ਮੇਰੇ ਪਿੰਡ ਕਰਤਾ ਰਾਮ ਦੀ ਮਸ਼ਹੂਰ ਦਹੀਂ ਭੱਲੇ ਦੀ ਦੁਕਾਨ ਹੈ। ਕਰਤਾ ਰਾਮ ਦੇ ਨਾਲ ਉਸ ਦੇ ਦੋ ਮੁੰਡੇ ਦੁਕਾਨ ਸੰਭਾਲਦੇ ਸਨ ਜੱਦ ਕਿ ਤੀਜਾ ਇਹਨਾਂ ਤੋਂ ਛੋਟਾ ਸਰਕਾਰੀ ਨੌਕਰ ਸੀ ਤੇ ਉਹ ਦੁਕਾਨ ਤੇ ਘੱਟ ਵੱਧ ਹੀ ਆਉਂਦਾ ਸੀ। ਸਰਦੀਆਂ ਚ ਇਹ ਲਾਣਾ ਗੁੜ ਤੇ ਚੀਨੀ ਦੀ ਪਿਪਰਾਮਿੰਟ ਤੇ ਲਾਚੀ ਦੇ ਸਵਾਦ ਵਾਲੀਆਂ ਰਿਉੜੀਆਂ ਤੇ ਗੁੜ ਦੀ ਗੱਚਕ ਬਣਾਉਂਦੇ ਸਨ। ਇਨ੍ਹਾਂ ਦਾ ਸਵਾਦ ਅਭੁੱਲ। ਨਵੇਂ ਗਾਹਕ ਨਾਲ ਲੁੱਚ ਘੱੜੀਚੀਆ ਵੀ ਬਹੁਤ ਕਰਦੇ ਸਨ ਤੇ ਯੱਕੜ ਵੱਡ ਦੀ ਥੱਬੀ ਲਾ ਦੇੰਦੇ ਸਨ।
ਵੱਡਾ ਮੁੰਡਾ ਦਰਸ਼ਨ ਤੇ ਕਰਤਾ ਰਾਮ ਮੂੰਹ ਮੀਟੀ ਪਰਾਕੜੀ ਭਾਵ ਘੱਟ ਬੋਲ ਤੇ ਸਹਿਜ ਸੁਬਾਹ ਦੇ ਮਾਲਕ ਸਨ। ਊਂ ਕਰਤਾ ਰਾਮ ਕਦੇ ਕਦੇ ਮੁੰਡਿਆ ਦੀ ਕਿਸੇ ਚੁਰੜ ਮੁਰੜ ਹਰਕਤ ਤੇ ਫਾਨਾ ਗੱਢ ਦਿੰਦਾ ਸੀ।
ਮੰਜਲਾ ਮੁੰਡਾ ਸੰਤੋਸ਼ ਸੀ ਜੋ ਨਾਂਅ ਦਾ ਹੀ ਸੰਤੋਸ਼ੀ ਸੀ। ਸੰਤੋਸ਼ ਲੰਬਾ ਲੰਝਾ, ਨੈਣ ਨਕਸ਼ ਤੀਖੇ, ਰੰਗ ਗੋਰਾ ਤੇ ਮੂੰਹ ਅਲਵਾ ( ਚਮਕਦੀ ਸਵੇਰ ਵਾਂਗ ) ਅੱਖਾਂ ਦੀਆਂ ਪੁਤਲੀਆਂ ਬਿੱਲੀ ਜਿਕਰ ਨੀਲੀਆਂ ਤੇ ਚਮਕੀਲੀ ਤੇ ਉੱਪਰੋਂ ਅੱਖਾਂ ਚ ਕਾਲਾ ਕਾਜਲ ਤੇ ਤਨ ਤੇ ਭਗਵਾਂ ਭਾਅ ਮਾਰਦਾ ਕੁੜਤਾ ਪਜਾਮਾ ਦੇਖਣ ਵਾਲੇ ਨੂੰ ਇਕ ਵਾਰ ਤਾਂ ਭੁਲੇਖਾ ਪਾ ਦਿੰਦਾ ਸੀ ਕਿ ਕਿਤੇ ਮੂਰਤੀ ਤਾਂ ਨਹੀਂ। ਉਸ ਦਾ ਲਕਬ ਅਸੰਤੋਸ਼ ਸੀ ਕਿਉਂਕਿ ਆਪਣੇ ਸੋਹਣੇ ਹੋਣ ਤੇ ਇਸਤ੍ਰੀ ਲਿੰਗ ਪ੍ਰਤੀ ਵਾਧੂ ਦਿਲਚਸਪੀ ਰੱਖਣ ਲਈ ਕੁਦਰਤੀ ਕਮਜ਼ੋਰ ਸੀ, ਦੂਜਾ ਉਸ ਦਾ ਕੰਮ ਵੀ ਸਾਈਦ ਉਸ ਦੀ ਖ਼ੁਦਫਰੇਬੀ ( ਗਲਤ ਫਹਿਮੀ ) ਨੂੰ ਬੜਾਵਾ ਦਿੰਦਾ ਸੀ
ਦਹੀਂ ਭੱਲੇ ਤੇ ਗੋਲ ਗੱਪਿਆਂ ਦੀ ਦੁਕਾਨ ਨੂੰ ਫੜੀ ਕਹਿੰਦੇ ਸਨ ਤੇ ਸਾਰਾ ਸਾਮਾਨ ਫੜੀ ( ਟੋਕਰੇ ਵਾਂਗ ) ਤੇ ਰੱਖ ਕੇ ਅਤੇ ਮਸਾਲੇਦਾਰ ਪਾਣੀ ਮਟਕੀਆ ਚ ਪਾਕੇ ਗੋਲ ਗੱਪੇ ਸੇਵਨ ਕਰਾਏ ਜਾਂਦੇ ਸਨ। ਦਹੀਂ ਭੱਲੇ ਅੰਬ ਦੇ ਪੱਤੇ ਦੀ ਬਣੀਆਂ ਕਟੋਰੀਆਂ ਵਿੱਚ ਪਰੋਸਦੇ ਸਨ। ਇਨ੍ਹਾਂ ਦੀ ਦੁਕਾਨ ਸ਼ਿਆਮ ਸੁੰਦਰ ਮੰਦਿਰ ਦੀ ਗਲੀ ਵਿੱਚ ਸੀ ਅਤੇ ਦੁਕਾਨ ਦੇ ਸਾਹਮਣੇ ਦੋ ਮੰਜਿਲਾ ਜੈਨ ਧਰਮਸ਼ਾਲਾ ਸੀ ਜਿਸ ਵਿੱਚ ਰਿਹਾਇਸ਼ ਲਈ ਕਮਰੇ ਬਣੇ ਸਨ ਤੇ ਹਰ ਕਮਰੇ ਵਿੱਚ ਦੋ ਦੋ ਮੰਜੇ ਲੱਗੇ ਹੋਏ ਸਨ।
ਸਰਦਾਰ ਪ੍ਰੇਮ ਸਿੰਘ ਪ੍ਰੇਮ ਜੋ ਸਾਡੇ ਇਲਾਕੇ ਤੋਂ MLA ਸਨ, ਪੰਜਾਬ ਸਰਕਾਰ ਵਿਚ ਵਿਦਿਆ ਮੰਤਰੀ ਬਣੇ ਤੇ ਉਨ੍ਹਾਂ ਨੇ ਡੇਰਾਬੱਸੀ ਨੂੰ ਇਕ ਲੜਕੀਆਂ ਲਈ B – Ed ਕਾਲਜ ਬਤੌਰ ਤੋਹਫ਼ਾ ਦਿੱਤਾ। ਲੜਕੀਆਂ ਦੇ ਹੋਸਟਲ ਲਈ ਇਹ ਜੈਨ ਪਰਮਸ਼ਾਲਾ ਪਰਮਾਰਥ ਦੇ ਨਾਮ ਤੇ ਜੈਨ ਬਰਾਦਰੀ ਨੇ ਉਪਲੱਬਧ ਕਰਾ ਦਿੱਤੀ।
ਵਿਦਿਆਰਥਣਾਂ ਦੇ ਸਾਹਮਣੇ ਡੇਰਾ ਜਮਾਣ ਉੱਤੇ ਸੰਤੋਸ਼ ਤਾਂ ਲਾਟੂ ਹੀ ਬਣ ਗਿਆ। ਹੁਣ ਉਸਦੀ ਇਕ ਨਜਰ ਫੜੀ ਦੇ ਗਾਹਕ ਤੇ ਦੂਜੀ ਹੋਸਟਲ ਦੇ ਉਪਰ ਵਾਲੀ ਰਾਹਦਾਰੀ ਤੇ ਕਿ ਕਿਸ ਵੇਲੇ ਕੋਈ ਲੜਕੀ ਦਿਖੇ। ਇਸ ਚੱਕਰ ਵਿੱਚ ਉਹ ਗੋਲ ਗੱਪਿਆਂ ਦੀ ਗਿਣਤੀ ਭੁੱਲਣ ਲੱਗ ਪਿਆ। ਔਰਤ ਜਾਤ ਖੱਟੀਆਂ ਵਸਤਾਂ ਖਾਣ ਲਈ ਮਸ਼ਹੂਰ ਹੈ ਤੇ ਲੜਕੀਆਂ ਨੇ ਸੰਤੋਸ਼ ਦੀ ਇਸ ਨਜ਼ਰਸਾਨੀ ਕਮਜ਼ੋਰੀ ਦਾ ਫਾਇਦਾ ਉਠਾਣਾ ਸੁਰੂ ਕਰ ਦਿੱਤਾ। ਜੁਟ ਬਣ ਗਏ। ਕੁੱਝ ਵਿਦਿਆਰਥਣਾਂ ਉਪਰਲੀ ਮੰਜ਼ਿਲ ਦੀ ਰਾਹਦਾਰੀ ਚ ਖੜ੍ਹ ਜਾਂਦੀਆ ਤੇ ਕੁੱਝ ਫੜੀ ਤੇ ਆ ਕੇ ਦਹੀਂ ਭਲੇ, ਅਣਗਿਣਤ ਗੋਲ ਗੱਪੇ ਖਾਣ ਲੱਗ ਜਾਂਦੀਆਂ।
ਮਾਮਲਾ ਇਸ ਕਦਰ ਵਿਗੜ ਗਿਆ ਕਿ ਸੰਤੋਸ਼ ਦੀ ਨਜ਼ਰ ਕੋਠੇ ਤੇ ਰਹਿਣ ਲੱਗੀ ਤੇ ਗੋਲ ਗੱਪੇ ਮਸ਼ੀਨੀ ਸੂਝਬੂਝ ਨਾਲ ਪੱਤਿਆ ਦੀ ਕੌਲੀ ਵਿੱਚ ਟਿਕਣ ਲੱਗ ਜਾਂਦੇ।
ਦਰਸ਼ਨ ਤੇ ਕਰਤਾ ਰਾਮ ਹੱਟੀ ਵਿਹਲੀ ਕਰ ਜੱਦ ਗੱਲੇ ਦੀ ਵਿਕਰੀ ਦੇ ਪੈਸੇ ਗਿਣਦੇ ਉਨ੍ਹਾਂ ਨੂੰ ਬੋੜ ( ਘੱਟ ) ਹੋਈ ਕਮਾਈ ਦਾ ਕੀੜਾ ਅੰਦਰੋਂ ਅੰਦਰ ਕਟਣ ਲੱਗ ਪੈਂਦਾ। ਗੁਥਲੀ ਵਾਧੂ ਭਰਨ ਦੀ ਬਜਾਏ ਘੱਟ ਰਹੀ ਸੀ।
ਕਰਤਾ ਰਾਮ ਨੇ ਮਨ ਹੀ ਮਨ ਚ ਗੁੱਥੀ ਸੁਲਝਾ ਲਈ ਤੇ ਇਸ ਦਾ ਜਿਕਰ ਕਿਸੇ ਦੇ ਨਾਲ ਸਾਂਝਾ ਨਹੀਂ ਕੀਤਾ।
ਦੂਜੇ ਦਿਨ ਚੁੱਪ ਚੁਪੀਤੇ ਕਰਤਾ ਰਾਮ ਇਕ ਛੋਟੀ ਜਿਹੀ ਚਟਾਈ ਲੈ ਕੇ ਸਾਹਮਣੇ ਥੜੇ ਤੇ ਬਹਿ ਗਿਆ। ਉਹੀ ਖੇਲ੍ਹ ਸੁਰੂ ਹੋ ਗਿਆ ਜਿਸ ਦਾ ਉਸ ਨੇ ਅੰਦਾਜ਼ਾ ਲਾਇਆ ਸੀ। ਸੰਤੋਸ਼ ਦੀਆ ਅੱਖਾ ਉਪਰ ਵੱਲ ਤੇ ਖੜ੍ਹੀਆ ਕੁੜੀਆਂ ਨੂੰ ਧੜਾ ਧੜ ਗੋਲ ਗੱਪੇ ਬੇਹਿਸਾਬ। ਕਰਤਾ ਰਾਮ ਅਛੋਪਲੇ ਜਿਹੇ ਆਪਣੀ ਸੀਟ ਤੋਂ ਉੱਠਿਆ ਤੇ ਸੰਤੋਸ਼ ਦੇ ਮਗਰ ਪਹੁੰਚ ਗਿਆ। ਮਟਕੇ ਚ ਪਾਣੀ ਵਿੱਚ ਮਸਾਲੇ ਹਲਾਉਣ ਵਾਲੀ ਛੜੀ ਕਢੀ ਤੇ ਸੰਤੋਸ਼ ਦੇ ਟੂੰਗਣੇ
( ਪਿੱਠ ਉੱਤੇ ) ਠੋਕੀ।
” ਹਾਏ ਊਏ ਮਾਰਤਾ “, ਪੀੜ੍ਹ ਤੇ ਅਚਾਨਕ ਵੱਜੀ ਛੜੀ ਨਾਲ ਸੰਤੋਸ਼ ਬੇਹਾਲ ਹੋ ਗਿਆ।
