ਉਹ ਦਿਨ….….! | oh din

ਬਾਹਰ ਅੱਤ ਦੀ ਗਰਮੀ ਪੈ ਰਹੀ ਹੈ ਪਰ ਕਮਰੇ ਵਿੱਚ ਲੱਗਾ ਏ. ਸੀ. 24-25 ਡਿਗਰੀ ਤਾਪਮਾਨ ਤੇ ਚੱਲ ਰਿਹਾ ਹੈ ਤੇ ਵਧੀਆ ਠੰਡ ਮਹਿਸੂਸ ਹੋ ਰਹੀ ਹੈ। ਕਦੇ-ਕਦੇ ਸਰੀਰ ਨੂੰ ਜਿਆਦਾ ਠਾਰ ਜੀ ਚੜਦੀ ਏ ,ਤੇ ਪਤਲੀ ਜੀ ਚਾਦਰ ਨਾਲ ਸਰੀਰ ਨੂੰ ਢੱਕਣਾ ਵੀ ਪੈਂਦਾ, ਪਰ ਇਸ ਸਭ ਦੇ ਬਾਵਜੂਦ ਚਿੱਤ ਚ ਉਹ ਸ਼ਾਂਤੀ ਜੀ ਨੀ ਜਿਹੜੀ 20-25 ਸਾਲ ਪਹਿਲਾਂ ਹੁੰਦੀ ਸੀ……..
ਇਹਨਾਂ ਸੋਚਾਂ ਦੇ ਵਿੱਚ ਫੇਰ ਉਹ ਸਾਰਾ ਦ੍ਰਿਸ਼ ਅੱਖਾਂ ਮੂਹਰੇ ਆ ਘੁੰਮਦਾ ਏ। ਜਦੋਂ ਸੱਤਵੀਂ-ਅੱਠਵੀਂ ਚ ਪੜਦੇ ਹੁੰਦੇ ਸੀ ਤੇ ਆਹ ਗਰਮੀਆਂ-ਗੁਰਮੀਆਂ ਉਦੋਂ ਇਵੇਂ ਮਹਿਸੂਸ ਨਹੀਂ ਸੀ ਹੁੰਦੀਆਂ ਜਿਵੇਂ ਅੱਜ ਸਾਰਾ ਕੁਝ ਹੋਣ ਦੇ ਬਾਵਜੂਦ ਹੁਣ ਹੁੰਦਾ ਏ।
ਗਰਮੀਆਂ ਦੀਆਂ ਉਦੋਂ 15 ਮਈ ਤੋਂ ਸ਼ੁਰੂ ਹੁੰਦੀਆਂ ਸਨ ਤੇ 30 ਜੂਨ ਨੂੰ ਖ਼ਤਮ। ਹੁਣ ਮੁਲਖ ਕੋਲ ਸਾਧਨ ਵੀ ਬਹੁਤ ਨੇ ਪੈਸਾ ਵੀ ਬਹੁਤ ਏ ਪਰ ਜ਼ਿੰਦਗੀ ਚ ਉਹ ਸਵਾਦ ਨੀ ਹੈਗਾ…ਜਿਸਦੀ ਕਿਤੋਂ ਭਰਪਾਈ ਵੀ ਨਹੀਂ ਹੋ ਸਕਦੀ।
ਲਓ ਜੀ ਕਰਦੇ ਆਂ ਬਿਰਤੀਆਂ ਇਕਾਗਰ ਤੇ ਚੱਲਦੇ ਆਂ ਉਸੇ ਸਮੇਂ ਚ………!
