ਦਾਦੀ ਦਾ ਰੰਗ ਥੋੜਾ ਪੱਕਾ ਅਤੇ ਪੈਰਾਂ ਦੀਆਂ ਉਂਗਲੀਆਂ ਆਲੇ ਦੁਆਲੇ ਨੂੰ ਵਿੰਗੀਆਂ ਸਨ ,ਇਸੇ ਕਰਕੇ ਬੇਬੇ ਉਸਨੂੰ ਵਿੰਗੇ ਪੈਰਾਂ ਵਾਲੀ ਕਹਿੰਦੀ ਹੁੰਦੀ ਸੀ।ਦਾਦੀ ਬੋਲਣ ਲੱਗੀ ਕਿਸੇ ਦਾ ਲਿਹਾਜ਼ ਨਹੀਂ ਕਰਦੀ ਸੀ ਸੀ।ਇੱਥੋਂ ਤੱਕ ਕਿ ਰੱਬ ਨੂੰ ਵੀ ਨਹੀਂ ਬਖਸ਼ਦੀ ਸੀ ,ਜੇਕਰ ਮੀਂਹ ਨਾ ਪੈਂਦੇ ਤਾਂ ਦਾਦੀ ਗਲੀਆਂ ਵਿੱਚ ਰੌਲਾ ਪਾ ਦਿੰਦੀ “ਪਤਾ ਨਹੀਂ ਕਿੱਧਰ ਮਰ ਗਿਆ ਇਹ ਢੈਹ ਜਾਣਾ ! ਕਿਹੜੇ ਸਮਾਨੀ ਚੜ੍ਹ ਗਿਆ !!ਮਾਰਦੂ ਇਹ ਲੋਕਾਂ ਨੂੰ “। ਜੇਕਰ ਕਿਧਰੇ ਝੜੀ ਲੱਗ ਜਾਣੀ ਤਾਂ ਫੇਰ ਗਾਲਾਂ ਕੱਢਣੀਆਂ ” ਇਹਨੀਂ ਹੱਟਦਾ ਟੁੱਟ ਪੈਣਾ!ਲੋਕਾਂ ਦੇ ਘਰ ਢਾਕੇ ਜਾਊ!! ਦਸ ਦਿਨ ਹੋਗੇ ਪੈਂਦੇ ਨੂੰ!!!ਹੱਟਜਾ,,,,ਹੱਟਜਾ ਲੋਕਾਂ ਨੂੰ ਕੱਖ ਪੱਠਾ ਵੀ ਵੱਢ ਲਿਆਉਣ ਦੇ!!!
ਇਹੋ ਜਿਹੇ ਝੜੀ ਦੇ ਮੌਸਮ ਵਿੱਚ ਦਾਦੀ ਘਰੇ ਆਕੇ ਬੇਬੇ ਬਾਪੂ ਨੂੰ ਲੜਾਕੇ ਆਪਣੀ ਮੱਝ ਜੋਗਾ ਟੋਕਾ ਲੈ ਜਾਂਦੀ। ਬੇਬੇ ਦੀ ਨਿੰਦਿਆ ਕਰਦੀ ਤੇ ਬਾਪੂ ਦੀਆਂ ਸਿਫਤਾਂ “ਇਹ ਤਾਂ ਰੂਹ ਆਲਾ ਸਰਦਾਰ ਏ, ਤੂੰ ਆ ਗੀ ਨੰਗੇ ਭੁੱਖੇ ਘਰ ਦੀ,ਜੇ ਮੈਂ ਆਪਣੀ ਆਈ ਤੇ ਆਗੀ ਹੁਣ ਵੀ ਘਰ ਸਾਂਭ ਲੂੰ” ਇਵੇਂ ਗੱਲਾਂ ਕਰਦੀ ਕਰਦੀ ਦਾਦੀ ਖਾਦ ਦੇ ਥੈਲਿਆਂ ਦੀ ਬਣੀ ਪੱਲੀ ਵਿੱਚ ਥੋੜਾ ਟੋਕਾ ਪਾ ਲੈਂਦੀ ਤੇ ਫਿਰ ਰੱਜਕੇ ਅਸੀਸਾਂ ਦਿੰਦੀ।”ਰੱਬ ਥੋਨੂੰ ਰਾਜੀ ਰੱਖੇ,ਵਧੋ ਫੁੱਲੋ,ਰੱਬ ਥੋਡੀ ਨੂੰਹ ਨੂੰ ਮੁੰਡਾ ਦਵੇ”ਫੇਰ ਜਾਣ ਲੱਗੀ ਬੇਬੇ ਕੋਲੋਂ ਚਾਹ ਵੀ ਪੀ ਜਾਂਦੀ।
