ਰੋਜ ਦੀ ਤਰਾਂ ਅੱਜ ਵੀ ਬਸ ਅੱਡੇ ਵਲ ਜਾ ਰਿਹਾ ਸੁਰਜੀਤ ਸੋਚਾਂ ਵਿਚ ਗੁੰਮ ਸੀ ਕਿਹੜਾ ਬਹਾਨਾ ਲਾ ਕੇ ਕੰਪਨੀ ਤੋਂ ਛੁਟੀ
ਲਵਾਂ । ਇਸ ਤਰਾਂ ਪਹਿਲਾ ਵੀ ਦੋ ਵਾਰ ਕਰ ਚੁਕਾ ਸੀ । ਇਸ ਸ਼ਹਿਰ ਦੇ ਨਾਮ ਤੋਂ ਹੀ ਉਸਨੂੰ ਡਰ ਲੱਗਣ ਲਗ ਜਾਂਦਾ ਉਸ ਸ਼ਹਿਰ ਜਾਣਾ ਤਾਂ ਦੂਰ ਦੀ ਗੱਲ ਸੀ ।
ਅੱਜ ਉਹ ਸਾਰੀ ਤਾਕਤ ਇਕਠੀ ਕਰ ਬੱਸ ਚ ਚੜ ਗਿਆ । ਬੱਸ ਅਡੇ ਚੋ ਜਿਓਂ ਹੀ ਬਸ ਬਾਹਰ ਨਿਕਲੀ ਤਾਂ ਸੁਰਜੀਤ ਦੀਆਂ ਅੱਖਾਂ ਅਗੇ ਉਹ ਪੁਰਾਣੀ ਫਿਲਮ ਵਾਗੂੰ ਰੀਲ ਚਲਣ ਲੱਗੀ ।
ਇਸ ਸ਼ਹਿਰ ਚ ਜਦ ਵੀ ਆਉਂਦਾ ਤਾਂ ਸਿਮਰ ਦੇ ਘਰ ਜਾ ਕੇ ਉਹ ਰੁਕਦਾ
ਸੀ ।ਉਹਨਾਂ ਦੇ ਗੁਆਂਢ ਹੀ ਸੁਨੀਤਾ ਰਹਿੰਦੀ ਸੀ । ਉਸਦਾ ਵੀ ਸਿਮਰ ਘਰ ਆਉਣਾ ਜਾਣਾ ਆਮ ਸੀ ।
ਜਦ ਵੀ ਉਹ ਸੁਰਜੀਤ ਦੇ ਸਾਹਮਣੇ ਆਉਂਦੀ ਤਾਂ ਉਸ ਨੂੰ ਝੂਨ ਝੁਣੀ ਲਗ ਜਾਂਦੀ ।
ਸੁਨੀਤਾ ਨੂੰ ਵੀ ਜਦ ਪਤਾ ਲੱਗਦਾ ਸੁਰਜੀਤ ਆਇਆ ਹੋਇਆ ਉਹ ਵੀ ਆਨੇ – ਬਹਾਨੇ ਆ ਜਾਂਦੀ । ਹੋਲੀ ਹੋਲੀ ਦੋਨਾਂ ਦਾ ਝਾਕਾ ਉਤਰ ਗਿਆ ਗੱਲਬਾਤ ਆਮ ਹੋ ਜਾਂਦੀ ।
ਹੁਣ ਸੁਨੀਤਾ ਦਾ ਦਾਖ਼ਲਾ ਪੋਲੀਟਕਨੀਕਲ ਕਾਲਜ ਫ਼ਾਰ ਵੂਮੈਨ ਜਲੰਧਰ ਹੋ ਗਿਆ ਉਹ ਹੁਣ ਸਿਰਫ ਸ਼ੁਕਰਵਾਰ ਆਉਂਦੀ ਸ਼ਨੀਵਾਰ ਤੇ ਐਤਵਾਰ ਰਹਿ ਕੇ ਸੋਮਵਾਰ ਸਵੇਰੇ ਚਲੀ ਜਾਂਦੀ ।
ਇਕ ਦਿਨ ਸੁਰਜੀਤ ਜਲੰਧਰ ਦੇ ਬੱਸ ਅਡੇ ਤੇ ਬੈਠਾ ਕਿਸੇ ਨੂੰ ਉਡੀਕ ਰਿਹਾ ਸੀ।
