ਉਮਰ ਨੱਬੇ ਸਾਲ..ਬਾਬਾ ਸੁਰਜੀਤ ਸਿੰਘ ਜੀ..ਗੁਰੂ ਰਾਮ ਦਾਸ ਜੀ ਦੀ ਵਰਸੋਈ ਧਰਤੀ..ਸੂਰਜ ਚੰਦਾ ਤਾਰਾ ਸਿਨੇਮੇ ਦੇ ਸਾਮਣੇ ਬੱਸ ਅੱਡੇ ਵਾਲੇ ਪਾਸੇ..ਪੰਜਾਹ ਪਚਵੰਜਾ ਸਾਲ ਤੋਂ ਕੁਲਚੇ ਛੋਲਿਆਂ ਦੀ ਰੇਹੜੀ..!
ਪੁੱਛਿਆ ਇੱਕ ਕਿੰਨੇ ਦਾ ਦਿੰਨੇ ਓ?
ਆਖਣ ਲੱਗੇ ਵੀਹਾਂ ਦਾ ਵੀ..ਪੰਜੀਆਂ ਦਾ ਵੀ ਤੇ ਮੁਫ਼ਤ ਵੀ..!
ਹੈਂ ਮੁਫ਼ਤ ਵੀ..ਕੀ ਮਤਲਬ ਤੁਹਾਡਾ?
ਆਖਣ ਲੱਗੇ ਕਿਸੇ ਕੋਲ ਪੈਸੇ ਨਾ ਵੀ ਹੋਵਣ ਤਾਂ ਵੀ ਖੁਵਾ ਦੇਈਦਾ..ਤਾਂ ਵੀ ਹਮੇਸ਼ਾਂ ਬਰਕਤ ਬਣੀ ਰਹਿੰਦੀ..ਸੱਤ ਧੀਆਂ ਇਥੋਂ ਹੀ ਵਿਆਹੀਆਂ..ਹਾੜ ਸਾਉਣ ਦੇ ਚੁਮਾਸੇ ਅਤੇ ਪੋਹ ਮਾਘ ਦੇ ਠੱਕੇ..ਰੋਜ ਸੱਤ ਵਜੇ ਡਟ ਜਾਈਦਾ..ਫੇਰ ਚੱਲ ਸੋ ਚੱਲ..!
ਪੁੱਛਿਆ ਥੱਕਦੇ ਨਹੀਂ..ਆਖਣ ਲੱਗੇ ਬੁਢੇਪਾ ਦਿਮਾਗ ਵਿਚ ਹੁੰਦਾ ਸਰੀਰ ਵਿਚ ਨਹੀਂ..!
ਸੱਜੀ ਅੱਖ ਵਿੱਚ ਨੁਕਸ ਪੈ ਗਿਆ..ਘੱਟ ਦਿਸਦਾ ਪਰ ਫੇਰ ਤੰਦੂਰ ਵਿੱਚ ਹੱਥ ਪਾ ਕੇ ਵੇਖ ਲਈਦਾ..ਕੁਲਚਾ ਪੱਕਿਆ ਕੇ ਨਹੀਂ..ਪੋਟੇ ਜਰੂਰ ਸੜ ਜਾਂਦੇ ਪਰ ਜਮੀਰ ਠੰਡੀ ਠਾਰ ਰਹਿੰਦੀ..ਖੁਸ਼ੀ ਹੁੰਦੀ ਏ ਸੇਵਾ ਕਰਕੇ..ਉਹ ਵਾਹਿਗੁਰੂ ਨੇ ਕਦੀ ਘਾਟਾ ਨਹੀਂ ਪਾਇਆ..ਗੁਜਰ ਬਸਰ ਇੰਝ ਹੀ ਚੱਲੀ ਜਾਂਦਾ..ਸਿਰ ਢੱਕਣ ਲਈ ਛੱਤ ਵੀ ਦਿੱਤੀ ਉਸ ਮਹਾਰਾਜ ਨੇ..!