ਸਾਡੇ ਪਿੰਡ ਕੋਲ ਦੀ ਸੂਆ ਲੰਘਦਾ ਜਿਸਨੂੰ ਬਹੁਤੇ ਲੋਕ ਰਜਵਾਹਾ ਵੀ ਆਂਹਦੇ ਨੇ, ਤੇ ਸਾਡੇ ਤੇ ਸਾਡੇ ਵਰਗੇ ਮੁੰਡਿਆ ਲਈ ਉਸ ਸਮੇਂ ਪਰਮਾਤਮਾ ਦੀ ਦਿੱਤੀ ਸਭ ਤੋਂ ਵੱਡੀ ਨਿਆਮਤ ਸੀ ,ਇਹ ਸੂਆ।
ਮਈ ਦੇ ਮਹੀਨੇ ਵਿੱਚ ਜਦੋਂ ਸੂਆ ਮਰਿਆ ਹੁੰਦਾ ਤਾਂ ਅਸੀਂ ਉਚੇਚਾ ਤਰੱਦਦ ਕਰਕੇ ਸੂਏ ਚ ਪਈਆਂ ਇੱਟਾਂ-ਰੋੜੇ-ਕੱਚ ਤੇ ਹੋਰ ਝਾੜ- ਫੂਸ ਬਾਹਰ ਕੱਢ ਆਉਂਦੇ ਤੇ ਫੇਰ ਪੂਰਾ ਖਿਆਲ ਰੱਖਦੇ ਕੇ ਕਦੋਂ ਸੂਆ ਆਉਣਾ ਹੈ। ਤੇ ਜਦੋਂ ਸੂਆ ਆ ਜਾਣਾ ਤਾਂ ਸਾਨੂੰ ਉਹ ਚਾਅ ਚੜਨਾ ਜਿਸਨੂੰ ਸ਼ਬਦਾਂ ਚ ਲਿਖਿਆ ਨਹੀਂ ਜਾ ਸਕਦਾ।
ਸਾਡੇ ਪਿੰਡ ਦੇ ਤੇ ਗੁਆਂਢੀ ਪਿੰਡ ਵੱਡੀ ਖੇੜੀ ਤੇ ਬਾਜਵਿਆਂ ਦੇ ਸਾਡੇ ਵਰਗੇ ਤੇ ਸਾਡੇ ਤੋਂ ਵੱਡੇ ਕਿੰਨੇ ਹੀ ਮੁੰਡੇ ਦਸ ਗਿਆਰਾਂ ਵਜੇ ਤੋਂ ਆਉਣੇ ਸ਼ੁਰੂ ਹੋ ਜਾਂਦੇ(ਪਰ ਸਾਨੂੰ ਹਮੇਸ਼ਾ ਇਹੀ ਰਹਿੰਦਾ ਕਿ ਸੂਆ ਸਾਡੇ ਪਿੰਡ ਦਾ ਹੈ ਸਾਡਾ ਹੱਕ ਸਭ ਤੋਂ ਵੱਧ ਹੈ ਇਸ ਤੇ,ਇਸ ਕਰਕੇ ਕਈ ਵਾਰ ਮਾੜੀਆਂ ਮੋਟੀਆਂ ਲੜਾਈਆਂ ਵੀ ਦੂਜੇ ਪਿੰਡਾਂ ਵਾਲਿਆਂ ਨਾਲ ਹੋ ਜਾਣੀਆਂ)ਤੇ ਇਹ ਮਜ਼ਮਾ ਪੂਰੇ ਢਾਈ ਤਿੰਨ ਵਜੇ ਤੱਕ ਚਲਦਾ।
ਕਦੇ-ਕਦੇ ਤਾਂ ਇੰਨੀ ਭੀੜ ਹੋ ਜਾਣੀ ਵੀ ਦੂਰੋਂ ਭੱਜ ਕੇ ਛਾਲ ਮਾਰਨੀ ਔਖੀ ਹੋ ਜਾਂਦੀ,ਮੁਲਖ ਸਾਰਾ ਹੀ ਸੂਏ ਚ ਹੁੰਦਾ।
ਅਸੀਂ ਵੀ ਆਮ ਦਿਨਾਂ ਚ ਬਾਰਾਂ-ਇੱਕ ਵਜੇ ਘਰੋਂ ਇਹ ਕਹਿਕੇ ਨਿੱਕਲ ਜਾਂਦੇ ਕਿ ਚੱਕੀ ਤੇ ਤਾਏ ਕੋਲ ਚੱਲੇਂ ਹਾਂ ਤੇ ਦੁਪਹਿਰਾ-ਦੁਪਹਿਰਾ ਉਥੇ ਹੀ ਰਹਾਂਗੇ ।
