ਹਲਕੀ ਹਲਕੀ ਬੱਦਲਵਾਈ..ਨੱਕ ਦੀ ਸੇਧ ਤੇ ਚੱਲਦਾ ਕੱਚਾ ਰਾਹ..ਹਜਾਰਾਂ ਏਕੜ ਦੇ ਫਾਰਮ..ਰੁਮਕਦੀ ਹੋਈ ਪੌਣ ਦੇ ਬੁੱਲੇ..ਬੈਠਿਆ ਹੋਇਆ ਘੱਟਾ..ਸਾਫ ਸ਼ੁੱਧ ਹਵਾ..ਨਿੱਖਰੀ ਤੇ ਨਿੱਸਰੀ ਹੋਈ ਸਰੋਂ..ਰੇਡੀਓ ਤੇ ਵੱਜਦਾ ਗੀਤ ਜ਼ਿਹਨ ਵਿੱਚ ਘੁੰਮ ਗਿਆ..ਨੀ ਕਿਹੜੀ ਏਂ ਤੂੰ ਸਾਗ ਤੋੜਦੀ..ਹੱਥ ਸੋਚ ਕੇ ਗੰਦਲ noo ਪਾਵੀਂ..!
ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੇ ਕੰਢਾ ਚੂਭਾ ਤੇਰੇ ਪੈਰ ਨੀ ਬਾਂਕੀਏ ਨਾਰੇ ਨੇ..!
ਜੁੱਤੀ ਕਸੂਰੀ ਪੈਰੀ ਨਾ ਪੂਰੀ..ਹਾਏ ਰੱਬਾ ve ਸਾਨੂੰ ਤੁਰਨਾ ਪਿਆ..ਜਿਹਨਾਂ ਰਾਹਾਂ ਦੀ ਸਾਰ ਨਾ ਜਾਣਾ..ਓਹਨੀ ਰਾਹੀਂ ਵੀ ਸਾਨੂੰ ਤੁਰਨਾ ਪਿਆ..ਰੋਗ ਬਣਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ..ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ!
ਘੁੰਡ ਕੱਢ ਲੈ ਪੱਤਲੀਏ ਨਾਰੇ ਨੀ ਸਹੁਰਿਆਂ ਦਾ ਪਿੰਡ ਆ ਗਿਆ..ਕਿੰਨੇ ਹੋਰ ਵੀ!
ਖੁੱਲੇ ਥਾਂ ਚਰਦੀਆਂ ਗਾਵਾਂ ਪੋਨੀਆਂ ਅਤੇ ਖੋਤੇ..ਸੜਕ ਦੇ ਨਾਲ ਨੀਵੀਂ ਥਾਂ ਪਾਣੀ ਦੀ ਨਿਕਾਸੀ ਲਈ ਬਣੀ ਖ਼ਾਲ..ਅੰਦਰ ਉੱਗਿਆ ਘਾਹ..ਘਾਹ ਅੰਦਰੋਂ ਬੋਲਦੇ ਬੀਂਡੇ..ਰੱਬ ਦੇ ਰੇਡੀਓ ਦਾ ਮਧੁਰ ਸੰਗੀਤ..ਚਿੜੀਆਂ ਕਾਵਾਂ ਦੇ ਝੁੰਡ..ਨਿੱਸਰਦੀ ਹੋਈ ਮੱਕੀ..ਹਰੀ ਪੁਸ਼ਾਕ ਵਿੱਚ ਲੁਕੀਆਂ ਕੱਚੀਆਂ ਛੱਲੀਆਂ..ਨਿੱਸਰਦੀ ਹੋਈ ਕਣਕ..ਝਾਤੀ ਮਾਰਦੇ ਸਿੱਟੇ..ਘੋੜੇ ਤੇ ਚੜੀ ਬੀਬੀ..ਨਾਲ ਭੌਂਕਦੇ ਪਾਲਤੂ ਸ਼ਿਕਾਰੀ..!
