ਥੱਕ ਟੁੱਟ ਕੇ ਲੰਮੇ ਪਏ ਸ਼ਿਕਾਰੀ ਦੇ ਮੂੰਹ ਤੇ ਪੈਂਦੀ ਧੁੱਪ ਵੇਖ ਉੱਤੇ ਰੱਸੀ ਤੇ ਬੈਠੇ ਇੱਕ ਹੰਸ ਨੂੰ ਤਰਸ ਆ ਗਿਆ..ਉਸਨੇ ਆਪਣੇ ਖੰਬ ਖਿਲਾਰ ਛਾਂ ਕਰ ਦਿੱਤੀ..ਅਚਾਨਕ ਇੱਕ ਕਾਂ ਆਇਆ ਤੇ ਵਿੱਠ ਕਰ ਉੱਡ ਗਿਆ..ਵਿੱਠ ਸਿੱਧੀ ਸ਼ਿਕਾਰੀ ਦੇ ਮੂੰਹ ਤੇ..ਆਪ ਤੇ ਉੱਡ ਗਿਆ ਪਰ ਹੰਸ ਓਥੇ ਹੀ..ਗੁੱਸੇ ਹੋਏ ਸ਼ਿਕਾਰੀ ਨੇ ਤੀਰ ਮਾਰ ਹੰਸ ਹੇਠ ਸੁੱਟ ਲਿਆ..ਮਰਨ ਤੋਂ ਪਹਿਲਾਂ ਆਖਣ ਲੱਗਾ ਭਰਾਵਾ ਇਹ ਕੰਮ ਤੇ ਕਾਂ ਦਾ ਸੀ..ਫੇਰ ਮੈਨੂੰ ਕਿਓਂ?
ਸ਼ਿਕਾਰੀ ਆਖਣ ਲੱਗਾ ਦੋਸਤ ਮੁਆਫ ਕਰੀ..ਹੋਈ ਤੇ ਮੈਥੋਂ ਭਾਵੇਂ ਗਲਤੀ ਹੀ ਏ ਪਰ ਕਸੂਰ ਤੇਰਾ ਵੀ..ਤੂੰ ਗਲਤ ਬੰਦੇ ਦੀ ਸੰਗਤ ਕੀਤੀ..ਤੈਨੂੰ ਉਸਦੇ ਬੈਠਦਿਆਂ ਹੀ ਉੱਡ ਜਾਣਾ ਚਾਹੀਦਾ ਸੀ..!
ਦੋਸਤੋ ਹੈ ਤੇ ਬੇਸ਼ੱਕ ਇਹ ਇੱਕ ਕਾਲਪਨਿਕ ਵਰਤਾਰਾ ਪਰ ਅਜੋਕੇ ਹਾਲਾਤਾਂ ਤੇ ਬਹੁਤ ਜਿਆਦਾ ਢੁਕਦਾ..ਵੱਖੋ ਵੱਖ ਕਿਸਮਾਂ ਦੇ ਸ਼ਿਕਾਰੀ ਅੱਜਕੱਲ ਖੁੰਬਾਂ ਵਾਂਙ ਉੱਗੇ ਪਏ..ਚਾਰੇ ਪਾਸੇ..ਏਧਰ ਓਧਰ..ਸੱਜੇ ਖੱਬੇ..ਉੱਪਰ ਨੀਚੇ..ਅਜੋਕੇ ਸ਼ਿਕਾਰੀਆਂ ਹੁਣ ਨਵੀਂ ਤਕਨੀਕ ਅਪਣਾ ਲਈ..ਇਹ ਤੀਰ ਕਮਾਨ ਲੈ ਕੇ ਨਹੀਂ ਸਗੋਂ ਨਿਹੱਥੇ ਹੀ ਬੈਠਦੇ..ਇਤਬਾਰ ਬਣਾਉਣ ਲਈ..ਬਸ ਡੱਬ ਵਿੱਚ ਇਕ ਤਿੱਖਾ ਖੰਜਰ ਜਰੂਰ ਲੁਕਾਇਆ ਹੁੰਦਾ..ਪਹਿਲੋਂ ਖੁਦ ਨੂੰ ਹਾਲਾਤ ਮੁਤਾਬਿਕ ਢਾਲਦੇ..ਸਾਡੇ ਵਾਂਙ ਦਿਸਣ ਲਈ..ਫੇਰ ਭੁਲੇਖਾ ਪਾਉਂਦੇ..ਅਤੇ ਮਿੱਤਰਤਾ ਕਰਦੇ ਹੋਏ ਸਿਪਲੇਪਣ ਦੀ ਹੱਦ ਮੁਕਾ ਦਿੰਦੇ..ਫੇਰ ਇੰਝ ਹੀ ਜਦੋਂ ਪੂਰਾ ਇਤਬਾਰ ਸਥਾਪਿਤ ਹੋ ਜਾਵੇ ਤਾਂ ਅਚਾਨਕ ਪਿੱਠ ਪਿੱਛੋਂ ਵਾਰ ਹੋ ਜਾਂਦਾ..!