ਕੋਲ ਹੀ ਲੱਕੜ ਦੇ ਬੈਂਚ ਤੇ ਬੈਠੇ ਲੋਕ..ਅਤੇ ਓਹਨਾ ਦੀਆਂ ਪਲੇਟਾਂ ਵਿੱਚ ਹੋਰ ਛੋਲੇ ਪਾਈ ਜਾਂਦੇ ਬਾਬੇ ਹੁਰੀਂ..ਹਰ ਕੋਈ ਰੱਜ ਕੇ ਜਾਂਦਾ..ਸੋਢੀ ਪਾਤਸ਼ਾਹ ਦੀ ਨਗਰੀ..ਰੱਜੀਆਂ ਆਤਮਾਵਾਂ ਦੀ ਭਰਮਾਰ..ਉਹ ਆਤਮਾਵਾਂ ਜੋ ਅਮੀਰ ਹੋਣ ਲਈ ਨਹੀਂ..ਸਗੋਂ ਸਾਰੀ ਉਮਰ ਸਬਰ ਸੰਤੋਖ ਦਾ ਪੱਲਾ ਫੜੀ ਹੋਰਨਾਂ ਰੂਹਾਂ ਨੂੰ ਹੀ ਰਜਾਉਂਦੀਆਂ ਰਹਿੰਦੀਆਂ..!
ਅਰਦਾਸਾ ਸੋਧਿਆ ਕਾਸ਼ ਇਹ ਸਭ ਕੁਝ ਇੰਝ ਹੀ ਬਣਿਆ ਰਹੇ..ਸਦੀਵੀਂ..ਸਾਡੇ ਜਾਣ ਮਗਰੋਂ ਵੀ..ਕੁਝ ਐਸੇ ਵੀ ਵੇਖੇ..ਸੌਖਿਆਂ ਕਰੋੜਾ ਅਰਬਾਂ ਕਮਾ ਸਕਦੇ ਸਨ ਪਰ ਸਾਫ ਨਾਂਹ ਕਰ ਦਿੱਤੀ ਅਖ਼ੇ ਦਰਬਾਰ ਸਾਬ ਤੋਂ ਪੈ ਗਈ ਵਿੱਥ ਜਰੀ ਨਹੀਂ ਜਾਣੀ..ਦਿੰਨੇ ਰਾਤ ਬੱਸ ਇਹੀ ਜੋਦੜੀ..ਅਗਲਾ ਜਨਮ ਵੀ ਇਸੇ ਧਰਤੀ ਤੇ ਹੀ ਦੇਵੀਂ..ਉੱਚੀ ਸੁੱਚੀ ਤੇ ਪਵਿੱਤਰ ਸੋਚ ਕਾਰੋਬਾਰੀ ਮਾਨਸਿਕਤਾ ਤੋਂ ਬਹੁਤ ਪਰੇ..!
ਅਜੇ ਕੱਲ ਦੀਆਂ ਗੱਲਾਂ ਨੇ ਕੁਝ ਅਰਦਾਸੇ ਦਰਬਾਰ ਸਾਬ ਦੇ ਅੰਦਰ ਵੀ ਸੋਧੇ ਗਏ ਸਨ..ਕੌਂਮ ਦੇ ਗਲੋਂ ਗੁਲਾਮੀ ਦੇ ਗਲਾਵੇਂ ਲਾਹੁਣ ਲਈ..ਭਾਵੇਂ ਸੌ ਵੇਰ ਵੀ ਮਨੁੱਖਾ ਜਨਮ ਨਸੀਬ ਹੋਵੇ ਹਰ ਵੇਰ ਬੱਸ ਇੰਝ ਹੀ ਸ਼ਹੀਦ ਹੁੰਦੇ ਰਹੀਏ..ਏਹੀ ਮਹਾਨਤਾ ਏ ਇਸ ਦੀ..ਵਜੂਦ ਅਤੇ ਰੂਹਾਂ ਨੂੰ ਬੇਖੌਫ ਬਣਾਉਂਦੀ..ਜਮੀਰਾਂ ਨੂੰ ਰੂਹਾਨੀ ਅਮੀਰੀ ਵੰਡਦੀ ਹੋਈ ਸ੍ਰੀ ਅਮ੍ਰਿਤਸਰ ਦੀ ਧਰਤੀ..ਇਸ ਨੂੰ ਸੈਂਕੜੇ ਸਿਜਦੇ ਅਤੇ ਹਜਾਰਾਂ ਡੰਡਾਉਤਾ..!
ਹਰਪ੍ਰੀਤ ਸਿੰਘ ਜਵੰਦਾ