ਜੰਗਲ ਦੇ ਇੱਕ ਪਾਸਿਓਂ ਨਿੱਕਲ ਦੂਜੇ ਪਾਸੇ ਵੜਦੇ ਹਿਰਨ..ਚਰਦੀਆਂ ਹੋਈਆਂ ਬੱਕਰੀਆਂ ਅਤੇ ਭੇਡਾਂ..ਰਾਖੀ ਕਰਦਾ ਕੁੱਤਾ..ਸਾਫ ਸਪਸ਼ਟ ਜਲਵਾਯੂ..ਸੈਰ ਕਰਦਾ ਜੋੜਾ..ਸਾਈਕਲ ਚਲਾਉਂਦੇ ਨਿੱਕੇ ਚੋਬਰ..ਮੈਕਸੀਕੋ ਵੱਲੋਂ ਗਰਮੀ ਕੱਟਣ ਆਈਆਂ ਬੱਤਖਾਂ ਗੀਜਾਂ..ਨਿੱਕੇ-ਨਿੱਕੇ ਨਵੇਂ ਜੰਮੇ ਚੁੱਜੇ..ਕਦੀ ਗੱਡੀ ਥੱਲੇ ਆ ਜਾਵੇ ਤਾਂ ਮੁਕੱਦਮਾਂ ਹੋ ਜਾਂਦਾ..ਤਾਂ ਹੀ ਟਓਰ ਬੇਫਿਕਰੀ ਨਾਲ ਸੜਕ ਪਾਰ ਕਰਦੀਆਂ..ਨਵੀਂ ਸੂਈ ਗਾਂ ਦਾ ਇੱਕ ਵੱਛਾ..ਵਡੇ ਹਵਾਨੇ ਚੋਂ ਦੁੱਧ ਪੀਂਦਾ..ਜਮੀਨ ਤੇ ਮਘੋਰੇ ਅੰਦਰੋਂ ਝਾਤੀਆਂ ਮਾਰਦੇ ਗਾਲੜ..ਅਣਗਿਣਤ ਤਰਾਂ ਦੀ ਕੀਟ ਪਤੰਗ..ਗੱਡੀ ਅੱਗੇ ਵੱਜ ਕੇ ਮੁੱਕ ਗਈਆਂ ਤਿਤਲੀਆਂ ਅਤੇ ਉੱਡਣੇ ਘੋੜੇ..!
ਗਾਵਾਂ ਕੋਲ ਖਲੋਤਿਆਂ ਮਾਲਕ ਗੋਰੇ ਨੇ ਕੋਲ ਆ ਬ੍ਰੇਕ ਮਾਰੀ..ਅਖ਼ੇ ਕਿਹੜੀ ਪਸੰਦ ਆਈ..ਉਂਗਲ ਰੱਖ ਦੇ ਕੱਲ ਨੂੰ ਪੈਕ ਕਰਵਾ ਦਿਆਂਗਾ..ਉਸ ਸਮਝਿਆ ਸ਼ਾਇਦ ਕੋਈ ਬੀਫ ਦਾ ਗ੍ਰਾਹਕ ਏ..ਮੁਆਫੀ ਮੰਗੀ..ਆਖਿਆ ਸਿਰਫ ਵੇਖਣ ਹੀ ਆਏ ਹਾਂ..!
ਕਿਸੇ ਆਖਿਆ ਸੀ ਕੇ ਕੁਦਰਤ ਦੀ ਬੁੱਕਲ ਵਿੱਚ ਕੁਝ ਘੜੀਆਂ ਸਮੋ ਕੇ ਵੇਖੀਏ ਤਾਂ ਮਹਿੰਗੇ ਤੋਂ ਮਹਿੰਗੇ ਮਹਿਲ ਮਾੜੀਆਂ ਵੀ ਬੇਮਾਨੀ ਲੱਗਣ ਲੱਗ ਜਾਂਦੀਆਂ..ਖੈਰ ਹਰੇਕ ਦੀ ਸੋਚ ਵੱਖੋਂ ਵੱਖ!
ਇੱਕ ਗੱਲ ਹੋਰ ਵੀ ਪੜੀ ਸੀ ਪਾਣੀ ਨਾਲ ਲਬਰੇਜ ਬੱਦਲੀ ਸਮੁੰਦਰ ਤਲ ਤੇ ਹੀ ਵਰ ਜਾਵੇ ਤਾਂ ਰੇਗਿਸਤਾਨ ਦੀ ਗਰਮ ਰੇਤ ਦਾ ਹੌਕਾ ਨਿੱਕਲ ਜਾਂਦਾ..!
ਜਿਉਂਦੇ ਵੱਸੇ ਰਹੋ!
ਹਰਪ੍ਰੀਤ ਸਿੰਘ ਜਵੰਦਾ