ਪਰ ਸਾਡੀ ਸੀਟੀ ਪਹਿਲਾਂ ਹੀ ਰਲੀ ਹੁੰਦੀ ਤੇ ਸਾਰੀ ਮੰਡਲੀ ਸੂਏ ਤੇ ਆ ਜਾਂਦੀ । ਫੇਰ ਸ਼ੁਰੂ ਹੁੰਦਾ ਨਜ਼ਾਰੇ ਲੈਣ ਦਾ ਦੌਰ। ਤੇ ਮੈਂ ਉਸ ਤੋਂ, ਤੇ ਉਹ ਮੇਰੇ ਤੋਂ ਅੱਗੇ ਧੜੱਮ ਧੜੱਮ ਦੂਰੋਂ ਭੱਜ-ਭੱਜ ਛਾਲਾਂ ਮਾਰਦੇ। ਨਾ ਕੋਈ ਪ੍ਰਵਾਹ ਨਾ ਕੋਈ ਫ਼ਿਕਰ। ਦੂਰੋਂ ਛਾਲਾਂ ਮਾਰਦੇ ਤੇ ਗਾਡਰ ਵੱਲ ਨੂੰ ਆਉਂਦੇ ਜਿੱਥੇ ਸਾਡੇ ਪਿੰਡ ਸਾਡੇ ਆਲੇ ਪਾਸੇ ਸੂਏ ਵਿੱਚ ਪੌੜੀਆਂ ਬਣੀਆਂ ਹੁੰਦੀਆਂ ਜਿੱਥੋਂ ਅਸੀਂ ਬਾਹਰ ਨਿੱਕਲਦੇ, ਇਹਨਾਂ ਪੌੜੀਆਂ ਤੇ ਹੀ ਪਿੰਡ ਦੀਆਂ ਬੀਬੀਆਂ ਭੈਣਾਂ ਕਦੇ ਕਦੇ ਕੱਪੜੇ ਧੋਣ ਆਉਂਦੀਆਂ ਉਹ ਗੱਲ ਕਦੇ ਫੇਰ ਕਰਾਂਗੇ।
ਜਨਤਾ ਨੇ ਦੂਰੋਂ ਤੈਰਦੇ ਤੇ ਕੁੱਦਦੇ ਆਉਣਾ। ਹੁਣ ਜਿੱਥੇ ਕੁ ਵੱਡੀ ਖੇੜੀ ਆਲੇ ਚਾਚੇ ਲਾਭ ਸਿਉਂ ਹੁਣਾਂ ਦਾ ਘਰ ਏ, ਉਥੋਂ ਜੇ ਤਾਂ ਪੂਰੇ ਪ੍ਰਪੱਕ ਖਿਡਾਰੀ ਛਾਲਾਂ ਮਾਰ ਕੇ ਆਉਂਦੇ, ਜਿਵੇਂ ਸਾਡੇ ਜੈਲੂ,ਪੱਪੀ ਤੇ ਜੰਟੇ ਵਰਗੇ,ਤੇ ਮੈਂ ਘੋਨੀ ਤੇ ਰਾਜੂ ਤਾਂ ਨੇੜੇ ਜੇ ਰਹਿੰਦੇ ਸੀ ,ਸ਼ੁਰੂ-ਸ਼ੁਰੂ ਚ ,ਤੇ ਬਾਦ ਚ ਅਸੀਂ ਵੀ ਪੂਰੀਆਂ ਰੀਸਾਂ ਕਰਦੇ।
ਕਦੇ ਪ੍ਰਵਾਹ ਨਾ ਕਰਨੀ ਉਹੀ ਪਾਣੀ ਮੂੰਹ ਚ ਪਈ ਜਾਣਾ। ਗਿਣਤੀ ਕਰ -ਕਰ ਚੂੱਭੀਆਂ ਮਾਰਨੀਆਂ ਵੀ ਕੌਣ ਵੱਧ ਸਮਾਂ ਪਾਣੀ ਚ ਰਹਿ ਸਕਦਾ….! ਗਾਡਰ ਤੇ ਖੜਕੇ ਇੱਕ ਜਾਣੇ ਨੇ ਦਾਈਂ ਦੇਣੀ ਤੇ ਬਾਕੀਆਂ ਨੇ ਗਾਡਰ ਦੇ ਹੇਠਾਂ ਚੁੱਭੀ ਮਾਰਨੀ ਤੇ ਉਪਰ ਵਾਲੇ ਨੇ ਛਾਲ ਮਾਰ ਕੇ ਜਿਸਨੂੰ ਫੜ ਲਿਆ ਉਸਨੇ ਅਗਲੀ ਦਾਈਂ ਦੇਣੀ।