ਸੁਨੀਤਾ ਬਸ ਤੋਂ ਉਤਰੀ ਤਾਂ ਉਸਦੀ ਨਜ਼ਰ ਬੈਂਚ ਤੇ ਬੈਠੇ ਸੁਰਜੀਤ ਤੇ ਪੈ ਗਈ ਉਹ ਸੁਰਜੀਤ ਅੱਗੇ ਆ ਖੜੀ ਹੋਈ । ਸੁਰਜੀਤ ਪਤਾ ਨਹੀਂ ਕਿਹੜੀਆਂ ਸੋਚਾਂ ਚ ਗੁਆਚਾ ਹੋਇਆ ਸੀ । ਸੁਨੀਤਾ ਨੇ ਖੁੰਗਰਾ ਮਾਰਦਿਆਂ ਕਿਹਾ ” ਅੱਛਾ ਜੀ ਉਡੀਕ ਹੋ ਰਹੀ ਹੈ” । ਸੁਰਜੀਤ ਉਸ ਨੂੰ ਅਚਾਨਕ ਸਾਹਮਣੇ ਦੇਖ ਹੈਰਾਨ ਹੁੰਦਾ ਬੋਲਿਆ “ਨਹੀਂ -ਨਹੀਂ “। ਇਕ ਦਮ ਝਟਕੇ ਨਾਲ ਸੁਨੀਤਾ ਨੇ ਉਸਦਾ ਹੱਥ ਫੜਦਿਆਂ ਉਠਾਇਆ ਤੇ ਹੱਥ ਫੜਕੇ ਬਸ ਅੱਡੇ ਦੇ ਬਾਹਰ ਇਕ ਢਾਬੇ ਲੈ ਗਈ ।
ਬੈਠਦਿਆਂ ਹੀ ਹੱਸ ਕੇ ਸੁਨੀਤਾ ਬੋਲੀ “ਸੱਜਣਾ ਕਿਉਂ ਮੇਰੇ ਤੇ ਆਪਣੇ ਦਿਲ ਨੂੰ ਤੜਫ਼ਾ ਰਿਹਾ ” । ਸੁਰਜੀਤ ਸ਼ਰਮਾਉਂਦਾ ਹੋਇਆ ਕਹਿਣ ਲਗਾ ” ਉਹ ਨਹੀਂ ਬਸ ਡਰਦਾ ਸਾਂ ਤੂੰ ਕਿਧਰੇ ਨਾ ਹੀ ਨਾ ਕਰ ਦੇਵੇ ” । ” ਝੱਲਿਆ ਤੇਰੀ ਬਾਂਹ ਫੜਕੇ ਇਥੇ ਨਾ ਲੈਕੇ ਆਉਂਦੀ ਭੋਲੇ ਪੰਛੀਆਂ ” ਕਹਿੰਦਿਆਂ ਸੁਨੀਤਾ ਭਾਵੁਕ ਹੋ ਗਈ । ਦੋਵੇਂ ਕਿੰਨਾ ਚਿਰ ਏਧਰ ਉਧਰ ਦੀਆਂ ਗੱਲਾਂ ਕਰਦੇ ਰਹੇ ਫਿਰ ਸੁਰਜੀਤ ਸੁਨੀਤਾ ਨੂੰ ਕਾਲਜ ਦਾ ਰਿਕਸ਼ਾ ਕਰਵਾ ਆਪ ਉਧਰ ਨੂੰ ਚਲ ਪਿਆ ਜਿਸ ਕੰਮ ਉਹ ਜਲੰਧਰ ਆਇਆ ਸੀ ।
