ਉਹ ਬਜ਼ਾਰ ਵਿੱਚ ਖ਼ਰੀਦਦਾਰੀ ਕਰ ਰਹੀ ਸੀ। ਕੁਝ ਆਪਣੀਆਂ ਮਨਪਸੰਦ ਚੀਜ਼ਾਂ, ਕੱਪੜੇ ਤੇ ਹੋਰ ਸਮਾਨ ਖਰੀਦਿਆ।ਦੁਕਾਨ ਤੋਂ ਬਾਹਰ ਨਿਕਲੀ ਤਾਂ ਗਰਮੀ ਪੂਰੇ ਸਿਖ਼ਰ ਤੇ ਸੀ। ਦੁਕਾਨ ਦੇ ਐਨ ਸਾਹਮਣੇ ਸੜਕ ਦੇ ਦੂਜੇ ਪਾਸੇ ਉਹਦੀ ਨਿਗ੍ਹਾ ਇੱਕ ਬਜ਼ੁਰਗ ਬਾਪੂ ਜੀ ਤੇ ਪਈ ਜਿਸ ਦਾ ਸਰੀਰ ਕਮਜ਼ੋਰ, ਕੱਪੜੇ ਮੈਲ਼ੇ,ਚਿਹਰੇ ਤੇ ਲਾਚਾਰੀ ਤੇ ਹੱਥ ਵਿੱਚ ਕੋਈ ਦਵਾਈ ਵਾਲ਼ੀ ਸ਼ੀਸ਼ੀ ਫੜ੍ਹੀ ਹੋਈ ਸੀ। ਬਾਪੂ ਜੀ ਲੰਘਣ ਵਾਲੇ ਹਰ ਰਾਹੀ ਤੋਂ ਪੈਸੇ ਮੰਗ ਰਹੇ ਸੀ ਤੇ ਹਰ ਕੋਈ ਨਜ਼ਰ ਅੰਦਾਜ਼ ਕਰ ਅੱਗੇ ਲੰਘ ਜਾਂਦਾ। ਉਹਦੀ ਨਿਗ੍ਹਾ ਪਤਾ ਨਹੀਂ ਕਿਉਂ ਓਸ ਬਾਪੂ ਤੇ ਠਹਿਰ ਗਈ ਤੇ ਉਹ ਤੁਰਦੀ ਤੁਰਦੀ ਉੱਥੇ ਹੀ ਰੁਕ ਗਈ।ਇੰਨ੍ਹੇ ਨੂੰ ਬਾਪੂ ਵੀ ਉਸ ਕੋਲ ਆ ਗਏ। ਉਹਨਾਂ ਖ਼ਾਲੀ ਹੱਥ ਅੱਗੇ ਕਰਕੇ ਆਖਿਆ,ਧੀਏ !”ਦਾਨ ਕਰ ਜਾਹ” , ਅੱਖ ਚ ਬੜੀ ਤਕਲੀਫ ਰਹਿੰਦੀ ਐ,ਆਹ ਅੱਖ ਆਲ਼ੀ ਦਵਾਈ ਲੈਣੀ ਐਂ ! ਤੇ ਫੜੀ ਸ਼ੀਸ਼ੀ ਵਾਲ਼ਾ ਹੱਥ ਵੀ ਅੱਗੇ ਕਰ ਦਿੱਤਾ।
“ਮੇਰੇ ਕੋਲ ਸਿਰਫ ਦਸ ਰੁਪਈਏ ਨੇ, ਦਵਾਈਆਂ ਵਾਲੇ ਦਿੰਦੇ ਨਹੀਂ, ਮੈਂ ਬੜ੍ਹੇ ਤਰਲੇ ਕੀਤੇ, ਉਹ ਕਹਿੰਦੇ ਪਹਿਲਾਂ ਪੈਸੇ ਲੈਕੇ ਆ”। ਇੰਨ੍ਹੀ ਧੁੱਪ ਚ ਮੰਗਦਾ ਫਿਰਦਾਂ, ਦਵਾਈ ਜੋਗੇ ਪੈਸੇ ਨੀਂ ਮਿਲ਼ੇ,ਦੋਵੇਂ ਅੱਖਾਂ ਤੋਂ ਅੰਨ੍ਹਾ ਹੋਜਾਂ ਜੇ ਝੂਠ ਕਹਿ ਰਿਹਾ ਹੋਵਾਂ”।ਇਹ ਕਹਿੰਦੇ ਬਾਪੂ ਦੀਆਂ ਦੋਵੇਂ ਅੱਖਾਂ ਗਿੱਲੀਆਂ ਹੋ ਗਈਆਂ।ਬਾਪੂ ਲਗਾਤਾਰ ਬੋਲੀ ਜਾ ਰਿਹਾ ਸੀ ਤੇ ਉਹ ਚੁੱਪਚਾਪ ਬਾਪੂ ਦੇ ਚਿਹਰੇ ਵੱਲ ਦੇਖਦੇ ਹੋਏ ਸੁਣੀਂ ਜਾ ਰਹੀ ਸੀ।ਉਹਦਾ ਮਨ ਪਸੀਜ ਗਿਆ ਤੇ ਸੋਚਣ ਲੱਗੀ ਕਿ ਲੱਗਦਾ ਬਾਪੂ ਸੱਚ ਈ ਬੋਲ ਰਿਹਾ।ਫਿਰ ਚੁੱਪੀ ਤੋੜਦਿਆਂ ਉਹਨੇ ਬਾਪੂ ਤੋਂ ਪੁੱਛਿਆ,”ਬਾਪੂ ਜੀ ਕਿੱਥੇ ਰਹਿੰਦੇ ਹੋ?