” ਮਦਰ—–। ਇਉਂ ਬਰਬਾਦ ਕਰ ਰਿਹਾ ਦੁਕਾਨ ਨੂੰ ਵੀ ਤੇ ਬਾਪ ਕੇ ਨਾਮ ਨੂੰ। ਮੈਂ ਭੀ ਸੋਚੂ ਕਿਉਂ ਸਾਲਾ ਮਿਰਗ ਕੀ ਤਰਾਂ ਅੱਖਾਂ ਨੂੰ ਘੁਮਾਵੇ ਥਾ।
ਭੈਣ—– ਉਹ ਤੇਰੀ ਮਾਵਾਂ ਜਿਨਾਂ ਗੇਲ ਕਲੋਲਾ ਕਰਾ ਔਰ ਬਾਪ ਕਾ ਨੁਕਸਾਨ। ਚੱਲ ਉੱਠ ਗੱਦੀ ਛੋੜ ਔਰ ਘਰੇ ਨਾ ਬੜੀਏ ਨਹੀਂ ਤੋਂ ਸਾਲੇ ਕੀ ਚਮੜੀ ਉਧੇੜ ਦਿਯੂਗਾ ਦੁਕਾਨ ਵੱਧਾ ਕੇ “।
ਸੰਤੋਸ਼ ਨੇ ਜੁਤੀ ਪਾਈ, ਇਕ ਪੈਰ ਕਿਸੇ ਹੋਰ ਦਾ ਤੇ ਦੂਜਾ ਹੋਰ ਦਾ ਅਤੇ ਅੰਬਾਲੇ ਭੂਆ ਦੇ ਘਰ ਦੋੜ ਗਿਆ।
ਕਰਤੇ ਨੇ ਵਿਦਿਆਰਥਣਾ ਨੂੰ ਵੀ ਲਾਹਨਤਾਂ ਪਾਈਆ।
” ਯੋਹੀ ਪੜ੍ਹਾਵੇਂ ਗੀ ਥੱਮੇ ਕੋਰਸ ਕਰਕੇ “। ਉਸ ਦਿਨ ਤੋਂ ਬਾਅਦ ਕੁੜੀਆਂ ਨੇ ਉਪਰ ਖੜ੍ਹਨਾ ਛੱਡ ਦਿੱਤਾ। ਹੁਣ ਉਨ੍ਹਾਂ ਦੇ ਦਹੀਂ ਭਲੇ ਡੋਂਗੇ ਚ ਤੇ ਗੋਲ ਗੱਪੇ ਲਿਫ਼ਾਫੇ ਚ ਤੇ ਪਾਣੀ ਡੋਲੂ ਚ ਜਾਣ ਲੱਗ ਪਿਆ।
ਇਸ ਐਤਵਾਰ ਮੈਂ ਪਿੰਡ ਕਰਤਾ ਰਾਮ ਦੀ ਦੁਕਾਨ ਤੇ ਆਪਣੇ ਭਤੀਜੇ ਨਾਲ
ਗਿਆ। ਹੁਣ ਉਸ ਦੇ ਪੋਤੇ ਪੜਪੋਤੇ ਦੁਕਾਨ ਚਲਾਉਂਦੇ ਹਨ ਪਰ ਸਵਾਦ ਅਜੇ ਵੀ ਔਹੀ ਲਜੀਜ।
” ਕਾਕੇ ਸੰਤੋਸ਼ ਕਿੱਥੇ ਹੈ “।
” ਮੈਂ ਇਧਰ ਇੰਦਰ “, ਅੰਦਰੋ ਆਵਾਜ ਆਈ।
” ਸੰਤੋਸ਼ ਉਹ ਗੋਲ ਗੱਪੇ, ਸੋਹਣੇ ਹੱਥ, ਮੁਸਕਰਾਉਂਦੇ ਚਿਹਰੇ ਤਾਂ ਹੁਣ ਵੀ ਪਿੱਛਾ ਕਰਦੇ ਹੋਣਗੇ “।
” ਉਹ ਯਾਰ ਕਿਆ ਕਿਸਾ ਛੇੜ ਲਿਆ। ਉਹ ਯਾਦਾਂ ਤਾਂ ਬਾਈ ਰਾਤ ਨੂੰ ਵੀ ਤਾਰੇ ਗਿਣਣ ਲਾ ਦੇਵੇਂ “।
ਸਾਰੇ ਹੱਸ ਪਏ।
ਜ਼ਿੰਦਗੀ ਰੂਬਰੂ।