ਸ਼ਾਮ ਨੂੰ ਦੋਵੇ ਫਿਰ ਬਸ ਅੱਡੇ ਆ ਮਿਲੇ ਸੁਨੀਤਾ ਨੂੰ ਦਸ ਕੁ ਦਿਨਾਂ ਦੀਆਂ ਛੁਟਿਆ ਹੋ ਗਈਆਂ ਸਨ । ਬਸ ਫੜ ਦੋਵੇ ਇਕ ਵੱਖਰੇ ਸਰੂਰ ਚ ਚਲ ਪਏ ।ਹੁੁਣ ਹਰ ਸ਼ੁਕਰਵਾਰ ਸ਼ਾਮ ਨੂੰ ਇਕੱਠੇ ਆਉਂਦੇ ਤੇ ਸੋਮਵਾਰ ਸਵੇਰੇ ਵਾਪਸ ਜਾਂਦੇ। ਸੁਨਿਤਾ ਪਹਿਲਾ ਘਰ ਪੁੱਜਦੀ ਤੇ ਸੁਰਜੀਤ ਕੁਝ ਵਕਫਾ ਪਾ ਕੇ ।
ਇਕ ਦਿਨ ਉਹ ਵੀ ਆ ਗਿਆ ਕਿਉਂਕਿ ਉਸ ਸਮੇ ਪੰਜਾਬ ਚ ਖਾੜਕੂ ਲਹਿਰ ਜੋਰਾਂ ਤੇ ਸੀ ਸੁਰਜੀਤ ਵੀ ਭਗੋੜਾ ਸੀ । ਕਿਸੇ ਨੇ ਉਸ ਦੀ ਮੁਖਬਰੀ ਕਰ ਦਿਤੀ ਹਰ ਸ਼ੁਕਰਵਾਰ ਸੁਰਜੀਤ ਬਸ ਅੱਡੇ ਜਲੰਧਰ ਸ਼ਾਮ ਨੂੰ ਹੁੰਦਾ ਹੈ । ਉਹ ਬਸ ਅੱਡੇ ਤੇ ਸੁਨੀਤਾ ਤੋਂ ਦਸ ਪੰਦਰਾਂ ਮਿੰਟ ਪਹਿਲਾ ਆ ਗਿਆ ਪਰ ਉਸ ਦੇ ਪੁਜਦਿਆਂ ਹੀ ਚਿੱਟ ਕਪੜੇ ਪੁਲਸ ਵਾਲੇ ਉਸ ਤੇ ਬਾਜ਼ ਵਾਂਗ ਝਪਟ ਪਏ ਤੇ ਬੋਰੀ ਵਾਂਗ ਚੁੱਕ ਜਿਪਸੀ ਚ ਛੁਟ ਲਿਆ ।
ਸੁਨੀਤਾ ਆਈ ਤੇ ਕਿੰਨਾ ਚਿਰ ਉਸਨੂੰ ਉਡੀਕ ਦੀ ਆਖਰੀ ਬਸ ਫੜ ਚਲੀ ਗਈ ਪਰ ਉਸਦਾ ਪਿੰਜਰ ਹੀ ਬਸ ਚੋ ਉਤਾਰਿਆ ਰੂਹ ਪਤਾ ਨਹੀਂ ਕਿਥੇ ਉਡ ਗਈ ।
ਰਾਹ ਚ ਉਸ ਨੂੰ ਸਿਮਰ ਮਿਲ ਗਿਆ ਉਸਨੇ ਇਕੱਲੀ ਨੂੰ ਦੇਖ ਮਜ਼ਾਕ ਕਰਕੇ ਪੁੱਛਿਆ ” ਸਾਡਾ ਯਾਰ ਕਿਥੇ ਰਹਿ ਗਿਆ ਅੱਜ ” । “ਜੇਕਰ ਬੰਦੇ ਨੇ ਆਉਣਾ ਨਹੀਂ ਤਾਂ ਲਾਰਾ ਵੀ ਨਾ ਲਾਵੇ ” ਕਹਿੰਦੀ ਮੂੰਹ ਚ ਬੁੜ ਬੁੜ ਕਰਦੀ ਘਰ ਵਲ ਚਲੀ ਗਈ ।
