ਦਫਤਰ ਪੌੜੀਆਂ ਚੜ੍ਹਦਿਆਂ ਹੀ ਗਮਲੇ ਵਾਲਾ ਲੰਮਾ ਪਤਲਾ ਉਹ ਰੁੱਖ ਕੁਝ ਦਿਨਾਂ ਤੋਂ ਗਾਇਬ ਸੀ..ਹੋਰ ਭਾਵੇਂ ਮੈਨੂੰ ਕੋਈ ਬੁਲਾਵੇ ਜਾਂ ਨਾ ਪਰ ਉਹ ਰੋਜ ਮੇਰੀ ਆਮਦ ਤੇ ਆਪਣੇ ਪੱਤੇ ਅਤੇ ਵਜੂਦ ਹਿਲਾ ਮੈਨੂੰ ਆਪਣੇ ਪਣ ਦਾ ਅਹਿਸਾਸ ਜਰੂਰ ਕਰਾਇਆ ਕਰਦਾ ਸੀ..!
ਮਾਲੀ ਨੂੰ ਕੋਲ ਬੁਲਾਇਆ ਤੇ ਪੁੱਛਿਆ..ਆਖਣ ਲੱਗਾ ਜੀ ਵਡੇਰਾ ਹੋ ਗਿਆ ਸੀ..ਗਮਲੇ ਵਿਚ ਤਰੇੜਾਂ ਵੀ ਪੈਣੀਆਂ ਸ਼ੁਰੂ ਹੋ ਗਈਆਂ ਸਨ..ਸੋ ਇੱਕ ਦਿਨ ਇਸ ਗਮਲੇ ਵਿਚ ਇੱਕ ਹੋਰ ਨਿੱਕਾ ਬੂਟਾ ਲਾ ਦਿੱਤਾ ਤੇ ਉਸਨੂੰ ਕਿਧਰੇ ਹੋਰ ਖੁੱਲੀ ਥਾਂ ਲਾ ਦਿੱਤਾ ਪਰ ਉਹ ਓਥੇ ਅਗਲੇ ਦਿਨ ਹੀ ਸੁੱਕ ਗਿਆ..!
ਮੈਂ ਕਾਹਲੀ ਨਾਲ ਘਰੇ ਫੋਨ ਲਾਇਆ ਤੇ ਆਖਿਆ “ਬਾਪੂ ਹੁਰਾਂ ਨੂੰ ਓਸੇ ਕਮਰੇ ਵਿਚ ਹੀ ਰਹਿਣ ਦਿਓ..ਨਿੱਕੇ ਪੁੱਤ ਦਾ ਬੰਦੋਬਸਤ ਮੈਂ ਕਿਧਰੇ ਹੋਰ ਕਰ ਦੇਵਾਂਗਾ”!
ਹਰਪ੍ਰੀਤ ਸਿੰਘ ਜਵੰਦਾ