(ਕੁਝ ਹੱਡ-ਬੀਤੀਆਂ ਤੇ ਕੁਝ ਜੱਗ-ਬੀਤੀਆਂ ‘ਚੋੰ …)
ਕਮਲ਼ਿਆਂ-ਰਮਲ਼ਿਆਂ ਜਿਆਂ ਦੀ ਕਹਾਣੀ ਹੈ ਇਹ।ਮੈੰ ਇੱਕ ਦਰਮਿਆਨੇ ਵਰਗ ਦਾ ਆਮ ਨਾਗਰਿਕ ਹਾਂ।ਜ਼ਿੰਦਗੀ ‘ਚ ਥੋੜ੍ਹੀਆਂ ਜਿਹੀਆਂ ਖ਼ੁਸ਼ੀਆਂ ਤੇ ਕੁਝ ਕੁ ਗ਼ਮ ਅਕਸਰ ਦਸਤਕ ਦੇ ਜਾਂਦੇ ਨੇ।ਮੇਰੇ ਕੋਲ਼ ਕਈ ਦੋਸਤ ਤੇ ਛੋਟਾ ਜਿਹਾ ਪਰਿਵਾਰ ਹੈ ਤੇ ਗੁਜ਼ਾਰੇ ਲਾਇਕ ਨੌਕਰੀ ਵੀ।ਮੇਰਾ ਸੁਭਾਅ …. ਹੈ ਜਾਂ ਜਿਵੇ ਅੰਗਰੇਜ਼ੀ ‘ਚ ਕਹਿੰਦੇ ਨੇ ਕਿ ‘ਇਮੋਸ਼ਨਲ’ ਹੈ।ਕਿਸੇ ਦਾ ਦੁੱਖ ਜਰਿਆ ਨਹੀੰ ਜਾਂਦਾ ਪਰ ਆਪਣਾ ਦੁੱਖ ਕਿਸੇ ਨੂੰ ਦਿਖਾਇਆ ਵੀ ਨਹੀੰ ਜਾਂਦਾ।ਜਾਨਣ ਵਾਲ਼ੇ ਕਹਿੰਦੇ ਨੇ ਮਜ਼ਬੂਤ ਇਨਸਾਨ ਹੈ ਪਰ ਮੈਨੂੰ ਪਤਾ ਕਿ ਮੈਥੋੰ ਕਿਸੇ ਦੇ ਸਾਹਮਣੇ ਰੋਇਆ ਨਹੀਂ ਜਾਂਦਾ।ਅੰਦਰ ਵੜ ਕੇ ਹੀ ਮਨ ਹਲਕਾ ਕਰ ਸਕਦਾਂ।ਇਸੇ ਕਮਜ਼ੋਰ ਦਿਲ ਦੀ ਵਜ੍ਹਾ ਨਾਲ਼ ਕਿਸੇ ਨੂੰ ਮੁਸੀਬਤ ਵਿੱਚ ਦੇਖ ਕੇ ਪਿਘਲ਼ ਜਾਨਾਂ ਤੇ ਉਹਦੀ ਵੱਧ ਤੋਂ ਵੱਧ ਮਦਦ ਕਰਨ ਦੀ ਕੋਸ਼ਿਸ਼ ਕਰਦਾਂ।ਹੋਰ ਤਾਂ ਹੋਰ ਕਈ ਵਾਰ ਗ਼ਰੀਬ ਰਿਕਸ਼ੇਵਾਲ਼ੇ ਜਾਂ ਦੁਕਾਨਦਾਰ ਨੂੰ ਵੱਧ ਪੈਸੇ ਦੇ ਆਉਨਾਂ!
