ਮੇਰੇ ਖ਼ੁਦ ਨਾਲ ਜੁੜਿਆ ਇੱਕ ਕਿੱਸਾ ਦੱਸਣ ਨੂੰ ਜੀਅ ਕੀਤਾ, ਗੱਲ 1994 ਦੀ ਹੈ, ਮੈਂ ਫੌਜ ਵਿੱਚ ਨੌਕਰੀ ਕਰਦਾ ਸੀ ਤੇ ਸਿੱਕਮ ਵਿੱਚ ਤਾਇਨਾਤ ਸੀ, ਓਹਨਾਂ ਵੇਲਿਆਂ ਵਿੱਚ ਪਿੰਡਾਂ ਵਿੱਚ ਕਿਸੇ ਕਿਸਮ ਦੇ ਫ਼ੋਨ ਸੁਵਿਧਾ ਨਹੀਂ ਸੀ, ਹਾਲਚਾਲ ਪੁੱਛਣ ਦੇ ਦੋ ਹੀ ਤਰੀਕੇ ਸਨ, ਜਾਂ ਤਾਂ ਚੱਲ ਕੇ ਖ਼ੁਦ ਜਾਓ, ਜਾਂ ਚਿੱਠੀ ਰਾਹੀਂ ਪਤਾ ਕਰੋ, ਮੇਰਾ ਦੋਸਤ ਰਸ਼ਪਾਲ ਸਿੰਘ ਜੀ ਡਰਾਈਵਰ ਸੀ ਤੇ ਅਕਸਰ ਗੰਗਟੋਕ ਆਉਂਦਾ ਜਾਂਦਾ ਰਹਿੰਦਾ ਸੀ। ਸਾਡੇ ਡਾਕਘਰ ਨਹੀਂ ਹੁੰਦਾ ਸੀ, ਜੋ ਸਾਨੂੰ ਸਰਕਾਰੀ ਖਤ ਮਿਲਦੇ ਸੀ ਲਿਖਣ ਵਾਸਤੇ ਓਹ ਯੂਨਿਟ ਵਿੱਚ ਪੜਕੇ ਸੈਂਸਰ ਹੁੰਦੇ ਸਨ, ਕਦੇ ਕਦੇ ਅਸੀਂ ਪ੍ਰਾਈਵੇਟ ਚਿੱਠੀਆਂ ਵੀ ਲਿਖ ਦਿੰਦੇ ਸੀ। ਇੱਕ ਦਿਨ ਮੈਂ ਇੱਕ ਚਿੱਠੀ ਰਸ਼ਪਾਲ ਨੂੰ ਫੜਾ ਦਿੱਤੀ ਕੇ ਜਦੋਂ ਗੰਗਟੋਕ ਜਾਵੇਂ ਪੋਸਟ ਕਰ ਦੇਣਾ। ਸ਼ਾਮ ਨੂੰ ਮੈ ਪੁੱਛਿਆ ਕਿ ਪੋਸਟ ਕਰ ਦਿੱਤੀ, ਆਖਣ ਲੱਗਾ ਹਾਂ ਕਰਤੀ। 15 ਕੂ ਦਿਨਾਂ ਤੱਕ ਜਦੋਂ ਜਵਾਬ ਨਾ ਆਇਆ ਮੈਂ ਫਿਰ ਪੁੱਛਿਆ ਕਿ ਰਸ਼ਪਾਲ ਚਿੱਠੀ ਬਾਕਸ ਵਿੱਚ ਪਾ ਆਇਆ ਸੀ। ਕਹਿੰਦਾ ਹਾਂ ਮੈਂ ਕਿਹਾ ਯਾਰ ਜਵਾਬ ਨਹੀਂ ਆਇਆ। ਹੋਰ ਉਡੀਕ ਲੈ ਕੁੱਝ ਦਿਨ। ਜਦੋਂ 3ਦਿਨ ਬੀਤੇ ਸ਼ਾਮ ਦੇ ਸਮੇਂ ਅਸੀਂ ਗੱਲਾਂ ਬਾਤਾਂ ਕਰ ਰਹੇ ਸੀ, ਰਸ਼ਪਾਲ ਆਖਣ ਲੱਗਾ ਤੂੰ ਬੈਠ ਮੈਂ ਨ੍ਹ੍ਹਾ ਆਵਾਂ, ਓਹ ਨਹਾਉਣ ਚਲਾ ਗਿਆ। ਮੈਂ ਉਸਦੀ ਵਰਦੀ ਦੀਆਂ ਜੇਬਾਂ ਫਰੋਲਣ ਲੱਗ ਪਿਆ। ਮੇਰੀ ਲਿਖੀ ਹੋਈ ਚਿੱਠੀ ਓਹਦੀ ਜੇਬ ਵਿੱਚੋਂ ਮਿਲ ਗਈ। ਮੈਂ ਵੇਖ ਕੇ ਫਿਰ ਓਸੇ ਜੇਬ ਵਿੱਚ ਪਾ ਕੇ ਰੱਖਤੀ, ਜਦੋਂ ਉਹ ਨਹਾ ਕੇ ਆਇਆ ਮੈਂ ਫਿਰ ਪੁੱਛਿਆ ਕਿ ਚਿੱਠੀ ਦਾ ਜਵਾਬ ਨਹੀਂ ਆਇਆ, ਸੱਚ ਦੱਸ ਪਾ ਆਇਆ ਸੀ ਜਾਂ ਨਹੀਂ। ਉਸਨੇ ਗਿੱਲੇ ਹੱਥ ਸਾਫ਼ ਕਰ ਕੇ ਜੇਬ ਵਿੱਚੋਂ ਉਹੀ ਚਿੱਠੀ ਕੱਢਕੇ ਮੇਰੇ ਹੱਥ ਫੜਾ ਦਿੱਤੀ, ਕਹਿੰਦਾ ਜੇ ਮੇਰੇ ਤੇ ਯਕੀਨ ਨਹੀਂ ਤਾਂ ਆਪ ਜਾ ਕੇ ਪਾ ਆਇਆ ਕਰ। ( ਪ੍ਰਿਤਪਾਲ ਮਲਕਾਣਾ)