ਬਹੁਤਿਆਂ ਦੇ ਮੱਥੇ ਤੇ ਦਾਗ ਹੁਣ ਵੀ ਨੇ ਜਿਹੜੇ ਗਾਡਰ ਹੇਠੋਂ ਅਚਾਨਕ ਸਿਰ ਤਾਹਾਂ ਕਰਨ ਤੇ ਮੱਥੇ ਤੇ ਲੱਗੀਆਂ ਸੱਟਾਂ ਦੇ ਨੇ।
ਪਹੇ ਤੋਂ ਧੁੱਪ ਚ ਤਪੀ ਮਿੱਟੀ ਪਿੰਡੇ ਤੇ ਮਲ ਲੈਣੀ ਤੇ ਫੇਰ ਸੂਏ ਚ ਛਾਲ ਮਾਰਨੀ……ਆਹ ਵੰਡਰ ਲੈਂਡ ਆਲੇ ਪਾਣੀਆਂ ਚ ਉਹ ਸਵਾਦ ਕਿੱਥੋਂ ਆਉਣਾ। ਤੇ ਨਾਲ ਹੀ ਸਤਿਨਾਮੀ ਬਾਬੇ ਦਾ ਨਰਮਾਂ ਹੋਣਾ, ਕਿਸੇ-ਕਿਸੇ ਸ਼ਰਾਰਤੀ ਨੇ ਕਿਸੇ ਦੇ ਕੱਪੜੇ ਨਰਮੇ ਵਿੱਚ ਲੁਕਾ ਦੇਣੇ ਤੇ ਜਦੋਂ ਨਾ ਲੱਭਣੇ ਤਾਂ ਫ਼ਿਕਰ ਖੜਾ ਹੋ ਜਾਣਾ ਕੇ ਘਰੋਂ ਛਿੱਤਰੌਲ ਫਿਰੂ……..ਪਰ ਜਦੋਂ ਕੱਪੜੇ ਮਿਲ ਜਾਣੇ ਤਾਂ ਰੱਬ ਦਾ ਸ਼ੁਕਰ ਕਰਨਾ।
ਇੱਕ ਕੁ ਵਜੇ ਸਾਡੀ ਨਿਗਾਹ ਸ਼ੇਰਪੁਰ ਤੋਂ ਆਉਂਦੇ ਪਹੇ ਤੇ ਰਹਿਣੀ… ਕਿਉਂਕਿ ਸੇ਼ਰਪੁਰ ਸਾਡੇ ਕਾਰਖਾਨੇ ਚੋਂ ਕੋਈ ਨਾ ਕੋਈ ਜ਼ਰੂਰ ਘਰੋਂ ਦੁਪਹਿਰ ਦੀ ਰੋਟੀ ਲੈਣ ਆਉਂਦਾ ਹੁੰਦਾ ਸੀ ਤੇ ਸਾਨੂੰ ਚਾਰਾਂ ਪੰਜਾਂ ਨੂੰ ਡਰ ਹੁੰਦਾ ਸੀ ਵੀ ਜੇ ਕਦੇ ਕਿਸੇ ਘਰਦੇ ਨੇ ਦੇਖ ਲਿਆ ਤਾਂ ਸਾਨੂੰ ਮੁੜਕੇ ਸੂਏ ਤੇ ਨਹਾਉਣ ਕਿਸੇ ਨੇ ਨਹੀਂ ਦੇਣਾ… ਤੇ ਜਦੋਂ ਅਸੀਂ ਕੋਈ ਸਾਇਕਲ ਵਾਲਾ ਜਾਂ ਸਾਡੇ ਸਾਜੂ਼ਕੀ ਮੋਟਰਸਾਈਕਲ ਨੂੰ ਦੇਖਣਾ ਤਾਂ ਅਸੀਂ ਸਤਿਨਾਮੀ ਬਾਬੇ ਦੇ ਨਰਮੇ ਵਿੱਚ ਲੁਕ ਜਾਣਾ ਤੇ ਜਦੋਂ ਉਹ ਦੂਰ ਲੰਘ ਜਾਣਾ ਤਾਂ ਅਸੀਂ ਫੇਰ ਸੂਏ ਚ…….. ਕਿਉਂਕਿ ਘਰਦਿਆਂ ਨੂੰ ਡਰ ਹੁੰਦਾ ਸੀ ਵੀ ਅਸੀਂ ਪਾਣੀ ਚ ਡੁੱਬ ਹੀ ਨਾ ਜਾਈਏ…. ਉਹਨਾਂ ਦਾ ਡਰ ਆਪਣੀ ਥਾਂ ਜਾਇਜ਼ ਸੀ ਪਰ ਇਹ ਡਰ ਸਾਡੇ ਨੇੜੇ ਤੇੜੇ ਵੀ ਨਹੀਂ ਸੀ ਹੁੰਦਾ।