ਕਈ ਦੋਸਤ ਤਾਂ ਮੇਰੇ ਤੋੰ ਕੰਮ ਕਰਾ ਕੇ ਪਿੱਠ ਪਿੱਛੇ ਹੱਸਣਗੇ ਤੇ ਕਹਿਣਗੇ ,”ਦੇਖਿਆ ਫੂਕ ਦਾ ਕਮਾਲ ? ਇਹਨੂੰ ਫੂਕ ਛਕਾਓ ਤੇ ਮਿੰਟਾਂ ‘ਚ ਕੰਮ ਹੋ ਜਾਂਦਾ।”
ਮੈੰ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣਿਆ ਰਹਿੰਦਾ ਹਾਂ।ਆਪਣੇ – ਆਪ ਵਿੱਚ ਮਗਨ ਕਿਉੰਕਿ ਮੈੰ ਕੰਮ ਆਪਣੀ ਤਸੱਲੀ ਲਈ,ਆਪਣੀ ਮਰਜ਼ੀ ਨਾਲ਼ ਕਰਦਾਂ।
ਪਰ ਕਦੇ-ਕਦੇ ਮਨ ਉਚਾਟ ਜਿਹਾ ਹੋਣ ਲੱਗਿਆ।ਲੱਗਣ ਲੱਗਿਆ ਕਿ ਦੁਨੀਆਂ ਝੂਠੀ ਜਿਹੀ ਹੈ।ਮੈਨੂੰ ਵੀ ਏਨਾ ਇਮੋਸ਼ਨਲ ਨਹੀਂ ਹੋਣਾ ਚਾਹੀਦਾ।ਬਹੁਤੇ ਲੋਕ ਚਲਾਕੀ ਨਾਲ਼ ਕੰਮ ਕੱਢ ਲੈੰਦੇ ਨੇ ਪਰ ਮੇਰੀ ਲੋੜ ਵੇਲ਼ੇ ਬੱਸ ਬਹਾਨੇ….।ਇਨ੍ਹਾਂ ਸੋਚਾਂ ਨੇ ਮੈਨੂੰ ਨਿਰਾਸ਼ਤਾ ਵੱਲ ਧੱਕ ਦਿੱਤਾ।ਮਨ ਉਚਾਟ ਜਿਹਾ ਹੋ ਗਿਆ।ਹਰੇਕ ਰਿਸ਼ਤਾ ਜ਼ਹਿਰੀਲਾ ਜਾਪਣ ਲੱਗਾ।ਜਿਵੇੰ ਕੋਈ ਨਾਗ ਡੱਸਣ ਲਈ ਬੱਸ ਤਿਆਰ-ਬਰ-ਤਿਆਰ ਬੈਠਾ ਹੋਵੇ।
ਇਸੇ ਉਧੇੜ-ਬੁਣ ਵਿੱਚ ਮੈਨੂੰ ਮੁੱਖ ਦਫ਼ਤਰ ਵਿਖੇ ਬਹੁਤ ਜ਼ਰੂਰੀ ਕੰਮ ਪੈ ਗਿਆ।ਕਈ ਜਾਣਕਾਰਾਂ ਤੋੰ ਪੁੱਛਿਆ।ਕਈਆਂ ਨੇ ਤਾਂ ਅਸਮਰਥਤਾ ਜਤਾ ਦਿੱਤੀ,ਕਈਆਂ ਨੇ ਜਿੰਨਾ ਹੋ ਸਕਿਆ ਮਦਦ ਦਾ ਭਰੋਸਾ ਦਿੱਤਾ ਤੇ ਕੁਝ ਨੇ ਦਿਲੋਂ ਕੋਸ਼ਿਸ਼ ਵੀ ਕੀਤੀ ਪਰ ਕੰਮ ਨਾ ਬਣਿਆ।
“ਚੱਲ ਮਨਾਂ!ਆਪਣੇ ਤੇ ਬਣੀਆਂ ,ਆਪ ਨਬੇੜ।” ਕਹਿ ਕੇ ਦਫ਼ਤਰ ਜਾ ਬੈਠਾ।
“ਸ਼ਾਇਦ ਇੱਥੇ ਹੀ ਕੋਈ ਮਿਲ਼ ਜਾਵੇ।”
ਓਥੇ ਕੁਝ ਹੋਰ ਲੋਕ ਵੀ ਆਪਣੇ ਕੰਮਾਂ-ਕਾਰਾਂ ਦੇ ਸਿਲਸਲੇ ਵਿੱਚ ਬੈਠੇ ਸਨ।ਇੱਕ ਬੱਤੀ ਕੁ ਸਾਲ ਦੀ ਔਰਤ ਬਹੁਤ ਪਰੇਸ਼ਾਨ ਲੱਗ ਰਹੀ ਸੀ।
ਕਾਰਣ ਪੁੱਛਿਆ ਤਾਂ ਕਹਿੰਦੀ,”ਮੇਰੀ ਤਾਂ ਨੌਕਰੀ ਨੂੰ ਖਤਰਾ ਬਣਿਆ ਪਿਆ ਵੀਰ।ਬਿਨ੍ਹਾਂ ਗੱਲ ਤੋੰ ਇਨਕੁਆਰੀ ਦਾ ਕੇਸ ਸਿਰ ਪੈ ਗਿਆ।ਤੁਸੀੰ ਦੱਸੋ ਤੁਹਾਡੀ ਕੀ ਸਮੱਸਿਆ ?”
