ਗਲ ਉਨਾਂ ਦਿਨਾਂ ਦੀ ਆ ਜਦੋਂ ਮੋਬਾਈਲ ਤਾਂ ਕੀ ਆਮ ਘਰਾਂ ਵਿਚ ਲੈਂਡਲਾਈਨ ਫੋਨ ਵੀ ਨਹੀਂ ਹੁੰਦੇ ਸੀ ,ਕਮਿਊਨੀਕੇਸ਼ਨ ਦਾ ਤੇਜ ਤੋਂ ਤੇਜ ਜਰੀਆ ਸਿਰਫ ਤਾਰ(ਟੈਲੀਗਰਾਮ) ਹੁੰਦਾ ਸੀ ,ਜਦ ਵੀ ਕਿਤੇ ਕੋਈ ਦੂਰ ਦੁਰਾਡੇ ਰਹਿੰਦੇ ਰਿਸ਼ਤੇਦਾਰ ਦੇ ਘਰੋਂ ਕੋਈ ਤਾਰ ਆ ਜਾਣੀ ਤਾਂ ਸਾਰੇ ਪਿੰਡ ਰੌਲਾ ਪੈ ਜਾਂਦਾ ਸੀ ਕਿ ਵਈ ਫਲਾਣਿਆ ਦੇ ਤਾਂ ਤਾਰ ਆ ਗਈ ਤੇ ਸਮਝ ਲਿਆ ਜਾਂਦਾ ਸੀ ਕਿ ਜਾਂ ਤਾਂ ਅਗਲਾ ਮਰ ਗਿਆ ਜਾਂ ਫਿਰ ਗੁਲੂਕੋਜ਼ ਲਗ ਗਿਆ , ਗਲੂਕੋਜ ਲਗਣ ਨੂੰ ਵੀ ਆਖਰੀ ਸਮਾਂ ਹੀ ਮੰਨਿਆ ਜਾਂਦਾ ਸੀ ।ਅਜ ਕਲ ਤਾਂ ਗਲੂਕੋਜ ਆਮ ਹੋ ਗਿਆ ਹੈ ।ਸਾਡੇ ਫੌਜ ਵਿਚ ਵੀ ਐਨੂਅਲ ਲੀਵ ਤਾਂ ਆਰਾਮ ਨਾਲ 2 ਮਹੀਨੇ ਮਿਲ ਹੀ ਜਾਂਦੀ ਸੀ ਪਰ ਕੈਜੂਅਲ ਲੀਵ ਲਈ ਆਮ ਤੌਰ ਤੇ ਘਰ ਤੋਂ ਤਾਰ(ਟੈਲੀਗ੍ਰਾਮ ) ਝੂਠੀ ਮੰਗਵਾਈ ਜਾਂਦੀ ਸੀ ਤੇ ਆਮ ਤੌਰ ਤੇ ਟੈਲੀਗ੍ਰਾਮ ਦਾ ਮੈਟਰ ਉਹੀ ਹੁੰਦਾ ਸੀ (” Mother serious ,come soon ) ਇਕ ਇਕ ਅਖਰ ਦੇ ਪੈਸੇ ਲਗਦੇ ਸੀ ਸੋ ਸਭ ਨੇ ਛੋਟੇ ਤੋਂ ਛੋਟਾ ਮੈਟਰ ਆਹੀ ਰਖਿਆ ਸੀ ।ਹਾਲਾਂ ਕਿ ਅਫਸਰਾਂ ਨੂੰ ਵੀ ਪਤਾ ਹੁੰਦਾ ਸੀ ਕਿ ਇਹ ਝੂਠੀ ਹੈ ,ਪਰ ਕਿਉਂਕਿ ਮਾਂ ਦੇ ਸੀਰੀਅਸ ਦੀ ਹੁੰਦੀ ਸੀ ਸੋ ਉਹ 8-10 ਦਿਨ ਦੀ ਛੁਟੀ ਦੇ ਹੀ ਦਿੰਦੇ ਸੀ ।
ਸਾਡੇ ਨਾਲ ਇਕ ਹਰਿਆਣਾ ਜੀਂਦ ਦਾ ਦਹੀਆ ਹੁੰਦਾ ਸੀ ਉਸ ਨੇ ਇਕ ਸਾਲ ਸੋਚਿਆ ਕਿ ਦੀਵਾਲੀ ਤੇ ਘਰ ਜਾਵਾਂ ।ਕੈਜੂਅਲ ਲੀਵ ਮਿਲਣ ਦੀ ਆਸ ਘਟ ਸੀ ਤਾਂ ਉਸਨੇ ਆਪਣੇ ਘਰ ਦਿਆਂ ਨੂੰ ਬਿਨਾਂ ਸਮਝਾਏ ਦੀਵਾਲੀ ਦੇ 8-10 ਦਿਨ ਪਹਿਲਾਂ ਇਕ ਤਾਰ ਭੇਜੀ , send telegram, mother serious come soon ,ਹੁਣ ਜਿਵੇਂ ਹੀ ਦੂਜੇ ਦਿਨ ਤਾਰ ਦਹੀਏ ਦੇ ਪਿੰਡ ਪਹੁੰਚੀ ,ਹਾਹਾਕਾਰ ਮਚ ਗਈ ਕਿ ਛੋਰੇ ਕੇ ਯਹਾਂ ਸੇ ਤੋ ਤਾਰ ਆ ਗਈ,,ਸੋ ਪਿੰਡ ਦੇ ਇਕ ਮੇਰੇ ਵਰਗੇ 