ਢਾਈ ਤਿੰਨ ਵਜੇ ਅਸੀਂ ਫੇਰ ਵਾਪਸੀ ਕਰਦੇ ਕਿਉਂਕਿ ਉਦੋਂ ਹੀ ਤਾਇਆ ਜੀ ਨੇ ਘਰ ਚਾਹ ਪੀਣ ਜਾਣਾ ਹੁੰਦਾ ਸੀ ਤੇ ਅਸੀਂ ਅੱਗੜ ਪਿੱਛੜ ਘਰ ਵੜਦੇ…. ਤੇ ਨਹਾਉਂਦੇ ਹੋਏ ਗਿੱਲੀਆ ਹੋਈਆਂ ਨਿੱਕਰਾਂ ਤੇ ਕਛਹਿਰੇ ਘਰ ਜਾਂਦਿਆਂ ਨੂੰ ਸੁੱਕ ਜਾਣੇ…..ਕੈਸਾ ਬੇਪਰਵਾਹ ਸ਼ਮਾ ਸੀ ਨਾ ਕੋਈ ਦੂਜਾ ਕੱਪੜਾ ਚੱਕਣਾ ਤੇ ਨਾਂ ਹੀ ਪਿੰਡਾਂ ਪੂੰਝਣ ਨੂੰ ਕੋਈ ਤੌਲੀਆ…..ਆਹ ਤੌਲੀਏ ਤਾਂ ਖੈਰ ਉਦੋਂ ਆਮ ਲੋਕਾਂ ਕੋਲ ਹੁੰਦੇ ਹੀ ਕਦੋਂ ਸੀ ,ਖੱਦਰ ਦੇ ਟੋਟੇ ਹੀ ਹੁੰਦੇ ਸੀ ਗੁਸਲਖਾਨਿਆਂ ਚ ਪਿੰਡਾਂ ਪੂੰਝਣ ਨੂੰ ਤੇ ਸੂਏ ਚ ਅਸੀਂ ਅਸੀਂ ਪਿੰਡੇ ਸਿਰ ਆਲੇ ਪਰਨਿਆਂ ਨਾਲ ਹੀ ਪੂੰਝ ਲੈਂਦੇ।
ਘਰ ਆ ਕੇ ਚਾਹ ਨਾਲ ਸਵੇਰ ਆਲੀਆਂ ਰੋਟੀਆਂ ਤੇ ਅੰਬ ਜਾਂ ਮਿਰਚ ਦਾ ਅਚਾਰ ਧਰਕੇ ਖਾ ਲੈਣੀਆਂ । ਫੇਰ ਆਮ ਕੰਮਾਂ ਚ ਲੱਗ ਜਾਂਦੇ,ਕੋਈ ਪੱਠੇ ਵੱਢਣ ਤੁਰ ਜਾਂਦਾ ਕੋਈ ਪਸ਼ੂਆਂ ਨੂੰ ਪਾਣੀ ਪਿਆਉਣ ਲੱਗ ਜਾਂਦਾ ਤੇ ਫੇਰ ਸਕੂਲ ਦਾ ਕੰਮ ਕਰਨ ਬੈਠ ਜਾਂਦੇ। ਨਿਰ੍ਹਾ ਸਕੂਨ ਹੀ ਸਕੂਨ ਸੀ।
ਨਾ ਵੱਟਸ ਐਪ ਸੀ,ਨਾ ਫੇਸਬੁੱਕ,ਨਾ ਯੂ-ਟਿਊਬ,ਨਾ ਸਨੈਪ ਚਾਟ……..ਪਰ ਜ਼ਿੰਦਗੀ ਬਹੁਤ ਸਵਾਦੀ ਸੀ..…ਉਹ ਦਿਨ ਕਦੇ ਵਾਪਸ ਨਹੀਂ ਮੁੜਨੇ…..!
ਹਰਜੀਤ ਸਿੰਘ ਖੇੜੀ
03/07/23

Leave a Reply

Your email address will not be published. Required fields are marked *