ਦਰਵਾਜੇ ਬੈਠਾ ਦਾਦਾ ਵੀ ਆਪਣਾ ਗੁੱਭ ਗਵਾਹਟ ਕੱਢ ਲੈਂਦਾ ” ਤੇਰੇ ਨੀ ਪੈਰ ਟਿਕਦੇ ,ਮੀਂਹ ‘ਚ ਤਾਂ ਘਰ ਬਹਿ ਜਿਆ ਕਰ” ਦਾਦੇ ਨੂੰ ਦਾਦੀ ਚਾਰੇ ਪੈਰ ਚੱਕ ਕੇ ਪੈਂਦੀ ।ਦਾਦਾ ਫੇਰ ਕੁੱਝ ਨਾ ਬੋਲਦਾ ਤੇ ਮੂੰਹ ਵਿੱਚ ਹੀ ਬੁੜ ਬੁੜ ਕਰੀ ਜਾਂਦਾ। ਦਾਦੀ ਘਰੋਂ ਚੀਜ਼ ਵਸਤ ਦੇਣ ਵਾਲਿਆਂ ਨੂੰ ਰੱਜਕੇ ਅਸੀਸਾਂ ਦਿੰਦੀ ਤੇ ਜਵਾਬ ਦੇਣ ਵਾਲਿਆਂ ਦੀ ਦੂਜੇ ਘਰਾਂ ਕੋਲ ਰੱਜਕੇ ਨਿੰਦਾ ਕਰਦੀ।
ਦਾਦੀ ਆਪਣੀ ਮਧਰੇ ਕੱਦ ਵਾਲੀ ਵੱਡੀ ਨੂੰਹ ਨਾਲ ਵੀ ਇੱਟਾ ਖੜੱਕਾ ਕਰੀ ਰੱਖਦੀ ਕਿ ਤੇਰੇ ਪੇਕਿਆਂ ਨੇ ਉਮਰ ਛੋਟੀ ਦੱਸਕੇ ਸਾਡੇ ਨਾਲ ਧੋਖਾ ਕੀਤਾ। ਖਾਸ ਕਰ ਉਸਦੇ ਭਾਈ ਡੋਗਰ ਨੂੰ ਇਸ ਰਿਸ਼ਤੇ ਲਈ ਜਿੰਮੇਵਾਰ ਦੱਸਦੀ ਹੋਈ ਗਾਲਾਂ ਕੱਢਦੀ।ਦਾਦੀ ਉਸ ਨੂੰ ਵਿਆਹ ਸਮੇਂ ਛੋਟੀ ਉਮਰ ਦੀ ਨਾ ਹੋਣ ਦੀ ਥਾਂ ਪੱਕਾ ਬਿਆੜ ਦੱਸਦੀ ਸੀ।
ਆਪਣੀ ਨੌਕਰੀ ਲੱਗਣ ਸਮੇਂ ਮੈਂ ਦਾਦੀ ਨੂੰ ਇੱਕ ਵਧੀਆ ਸੂਟ ਲੈਕੇ ਦਿੱਤਾ ਸੀ।ਦਾਦੀ ਨੇ ਮੇਰਾ ਸਿਰ ਪਲੋਸਿਆ।
ਅਸੀਸਾਂ ਦੀ ਝੜੀ ਲਾ ਦਿੱਤੀ।
ਅਚਾਨਕ ਫੇਰ ਕਾਫੀ ਦਿਨ ਦਾਦੀ ਨਜ਼ਰ ਨਾ ਆਈ ਤੇ ਸਵੇਰੇ ਪਿੱਪਲ ਥੱਲੇ ਆਲੇ ਦੁਆਲੇ ਦੇ ਘਰਾਂ ਵਾਲੇ ਕੱਪੜਾ ਵਿਛਾਕੇ ਬੈਠੇ ਸਨ।ਦੁਪਹਿਰ ਸਮੇਂ ਦਾਦੀ ਦੀ ਦੇਹ ਨੂੰ ਜ਼ਮੀਨ ਵਿੱਚ ਦੱਬ ਦਿੱਤਾ ਗਿਆ। ਬੇਬੇ -ਬਾਪੂ ਕਈ ਦਿਨ ਉਦਾਸ ਰਹੇ ਤੇ ਹੱਲਿਆਂ ਵੇਲੇ ਦੀਆਂ ਗੱਲਾਂ ਯਾਦ ਕਰਦੇ ਰਹੇ ਕਿ ਕਿਵੇਂ ਦਾਦੀ ਦੇ ਪਰਿਵਾਰ ਨੂੰ ਪਿੰਡ ਵਿੱਚ ਰੱਖਿਆ ਸੀ।ਮਰਿਆ ਨੂੰ ਕੌਣ ਯਾਦ ਕਰਦਾ ਪਰ ਦਾਦੀ ਦੀ ਇੱਕ ਯਾਦ ਢਿਹਿਆ ਹੋਇਆ ਦਰਵਾਜਾ ਅੱਜ ਵੀ ਆਪਣੇ ਵਿੱਚ ਸਮੋਈ ਬੈਠਾ ਹੈ,”ਡੂੰਮਾਂ ਵਾਲਾ ਦਰਵਾਜਾ “ਹੀ ਆਹ ਕੁੱਝ ਸ਼ਬਦ ਲਿਖਣ ਲਈ ਮੈਨੂੰ ਮਜਬੂਰ ਕਰ ਗਿਆ।
:ਪੋ ਬਲਜੀਤ ਸਿੰਘ ਬੌਂਦਲੀ