ਅੱਜ ਇੱਕ ਸ਼ਿਕਾਰ ਹੋਰ ਹੋਇਆ..ਮੈਂ ਕਿਸੇ ਮਿੱਤਰ ਨੂੰ ਘਰ ਵਿਖਾ ਰਿਹਾ ਸਾਂ..ਅਚਾਨਕ ਉਸਨੂੰ ਇੱਕ ਫੋਨ ਆਇਆ..ਅੱਗਿਓਂ ਆਖਣ ਲੱਗਾ ਥੋੜਾ ਰੁੱਝਾ ਹੋਇਆ ਹਾਂ ਅੱਧੇ ਘੰਟੇ ਬਾਅਦ ਵਾਪਿਸ ਕਾਲ ਕਰਦਾ ਹਾਂ..ਦਸ ਮਿੰਟ ਵੀ ਨਹੀਂ ਲੰਘੇ ਹੋਣੇ ਕੇ ਨਿੱਕੇ ਭਾਈ ਦਾ ਸੁਨੇਹਾ ਆ ਗਿਆ ਅਖ਼ੇ ਮਾਂ ਮੁਕ ਗਈ..ਪਹਿਲਾਂ ਫੋਨ ਵੀ ਮਾਂ ਦਾ ਹੀ ਸੀ..ਪਤਾ ਨੀ ਕਿਹੜੀ ਗੱਲ ਕਰਨੀ ਚਾਹੁੰਦੀ ਸੀ..ਮੈਂ ਦਿਲ ਵਿੱਚ ਸੋਚੀ ਜਾ ਰਿਹਾ ਸਾਂ ਸ਼ਾਇਦ ਥੋੜਾ ਬਹੁਤ ਕਸੂਰ ਮੇਰਾ ਵੀ ਹੈ..ਜੇ ਮੈਨੂੰ ਪਤਾ ਲੱਗ ਗਿਆ ਹੁੰਦਾ ਤਾਂ ਮੈਂ ਕਾਲ ਮੁੱਕਣ ਦੀ ਉਡੀਕ ਕਰ ਲੈਣੀ ਸੀ..!
ਫੇਰ ਕਰੋਨਾ ਕਾਲ ਵੇਲੇ ਮੁੱਕ ਗਈ ਆਪਣੀ ਚੇਤੇ ਆ ਗਈ..ਮਾਵਾਂ..ਉਂਝ ਤੇ ਬੇਸ਼ੱਕ ਸਾਰੀ ਉਮਰ ਉਡੀਕਦੀਆਂ ਰਹਿੰਦੀਆਂ ਹੋਣ ਪਰ ਐਨ ਮੌਕੇ ਜਦੋਂ ਔਖੀ ਘੜੀ ਆ ਜਾਵੇ ਤਾਂ ਅਗਲਾ ਮਿੰਟ ਦੀ ਮੋਹਲਤ ਵੀ ਨਹੀਂ ਦਿੰਦਾ!
ਹਰਪ੍ਰੀਤ ਸਿੰਘ ਜਵੰਦਾ