ਉਧਰ ਪੁਲਿਸ਼ ਵਾਲਇਆ ਨੇ ਸੁਰਜੀਤ ਨੂੰ ਬੱਕਰੇ ਵਾਂਗ ਪੁੱਠਾ ਟੰਗਿਆ ਹੋਇਆ ਸੀ । ਅਲਫ਼ ਨੰਗਾ ਕਰਕੇ ਇੰਤਹਾ ਦਾ ਤਸ਼ਦਦ ਕੀਤਾ ਜਾ ਰਿਹਾ ਸੀ ਪਰ ਉਸਨੂੰ ਸੱਟ ਦਾ ਅਸਰ ਹੀ ਨਹੀਂ ਹੋ ਰਿਹਾ ਸੀ ਉਸਨੂੰ ਤਾਂ ਸੁਨੀਤਾ ਦਾ ਫਿਕਰ ਲਗਾ ਹੋਇਆ ਸੀ ਕੀ ਉਸਨੂੰ ਵੀ ਨਾ ਚੁੱਕ ਲਿਆ ਹੋਵੇ ਉਸਦਾ ਭੋਲਾ ਚੇਹਰਾ ਉਸ ਦੀਆਂ ਅੱਖਾਂ ਅੱਗੇ ਘੁੰਮ ਰਿਹਾ ਸੀ ।
ਦਸ ਦਿਨ ਬੀਤ ਗਏ ਸਨ ਤਸੀਹਾ ਕੇਂਦਰ ਚ ਸੁਰਜੀਤ ਨੂੰ ਛੁਡਾਉਣ ਲਈ ਉਸਦੀ ਜਥੇਬੰਦੀ ਦੇ ਬੰਦੇ ਕਿਸੇ ਪੁਲਿਸ਼ ਅਫਸਰ ਦੇ ਰਿਸਤੇਦਾਰ ਨੂੰ ਅਗਵਾ ਕਰਨ ਦੀ ਸਕੀਮ ਬਣਾ ਰਹੇ ਸਨ ਤਾਂ ਜੋ ਉਸਨੂੰ ਛੱਡਣ ਬਦਲੇ ਸੁਰਜੀਤ ਨੂੰ ਛੁਡਵਾ ਸਕਣ ਉਧਰ ਉਸਦੇ ਪਿਤਾ ਜੀ ਨੇ ਭੱਜ ਨੱਠ ਕਰਕੇ ਸਿਫਾਰਸ਼ ਲਵਾ ਉਸਨੂੰ ਤਸੀਹਾ ਕੇਂਦਰ ਤੋਂ ਠਾਣੇ ਤੋਂ ਕਚਹਿਰੀ ਤੇ ਫਿਰ ਜੇਲ ਪੁੱਜਆ ਦਿੱਤਾ ।
ਇਕ ਦਿਨ ਸਿਮਰ ਉਸਦੀ ਮੁਲਾਕਾਤ ਕਰਨ ਤਾਰੀਕ ਤੇ ਕਚਹਿਰੀ ਆ ਗਿਆ । ਸੁਰਜੀਤ ਨੇ ਪਹਿਲਾ ਸਵਾਲ ਹੀ ਉਸਨੂੰ ਸੁਨੀਤਾ ਦੇ ਬਾਰੇ ਪੁੱਛਿਆ ।” ਉਹ ਠੀਕ ਹੈ ਤੂੰ ਆਪਣਾ ਸੁਣਾ ” ਸਿਮਰ ਨੇ ਮੁਸਕਰਾਉਂਦਿਆ ਕਿਹਾ । ” ਸ਼ੁਕਰ ਹੈ ਰੱਬ ਦਾ ਉਹ ਮੇਰੇ ਨਾਲ ਨਹੀਂ ਸੀ ਨਹੀਂ ਤਾਂ ਮੈ ਆਪਣੇ ਆਪ ਨੂੰ ਸਾਰੀ ਜਿੰਦਗੀ ਮਾਫ ਨਹੀਂ ਕਰ ਸਕਣਾ ਸੀ ” ਸੁਰਜੀਤ ਕਹਿਕੇ ਚੁੱਪ ਕਰ ਗਿਆ ।
