਂਦੇ ਜੀ ਕਿੰਨੀਆਂ ਧੀਆਂ ਦਾ ਵਿਆਜ ਆਪਣੇ ਪੱਲਿਓਂ ਭਰ ਸਕਦੇ ਨੇ ਤਾਂ ਤੇਰੀ ਕਰਮਾਂ ਵਾਲੀ ਧੀ ਨੂੰ ਏਨਾ ਕੂ ਸ਼ਗਨ ਦੇਣਾ ਤੇ ਸਾਡੇ ਵਰਗੇ ਵਿਓਪਾਰੀਆਂ ਵੱਲੋਂ ਵੀ ਬਣਦਾ ਈ ਏ!
ਕਿੰਨੇ ਅਰਸੇ ਬਾਅਦ ਉਸ ਰਾਤ ਮੈਂ ਪਹਿਲੀ ਵੇਰ ਏਨੀ ਗੂੜੀ ਨੀਂਦਰ ਸੁੱਤਾ ਸਾਂ..!
ਹਰਪ੍ਰੀਤ ਸਿੰਘ ਜਵੰਦਾ