ਕੋਈ ਸਮਾਂ ਸੀ ਜਦੋਂ ਕਿਹਾ ਜਾਂਦਾ ਸੀ ਕਿ ਜੇਕਰ ਨੀਅਤ ਚੰਗੀ ਹੋਵੇ ਸਭ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ। ਲੇਕਿਨ ਅੱਜਕੱਲ ਸਾਡੇ ਸਮਾਜ ਵਿਚ ਜੋ ਨੀਅਤ ਵਿਚ ਗਿਰਾਵਟ ਆਈ ਹੈ ਉਹ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ। ਅੱਜ ਹੀ ਇਕ ਖ਼ਬਰ ਪੜ੍ਹ ਰਿਹਾ ਸੀ ਕਿ ਇੱਕ ਤੇਲ ਦਾ ਭਰਿਆ ਟਰੱਕ ਪਲਟ ਗਿਆ। ਲੋਕਾਂ ਨੇ ਉਸ ਵਿਚ ਫਸੇ ਲੋਕਾਂ ਦੀ ਮਦਦ ਦੀ ਵਜਾਏ ਭਾਂਡੇ ਅਤੇ ਪੀਪੀਆਂ ਲਿਆ ਕੇ ਤੇਲ ਲੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਇਕ ਸੇਬਾਂ ਦਾ ਭਰਿਆ ਟਰੱਕ ਪਲਟ ਗਿਆ ਸੀ ਤਾਂ ਲੋਕ ਸੇਬਾਂ ਨੂੰ ਲੁੱਟ ਕੇ ਲੈ ਗਏ ਸੀ। ਚੰਗੇ ਵੱਡੀਆਂ ਕਾਰਾ ਵਾਲੇ ਲੋਕ ਵੀ ਸੇਬਾਂ ਦੀਆਂ ਪੇਟੀਆਂ ਚੁੱਕਦੇ ਦੇਖੇ ਗਏ। ਇਕ ਵਿਆਹ ਦੀ ਵੀਡਿਓ ਵਾਇਰਲ ਹੋਈ ਸੀ ਜਿਸ ਵਿੱਚ ਸੁੱਟੇ ਹੋਏ ਨੋਟਾਂ ਨੂੰ ਚੰਗੇ ਕੋਟ ਪੈਟਾਂ ਵਾਲੇ ਮਹਿਮਾਨ ਚੁੱਕਣ ਲਗੇ ਹੋਏ ਸਨ।
ਚੰਗੇ ਚੰਗੇ ਕੋਠੀਆਂ ਕਾਰਾਂ ਵਾਲੇ ਅਮੀਰ ਲੋਕਾਂ ਨੂੰ ਝੂਠੇ ਦਸਤਾਵੇਜ਼ ਬਣਾ ਕੇ ਗਰੀਬਾਂ ਲਈ ਸਰਕਾਰੀ ਸਕੀਮਾਂ ਦਾ ਲਾਭ ਲੈਣ ਵਿਚ ਕੋਈ ਸ਼ਰਮ ਨਹੀਂ ਆਉਂਦੀ। ਆਪਣੇ ਆਪ ਨੂੰ ਵੱਡੇ ਅਤੇ ਅਮੀਰ ਅਖਵਾਉਣ ਵਾਲੇ ਆਪਣੇ ਘਰਾਂ ਨਾਲ ਲਗਦੀਆਂ ਸੜਕ ਅਤੇ ਗਲੀਆਂ ਦੀ ਜਗਾਹ ਰੋਕਣ ਵਿਚ ਆਪਣੀ ਸ਼ਾਨ ਸਮਝਦੇ ਹਨ। ਗਰੀਬਾਂ ਦੇ ਹੱਕ ਮਾਰਨੇ, ਰਿਸ਼ਵਤ ਲੈਣੀ, ਨਜ਼ਾਇਜ਼ ਕਬਜ਼ੇ ਕਰਨੇ, ਦਾਜ ਮੰਗਣਾ, ਆਦਿ ਬਹੁਤ ਸਾਰੇ ਕੰਮ ਸਾਡੀ ਨੀਅਤ ਵਿਚ ਆਈ ਗਿਰਾਵਟ ਦੇ ਸਬੂਤ ਹਨ। ਜਿਥੋਂ ਵੀ ਕੋਈ ਫਾਇਦਾ ਹੁੰਦਾ ਹੋਵੇ ਫਿਰ ਜਾਇਜ਼ ਨਜ਼ਾਇਜ਼ ਦੀ ਕੋਈ ਪ੍ਰਵਾਹ ਨਹੀਂ ਕਰਦੇ।
ਅੱਜ ਤੋਂ 40-50 ਸਾਲ ਪਹਿਲਾਂ ਦੇ ਸਮੇਂ ਤੇ ਝਾਤ ਮਾਰਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਉਸ ਵੇਲੇ ਆਮ ਲੋਕਾਂ ਵਿਚ ਕਿੰਨਾਂ ਸਬਰ ਸੰਤੋਖ ਹੁੰਦਾ ਸੀ, ਪੈਸੇ ਨਾਲੋਂ ਅਣਖ ਪਿਆਰੀ ਹੁੰਦੀ ਸੀ। ਨੀਅਤਾਂ ਭਰੀਆਂ ਹੁੰਦੀਆਂ ਸਨ। ਜਿਸ ਕਾਰਨ ਜਿੰਦਗੀ ਵਿਚ ਸਕੂਨ ਹੁੰਦਾ ਸੀ। ਛੋਟੀਆਂ ਛੋਟੀਆਂ ਮੁਰਾਦਾਂ ਹੁੰਦੀਆਂ ਸਨ ਜਿਹੜੀਆਂ ਆਪਸੀ ਭਾਈਚਾਰੇ ਅਤੇ ਪ੍ਰੇਮ ਪਿਆਰ ਕਾਰਣ ਪੂਰੀਆਂ ਹੋ ਜਾਂਦੀਆਂ ਸਨ। ਅੱਜਕੱਲ ਇੱਛਾਵਾਂ ਅਤੇ ਲਾਲਾਚ ਐਨੇ ਵੱਧ ਗਏ ਹਨ ਜਿਸ ਕਾਰਨ ਬੰਦਿਆਂ ਨੂੰ ਕਦੀ ਸਬਰ ਨਹੀਂ ਆਉਂਦਾ ਅਤੇ ਮਾੜੀ ਨੀਅਤ ਕਾਰਣ ਕਦੀ ਮੁਰਾਦਾਂ ਦੀ ਤ੍ਰਿਪਤੀ ਨਹੀਂ ਹੁੰਦੀ।
ਸੁਖਜੀਤ ਸਿੰਘ ਨਿਰਵਾਨ