ਮੈਂ ਕਿਤੇ ਨੀਂ ਰਹਿੰਦਾ ਧੀਏ ,ਮੇਰਾ ਕੋਈ ਘਰ ਨੀਂ ।
ਉਹਨੇ ਬਾਪੂ ਨੂੰ ਹੌਂਸਲਾ ਦਿੱਤਾ ਤੇ ਦਵਾਈ ਜੋਗਾ ਸੌ ਰੁਪਈਆ ਉਹਦੇ ਖ਼ਾਲੀ ਹੱਥ ਤੇ ਰੱਖ ਦਿੱਤਾ। ਬਾਪੂ ਨੇ ਸੌ ਰੁਪਈਆ ਮੱਥੇ ਨੂੰ ਲਾਇਆ ਜਿਵੇਂ ਕੋਈ ਵਡਮੁੱਲਾ ਖਜ਼ਾਨਾ ਮਿਲ ਗਿਆ ਹੋਵੇ ਤੇ ਸੌ ਅਸੀਸਾਂ ਦਿੱਤੀਆਂ। ਬਾਪੂ ਉਹਤੋਂ ਦਸ ਕਦਮ ਅੱਗੇ ਲੰਘ ਗਿਆ ਸੀ ਪਰ ਅਜੇ ਵੀ ਉੱਚੀ ਉੱਚੀ ਬੋਲ ਅਸੀਸਾਂ ਦੇ ਰਿਹਾ ਸੀ ਤੇ ਉਹ ਅਜੇ ਵੀ ਉਸੇ ਥਾਂ ਤੇ ਖੜ੍ਹੀ ਉਹਨੂੰ ਜਾਂਦੇ ਨੂੰ ਦੇਖ ਰਹੀ ਸੀ ਸ਼ਾਇਦ ਜਿਵੇਂ ਪੁਸ਼ਟੀ ਕਰ ਰਹੀ ਹੋਵੇ ਕਿ ਬਾਪੂ ਕਿਸੇ ਹੋਰ ਤੋਂ ਪੈਸੇ ਮੰਗਦਾ ਜਾਂ ਨਹੀਂ। ਪਰ ਬਾਪੂ ਨੇ ਹੋਰ ਕਿਸੇ ਤੋਂ ਪੈਸੇ ਨਹੀਂ ਮੰਗੇ ਤੇ ਥੋੜ੍ਹੀ ਦੂਰੀ ਉੱਤੇ ਬਣੇ ਇੱਕ ਮੈਡੀਕਲ ਤੋਂ ਦਵਾਈ ਲੈ ਕੇ ਮੋੜ ਮੁੜ ਗਿਆ। ਉਹਨੂੰ ਬਾਪੂ ਆਪਣਾ ਜਿਹਾ ਲੱਗਾ ਤੇ ਹੁਣ ਪਛਤਾਵਾ ਵੀ ਹੋਣ ਲੱਗਾ ਕਿ ਬਾਪੂ ਬਾਰੇ ਹੋਰ ਜਾਨਣਾ ਚਾਹੀਦਾ ਸੀ ਤਾਂ ਕਿ ਕੋਈ ਹੋਰ ਮੱਦਦ ਹੋ ਸਕਦੀ। ਪਰ ਬਾਪੂ ਮੋੜ ਮੁੜ ਚੁੱਕਾ ਸੀ ਤੇ ਉਹ ਨਜ਼ਰਾਂ ਨਾਲ ਵਿਦਾਈ ਦਿੰਦੀ ਬੜਾ ਸਕੂਨ ਮਹਿਸੂਸ ਕਰ ਰਹੀ ਸੀ।ਅੱਜ ਉਹਨੂੰ ਆਪਣੀਆਂ ਮਨਪਸੰਦ ਚੀਜ਼ਾਂ ਖਰੀਦ ਕੇ ਇੰਨ੍ਹੀ ਤਸੱਲੀ ਨਹੀਂ ਸੀ ਹੋਈ ਜਿੰਨ੍ਹੀ ਬਾਪੂ ਨੂੰ ਆਪਣੀ ਲਈ ਲੋੜੀਂਦੀ ਚੀਜ ਖਰੀਦਦੇ ਦੇਖ ਕੇ ਹੋਈ।ਉਹਨੇ ਰੱਬ ਦਾ ਸ਼ੁਕਰ ਕੀਤਾ ਕਿ ਅੱਜਕਲ੍ਹ ਸੱਚ ਦਾ ਭੇਸ ਧਾਰੀ ਫਿਰਦੇ ਝੂਠੇ ਲੋੜਵੰਦਾਂ ਵਿਚਕਾਰ ਕਿਸੇ ਭਲੇਮਾਣਸ ਸੱਚੇ ਲੋੜਵੰਦ ਲਈ ਬੇਯਕੀਨ ਹੋਣ ਤੋਂ ਬਚਾ ਲਿਆ ਸੀ।
ਸੁਖਵੀਰ ਕੌਰ
ਬਹੁਤ ਖੂਬਸੂਰਤ ਰਚਨਾ