ਕੁੱਝ ਮਹੀਨਿਆਂ ਬਾਅਦ ਸੁਰਜੀਤ ਦੀ ਜਮਾਨਤ ਹੋ ਗਈ । ਸਿਮਰ ਵਾਲੀ ਠਾਰ ਅਜੇ ਵੀ ਸੁਰੱਖਿਅਤ ਸੀ ਪਰ ਡਰਦਾ ਜਾਂਦਾ ਨਹੀਂ ਸੀ ਕੀ ਪੁਲਿਸ਼ ਮੇਰੇ ਤੇ ਨਜ਼ਰ ਰੱਖ ਰਹੀ ਹੋਵੇਗੀ ਜਰੂਰ ਹੁਣ ਤਾਂ ਬਸ ਸੁਨੀਤਾ ਨੂੰ ਮਿਲਣ ਲਈ ਤੜਫਦਾ ਰਹਿੰਦਾ ਇਕ ਦਿਨ ਅਚਾਨਕ ਸਿਮਰ ਦਾ ਸੁਨੇਹਾ ਆਇਆ ਤਾਂ ਉਸਨੂੰ ਮਿਲਣ ਗੁਰਦਵਾਰੇ ਗਿਆ ਸਿਮਰ ਨੇ ਚੁੱਪ ਤੋੜ ਦੀਆ ਕਿਹਾ ” ਯਾਰ ਕੁਝ ਦਿਨ ਸਾਡੇ ਵੱਲ ਹੋਰ ਨਾ ਆਈ ” । ” ਕਿਉਂ ? ਸੁਰਜੀਤ ਨੇ ਹੈਰਾਨ ਹੁੰਦਿਆਂ ਪੁੱਛਿਆ । ” ਯਾਰ ਸੁਨੀਤਾ ਦਾ ਵਿਆਹ ਹੋਣਾ ਦੋ ਦਿਨ ਬਾਅਦ ਤੇਰੇ ਬਾਰੇ ਉਸਦੇ ਘਰਦਿਆਂ ਨੂੰ ਵੀ ਪਤਾ ਲਗ ਗਿਆ ” ਇਹਨਾਂ ਕਹਿਕੇ ਸਿਮਰ ਚਲਾ ਗਿਆ ।
ਸੁਰਜੀਤ ਨੇ ਘਰ ਆ ਕੇ ਨਾ ਰੋਟੀ ਖਾਧੀ ਨਾ ਸਾਰੀ ਰਾਤ ਸੋ ਸਕਿਆ ਉਹ ਆਪਣੇ ਆਪ ਨੂੰ ਸਰਕਾਰ ਨਾਲੋਂ ਵੱਧ ਸੁਨੀਤਾ ਦਾ ਮੁਜਰਿਮ ਜਿਆਦਾ ਮੰਨ ਰਿਹਾ ਸੀ । ਉਹ ਜਦ ਵੀ ਕਿਸੇ ਬਸ ਤੇ ਇਸ ਸ਼ਹਿਰ ਦਾ ਬੋਰਡ ਦੇਖਦਾ ਤਾਂ ਉਸ ਨੂੰ ਇੰਝ ਲੱਗਦਾ ਸੁਨੀਤਾ ਮੋਹਰੇ ਖੜੀ ਹੋਕੇ ਕਹਿ ਰਹੀ ਹੋਵੇ ਜਾ ਵੇ ਭੋਲਿਆ ਇਹਨੀ ਵੀ ਨਹੀਂ ਨਾ ਨਿਬਾਹ ਹੋਈ ਵੱਡੇ ਖਾੜਕੂਆਂ ਇਹਨੇ ਚ ਹੀ ਉਸਨੂੰ ਧਰਤੀ ਚ ਵੀ ਵੇਹਲ ਨਾ ਮਿਲਦੀ ।
ਪਤਾ ਹੀ ਨਾ ਲੱਗਿਆ ਬਸ ਕਦ ਅੱਡੇ ਅੰਦਰ ਜਾ ਪੁਜੀ ਕੰਡਕਟਰ ਨੇ ਮੋਡੇ ਤੋਂ ਹਿਲਾ ਕੇ ਕਿਹਾ ਸਰਦਾਰ ਜੀ ਉਤਰੋ ਤਲਵਾੜਾ ਆ ਗਿਆ ।
ਉਹ ਗੁਆਚਿਆ ਹੋਇਆ ਚੋਰਾਂ ਵਾਂਗ ਡਰਿਆ ਹੋਇਆ ਰਿਕਸ਼ਾ ਲੈ ਕੇ ਡੀਲਰ ਦੀ ਦੁਕਾਨ ਵਲ ਚਲ ਪਇਆ
ਗੁਰਨਾਮ ਬਾਵਾ
ਅੰਬਾਲਾ