7 ਕੁ ਪਾਸ ਸਭ ਤੋਂ ਪੜੇ ਲਿਖੇ ਬੰਦੇ ਨੂੰ ਪੜਨ ਨੂੰ ਕਿਹਾ ,ਤੇ ਉਸਨੇ ਪੜਦੇ ਸਾਰ ਮਥੇ ਤੇ ਹਥ ਮਾਰਕੇ ਕਿਹਾ , ਰੈ ਤਾਊ ,,ਭਾਈ ਛੋਰਾ ਆਪਕਾ ਬਹੁਤ ਬੀਮਾਰ ਸੈਂ ਅਰ ਵੈ ਮਾਂ ਕੋ ਬੁਲਾ ਰਿਹਾ ਸੈਂ ਮਿਲਣ ਕੀ ਖਾਤਰ । ਲਵੋ ਜੀ ਉਸੀ ਵਕਤ ਪਿੰਡ ਵਾਲਿਆਂ ਨੇ ਤਾਊ ਤੇ ਤਾਈ ਕੇ 2-2 ਕਪੜੇ ਝੋਲੇ ਚ ਪਾਏ ਤੇ ਦਿਲੀ ਆ ਕੇ ਉਨਾਂ ਨੂੰ ਮਦਰਾਸ ਲਈ ਰੇਲ ਵਿਚ ਚੜਾ ਦਿਤਾ।ਇਧਰ ਵਿਚਾਰਾ ਦਹੀਆ ਸੋਚੀ ਚਲੇ ਕਿ ਅਜ ਤਾਰ ਪਹੁੰਚ ਗਈ ਹੋਣੀ ਹੁਣ ਉਹ ਤਾਰ ਭੇਜਣਗੇ ਤੇ ਪਰਸੋਂ ਤਕ ਮੈਨੂੰ ਮਿਲ ਜਾਵੇਗੀ ਤੇ ਪਰਸੋਂ ਹੀ ਸ਼ਾਮ ਦੀ ਗਡੀ ਮੈਂ ਚੜ ਕੇ ਪਿੰਡ ਦੀਵਾਲੀ ਮਨਾਊਂਗਾ ਇਸ ਵਾਰ । ਪਤਾ ਤਾਂ ਲਗਾ ਜਦ ਤੀਜੇ ਦਿਨ ਗਾਰਡਰੂਮ ਤੋਂ ਸ਼ਾਮ ਨੂੰ ਪੁਲਿਸ ਵਾਲਾ ਆਇਆ ਤੇ ਕਹਿੰਦਾ ਵਈ ਦਹੀਆ ਕੌਣ ਹੈ ।ਦਹੀਆ ਖੁਸ਼ੀ ਵਿਚ ਕਹਿੰਦਾ ,ਸ੍ਰ ਮੈਂ ਹੂੰ ਦਹੀਆ ।ਪੁਲਿਸ ਵਾਲਾ ਕਹਿੰਦਾ ਤੂੰ ਤਾਂ ਠੀਕ ਠਾਕ ਹੈ ,ਫਿਰ ਆਪਣੇ ਮਾਂ ਬਾਪ ਕਿਉਂ ਬੁਲਾਏ ।ਹੁਣ ਦਹੀਏ ਨੂੰ ਸਮਝ ਨਾਂ ਆਵੇ ਕਿ ਉਹ ਇਥੇ ਕਿਉਂ ਪਹੁੰਚ ਗਏ। ਖੈਰ ਜਾ ਕੇ ਜਦ ਦਹੀਆ ਉਨਾਂ ਨੂੰ ਮਿਲਿਆ ਤੇ ਸਾਰੀ ਗਲ ਪੁਛੀ ,ਉਹ ਕਹਿੰਦੇ ਭਾਈ ਤੈਂ ਹੀ ਤਾਂ ਤਾਰ ਭੇਜੀ ਸੀ ਕਿ ਤੂੰ ਬਹੁਤ ਬੀਮਾਰ ਹੈਂ ਤੇ ਮਾਂ ਨੂੰ ਭੇਜੋ।ਹੁਣ ਦਹੀਏ ਦੇ ਦਿਮਾਗ ਵਿਚ ਆਈ ਕਿ ਇਹ ਮੇਰੇ ਪਿੰਡ ਦੇ ਹੀ ਮੋਸਟ ਕਵਾਲੀਫਾਈਡ ਬੰਦੇ ਦਾ ਕੀਤਾ ਧਰਿਆ ਹੈ ।ਵਿਚਾਰਾ ਨਿਮੋਝੂਣਾ ਹੋ ਕੇ ਬਾਪੂ ਬੇਬੇ ਨੂੰ ਹੋਟਲ ਤੋਂ ਰੋਟੀ ਪਾਣੀ ਖਲਾ ਕੇ ਰਾਤ ਦੀ ਗਡੀ ਵਾਪਸ ਚੜਾ ਕੇ ਜਦੋਂ ਆ ਕੇ ਸਾਰੀ ਗਲ ਸਾਨੂੰ ਦਸੀ ,ਸਾਡਾ ਸਾਰਿਆਂ ਦਾ ਹਾਸਾ ਨਾਂ ਰੁਕੇ । ਵਿਚਾਰੇ ਦਹੀਏ ਦੀ ਦੀਵਾਲੀ ਤਾਂ ਉਥੇ ਹੀ ਲੰਘੀ ਨਾਲ ਹੀ ਸਾਲ ਭਰ ਸਾਰਿਆਂ ਦੇ ਮਜਾਕ ਦਾ ਪਾਤਰ ਵੀ ਬਣਿਆ ਰਿਹਾ ।
ਸੁਰਿੰਦਰ ਸਿੰਘ ਜੱਲੋਵਾਲ
03 ਜੁਲਾਈ 2023