ਮੈਂ ਉਸਨੂੰ ਪਰੇਸ਼ਾਨੀ ਦੱਸੀ।
“ਬੱਸ ਏਨੀ ਕੁ ਗੱਲ?ਆਹ ਨਾਲ਼ ਵਾਲ਼ੇ ਕਮਰੇ ਦੇ ਕਲਰਕ ਮੇਰੀ ਜਾਣ-ਪਛਾਣ ਦੇ ਨੇ।ਹੁਣੇ ਕਰਵਾ ਦੇਣਗੇ ਤੁਹਾਡਾ ਕੰਮ।”
….ਤੇ ਸੱਚਮੁੱਚ ਪੰਜ ਮਿੰਟ ਵੀ ਨਹੀ ਲੱਗੇ ਤੇ ਮੇਰਾ ਕੰਮ ਹੋ ਗਿਆ।
ਮੈੰ ਉਸ ਭੈਣ ਨੂੰ ਸ਼ੁਕਰੀਆ ਕਹਿ ਕੇ ਮੁੜ ਆਇਆ।
“ਪਤਾ ਨਹੀਂ ਕੌਣ ਸੀ ਉਹ?ਉਹਦੇ ਆਪਣੇ ਕੰਮ ਦਾ ਪਤਾ ਨਹੀਂ ਕੀ ਬਣਿਆ ਹੋਣਾ।” ਸੋਚਾਂ ਸੋਚਦੇ ਨੇ ਘਰ ਨੂੰ ਜਾਣ ਲਈ ਬੱਸ ਲਈ।
ਘੰਟਾ ਕੁ ਲੱਗਿਆ ਹੋਣਾ ਘਰ ਪਹੁੰਚਦੇ ਨੂੰ।
ਦੇਖਦੇ-ਦੇਖਦੇ ਅਸਮਾਨ ਨੂੰ ਬੱਦਲ਼ਾਂ ਨੇ ਘੇਰ ਲਿਆ।ਹਲਕੀ ਬੂੰਦਾ-ਬਾਂਦੀ ਸ਼ੁਰੂ ਹੋ ਗਈ ਸੀ ।ਮਨ ਨੂੰ ਅਜੀਬ ਜਿਹੀ ਤਸੱਲੀ ਦਿੱਤੀ ਠੰਢੀਆਂ ਫੁਹਾਰਾਂ ਨੇ ਤੇ ਮੇਰੇ ਮਨ ਵਿਚਲਾ ਜ਼ਹਿਰ ਵੀ ਪਾਣੀ ਦੇ ਨਾਲ਼ ਵਹਿ ਗਿਆ।ਰੁਮਕਦੀ ਹਵਾ ਨੇ ਜ਼ਹਿਰੀਲੀ ਫਿਜ਼ਾ ਦਾ ਰੰਗ ਈ ਬਦਲ ਦਿੱਤਾ।
“ਕਿਵੇਂ ?”
“ਮੇਰੇ ਮਨ ਦਾ ਮੈਲ਼ ਜਿਉੰ ਧੋਤਾ ਗਿਆ ਸੀ…।”
“ਕਿੰਨੇ ਦਿਨ ਹੋ ਗਏ ਸੀ,ਕਿਸੇ ਦੋਸਤ ਤੇ ਰਿਸ਼ਤੇਦਾਰ ਨੂੰ ਫ਼ੋਨ ਕੀਤਿਆਂ।ਅਖੇ,ਮੇਰੀ ਮਦਦ ਨੀੰ ਕੀਤੀ।ਸਮਝਿਆ ਕਰ ਭੋਲ਼ਿਆ ਮਨਾ…।ਏਥੇ ਹਰ ਕੋਈ,ਹਰ ਤਰਾਂ ਦੀ ਮਦਦ ਨਹੀਂ ਕਰ ਸਕਦਾ ਹੁੰਦਾ।ਕਈ ਮਦਦ ਕਰਦੇ ਨੇ ਪੈਸੇ ਨਾਲ਼,ਕਈ ਕੰਮਾਂ ਨਾਲ਼ ਤੇ ਕਈ ਹੌਸਲੇ ਭਰੇ ਬੋਲਾਂ ਨਾਲ਼।ਆਪਾਂ ਵੀ ਸਦਾ ਹਰੇਕ ਦੀ ਮਦਦ ਕਰਨ ਦੇ ਯੋਗ ਨਹੀੰ ਹੁੰਦੇ।ਜੇ ਤੂੰ ਕਿਸੇ ਦੀ ਮਦਦ ਕਰ ਸਕਿਆ ਤਾਂ ਇਹ ਰੱਬ ਦੀ ਬਖਸ਼ਿਸ਼ ਸੀ।ਓਸ ਵੱਲ ਆਸ ਨਾ ਰੱਖੀੰ ।ਯਾਦ ਰੱਖੀੰ…ਰੱਬ ਨੇ ਤੇਰੇ ਲਈ ਵੀ ਕੋਈ ਹੀਲਾ ਕੀਤਾ ਹੋਣਾ,ਓਸ ਭੈਣ ਵਾਂਗ…ਜੀਹਦੇ ਨਾਲ਼ ਨਾ ਦੋਸਤੀ ਸੀ ਤੇ ਨਾ ਰਿਸ਼ਤੇਦਾਰੀ।ਹੋਰ ਤਾਂ ਹੋਰ ਤੂੰ ਆਪ ਤਾਂ ਕਦੇ ਓਹਦੇ ਕੰਮ ਨੀੰ ਆ ਸਕਣਾ।ਕਾਸ਼! ਕੋਈ ਹੋਰ ਉਹਨੂੰ ਮੁਸੀਬਤ ਵਿੱਚੋਂ ਕੱਢ ਲਵੇ।”
ਏਹੀ ਸੋਚਦਿਆਂ ਮੇਰੇ ਹੱਥ ਉਸ ਭੈਣ ਲਈ ‘ਅਰਦਾਸ’ ਵਿੱਚ ਜੁੜ ਗਏ।
ਦੀਪ ਵਿਰਕ
ਜੁਲਾਈ 01 , 2023