ਮੇਰਾ ਵੱਸਦਾ ਰਹੇ ਪੰਜਾਬ | mera vasda rahe punjab

ਰੋਜ਼ਾਨਾ ਫੈਕਟਰੀ ਨੌਕਰੀ ਤੇ ਆਉਣ ਜਾਣ ਸਮੇਂ ਮੋਟਰਸਾਈਕਲ ਤੇ ਕੋਈ ਨਾ ਕੋਈ ਰਾਸਤੇ ‘ਚ ਹੱਥ ਕੱਢ ਕੇ ਮੇਰੇ ਨਾਲ ਬੈਠ ਜਾਂਦਾ। ਇੱਕ ਦਿਨ ਫੈਕਟਰੀ ਤੋਂ ਛੁੱਟੀ ਹੋਣ ਤੋਂ ਬਾਅਦ ਮੈਂ ਘਰ ਵਾਪਸ ਆ ਰਿਹਾ ਸੀ। ਰਾਸਤੇ ‘ਚ ਮੈਨੂੰ ਇੱਕ ਨੇਪਾਲੀ ਨੌਜਵਾਨ ਨੇ ਹੱਥ ਕੱਢਿਆ ਤਾਂ ਮੈਂ ਮੋਟਰਸਾਈਕਲ ਰੋਕ ਲਿਆ, ਮੈਨੂੰ ਉਹ ਨੇਪਾਲੀ ਮੁੰਡਾ ਕਹਿੰਦਾ ਸਰਦਾਰ ਜੀ ਫਾਟਕ ਤੱਕ ਛੱਡ ਦਿਉਂਗੇ। ਮੈਂ ਉਸਨੂੰ ਬਿਠਾ ਲਿਆ ਤੇ ਮੈਂ ਉਸਨੂੰ ਪੁੱਛਣ ਲੱਗ ਗਿਆ ਕਿੱਥੇ ਜਾ ਰਿਹਾ ਹੈ ਵੀਰ। ਉਸਨੇ ਮੈਨੂੰ ਦੱਸਿਆ ਕਿ ਮੇਰਾ ਭਰਾ ਕਿਸੇ ਕੋਠੀ ਵਿੱਚ ਖਾਣਾ ਬਣਾਉਣ ਤੇ ਲੱਗਿਆ ਹੋਇਆ ਹੈ ਤੇ ਮੈਂ ਘਰ ਨੇਪਾਲ ਵਿਹਲਾ ਸੀ ਮੈਨੂੰ ਵੀ ਉਸਨੇ ਕੰਮ ਤੇ ਲੱਗਣ ਲਈ ਬੁਲਾ ਲਿਆ ਤੇ ਮੈਂ ਵੀ ਹੁਣ ਕਿਸੇ ਕੋਠੀ ਵਾਲਿਆਂ ਕੋਲ ਜਾ ਰਿਹਾ ਹਾਂ ਉਨ੍ਹਾਂ ਨੇ ਅੱਜ ਬੁਲਾਇਆ ਸੀ। ਮੈਂ ਉਸਨੂੰ ਹਾਸੇ ਮਜ਼ਾਕ ਵਿੱਚ ਪੁੱਛਿਆ ਵੀਰ ਸਾਡਾ ਸ਼ਹਿਰ ਤਾਂ ਛੋਟਾ ਜਿਹਾ ਹੈ ਤੂੰ ਕਿਤੇ ਦਿੱਲੀ ਬੰਬੇ ਜਾਂਦਾ। ਉਸਨੇ ਮੈਨੂੰ ਹੱਸ ਕੇ ਉੱਤਰ ਦਿੰਦਿਆਂ ਕਿਹਾ ਕਿ ਸੱਚ ਦੱਸਾਂ ਵੀਰ ਸਾਡੇ ਨੇਪਾਲ ਜਦ ਵੀ ਨੌਕਰੀ ਵਗੈਰਾ ਤੇ ਜਾਣ ਲਈ ਗੱਲ ਹੁੰਦੀ ਹੈ ਤਾਂ ਜ਼ਿਆਦਾਤਰ ਸਾਰੇ ਪੰਜਾਬ ਜਾਣ ਲਈ ਹੀ ਚੁਣਦੇ ਹਨ ਮੈਂ ਕਿਹਾ ਉਹ ਕਿਉਂ? ਉਹ ਕਹਿੰਦਾ ਸਰਦਾਰ ਜੀ ਪੰਜਾਬ ਵਿੱਚ ਚਾਹੇ ਨੌਕਰੀ ਨਾ ਮਿਲੇ ਪਰ ਇੱਥੇ ਕੋਈ ਭੁੱਖਾ ਨਹੀਂ ਰਹਿ ਸਕਦਾ ਜਗ੍ਹਾ ਜਗ੍ਹਾ ਗੁਰੂਦੁਆਰੇ ਨੇ ਇੰਨੇ ਲੰਗਰ ਚਲਦੇ ਨੇ ਪਿੰਡਾਂ ਦੇ ਲੋਕਾਂ ਦੇ ਘਰ ਤੇ ਦਿਲ ਦੋਵੇਂ ਹੀ ਬਹੁਤ ਖੁੱਲ੍ਹੇ ਨੇ ਕਿਸੇ ਘਰ ਵੀ ਰੋਟੀ ਲਈ ਆਖ ਦਿਉ ਇੱਥੇ ਕੋਈ ਨਹੀਂ ਮੋੜਦਾ। ਬਾਕੀ ਵੱਡੇ ਸ਼ਹਿਰਾਂ ਦੀ ਗੱਲ ਰਹੀ ਉੱਥੇ ਤਾਂ ਪਾਣੀ ਵੀ ਮੁੱਲ ਦਾ ਲੈਣਾ ਪੈਂਦਾ। ਤੁਹਾਡੇ ਪੰਜਾਬ ਤੇ ਗੁਰੂਆਂ ਪੀਰਾਂ ਦੀ ਮਿਹਰ ਹੈ। ਸਾਨੂੰ ਇੱਥੇ ਚਾਹੇ ਕੰਮ ਨਾ ਮਿਲੇ ਪਰ ਅਸੀਂ ਇੱਥੇ ਭੁੱਖੇ ਨਹੀਂ ਰਹਿ ਸਕਦੇ। ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ ਕਿ ਅਸੀਂ ਕਰਮਾਂ ਵਾਲੇ ਹਾਂ ਕਿ ਅਸੀਂ ਪੰਜਾਬ ‘ਚ ਜਨਮ ਲਿਆ, ਪੰਜਾਬ ਵਰਗੀ ਧਰਤੀ ਸਾਨੂੰ ਕਿਤੇ ਵੀ ਨਹੀਂ ਮਿਲਣੀ। ਹਾਂ ਇੱਥੋਂ ਦੀ ਗੰਦੀ ਸਿਆਸਤ ਤੇ ਨਸ਼ੇ ਪੰਜਾਬ ਨੂੰ ਖਤਮ ਕਰਨ ਤੇ ਤੁਲੇ ਹੋਏ ਨੇ। ਪਰ ਇੱਕ ਗੱਲ ਹੋਰ ਵੀ ਹੈ ਜੋ ਦੂਸਰੀਆਂ ਸਟੇਟਾਂ ਵਾਲੇ ਪੰਜਾਬ ਨੂੰ ਬਰਬਾਦ ਕਰਕੇ ਖੁਸ਼ ਹੋਣਾ ਚਾਹੁੰਦੇ ਨੇ ਮੈਂ ਇੱਕ ਗੱਲ ਦੱਸ ਦੇਵਾਂ ਉੱਜੜ ਉਹ ਵੀ ਜਾਂਦੇ ਨੇ ਜੋ ਦੂਸਰਿਆਂ ਨੂੰ ਉਜਾੜ ਕੇ ਖੁਸ਼ ਹੁੰਦੇ ਨੇ। ਇਹ ਪੰਜਾਬ ਹੀ ਹੈ ਜੋ ਕਿਸੇ ਵੀ ਰਾਜ ਵਿੱਚ ਹੜ੍ਹ ਭੂਚਾਲ ਜਾਂ ਕਿਸੇ ਵੀ ਤਰ੍ਹਾਂ ਦੀ ਬਿਪਤਾ ਆਉਣ ਤੇ ਲੰਗਰਾਂ ਦੇ ਟਰੱਕਾਂ ਦੇ ਟਰੱਕ ਭੇਜਦਾ ਹੈ ਜੇ ਪੰਜਾਬ ਉੱਜੜਦਾ ਹੈ ਤਾਂ ਬਾਕੀ ਸਾਰੇ ਸੂਬੇ ਵੀ ਖੁਸ਼ ਨਹੀਂ ਰਹਿ ਸਕਦੇ। ਉਸ ਨੇਪਾਲੀ ਮੁੰਡੇ ਦੀਆਂ ਗੱਲਾਂ ਸੁਣ ਕੇ ਬਸ ਮੇਰੇ ਮੂੰਹੋਂ ਇਹੀ ਨਿਕਲਿਆ ਹੇ ਵਾਹਿਗੁਰੂ ਜੀ “ਮੇਰਾ ਸਦਾ ਵੱਸਦਾ ਰਹੇ ਪੰਜਾਬ”। ਫਾਟਕ ਤੇ ਨੇਪਾਲੀ ਮੁੰਡਾ ਉੱਤਰ ਗਿਆ ਤੇ ਮੈਂ ਵਾਪਸ ਆਪਣੇ ਘਰ ਆ ਗਿਆ 😊🙏
✍️ ਪ੍ਰਿਤਪਾਲ ਸਿੰਘ ਪ੍ਰਿੰਸ……. 😊
Instagram Id- pritpalsingh44257
☎️-96464-44257

One comment

Leave a Reply

Your email address will not be published. Required fields are marked *