ਇਕ ਰਾਜੇ ਦੇ ਵਿਸ਼ਾਲ ਮਹੱਲ ਵਿਚ ਸੁੰਦਰ ਬਾਗ ਸੀ, ਜਿਸ ਵਿਚ ਅੰਗੂਰਾਂ ਦੀ ਵੇਲ ਲੱਗੀ ਸੀ। ਉੱਥੇ ਰੋਜ਼ ਇਕ ਚਿੜੀ ਆਉਂਦੀ ਅਤੇ ਮਿੱਠੇ ਅੰਗੂਰ ਚੁਣ-ਚੁਣ ਕੇ ਖਾ ਜਾਂਦੀ ਅਤੇ ਅੱਧ-ਪੱਕੇ ਤੇ ਖੱਟੇ ਅੰਗੂਰ ਹੇਠਾਂ ਡੇਗ ਦਿੰਦੀ।
ਮਾਲੀ ਨੇ ਚਿੜੀ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਹੱਥ ਨਾ ਆਈ। ਨਿਰਾਸ਼ ਹੋ ਕੇ ਇਕ ਦਿਨ ਮਾਲੀ ਨੇ ਰਾਜੇ ਨੂੰ ਇਹ ਗੱਲ ਦੱਸੀ। ਇਹ ਸੁਣ ਕੇ ਰਾਜਾ ਭਾਨੂੰ ਪ੍ਰਤਾਪ ਨੂੰ ਹੈਰਾਨੀ ਹੋਈ। ਉਸ ਨੇ ਚਿੜੀ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਅਤੇ ਬਾਗ ਵਿਚ ਲੁਕ ਕੇ ਬੈਠ ਗਿਆ।
ਜਦੋਂ ਚਿੜੀ ਅੰਗੂਰ ਖਾਣ ਆਈ ਤਾਂ ਰਾਜੇ ਨੇ ਫੁਰਤੀ ਦਿਖਾਉਂਦਿਆਂ ਉਸ ਨੂੰ ਫੜ ਲਿਆ। ਜਦੋਂ ਰਾਜਾ ਚਿੜੀ ਨੂੰ ਮਾਰਨ ਲੱਗਾ ਤਾਂ ਚਿੜੀ ਬੋਲੀ,”ਹੇ ਰਾਜਨ, ਮੈਨੂੰ ਨਾ ਮਾਰ। ਮੈਂ ਤੈਨੂੰ ਗਿਆਨ ਦੀਆਂ 4 ਜ਼ਰੂਰੀ ਗੱਲਾਂ ਦੱਸਾਂਗੀ।”
ਰਾਜੇ ਨੇ ਕਿਹਾ,”ਜਲਦੀ ਦੱਸ।”
ਚਿੜੀ ਬੋਲੀ,”ਹੇ ਰਾਜਨ, ਸਭ ਤੋਂ ਪਹਿਲਾਂ ਤਾਂ ਹੱਥ ਵਿਚ ਆਏ ਦੁਸ਼ਮਣ ਨੂੰ ਕਦੇ ਨਾ ਛੱਡੀਂ।”
ਰਾਜਾ ਬੋਲਿਆ,”ਦੂਜੀ ਗੱਲ ਦੱਸ।”
ਚਿੜੀ ਬੋਲੀ,”ਅਸੰਭਵ ਗੱਲ ‘ਤੇ ਭੁੱਲ ਕੇ ਵੀ ਵਿਸ਼ਵਾਸ ਨਾ ਕਰੀਂ ਅਤੇ ਤੀਜੀ ਗੱਲ ਇਹ ਹੈ ਕਿ ਬੀਤੀਆਂ ਗੱਲਾਂ ‘ਤੇ ਕਦੇ ਪਛਤਾਵਾ ਨਾ ਕਰੀਂ।”
ਰਾਜੇ ਨੇ ਕਿਹਾ,”ਹੁਣ ਚੌਥੀ ਗੱਲ ਵੀ ਜਲਦੀ ਦੱਸ ਦੇ।”
ਇਸ ‘ਤੇ ਚਿੜੀ ਬੋਲੀ,”ਚੌਥੀ ਗੱਲ ਬੜੀ ਭੇਤਭਰੀ ਹੈ। ਮੈਨੂੰ ਜ਼ਰਾ ਢਿੱਲਾ ਛੱਡ ਦੇ ਕਿਉਂਕਿ ਮੇਰਾ ਸਾਹ ਘੁਟ ਰਿਹਾ ਹੈ। ਕੁਝ ਸਾਹ ਲੈ ਕੇ ਹੀ ਦੱਸਾਂਗੀ।”
ਚਿੜੀ ਦੀ ਗੱਲ ਸੁਣ ਕੇ ਜਿਵੇਂ ਹੀ ਰਾਜੇ ਨੇ ਆਪਣਾ ਹੱਥ ਢਿੱਲਾ ਕੀਤਾ, ਚਿੜੀ ਉੱਡ ਕੇ ਟਾਹਣੀ ‘ਤੇ ਜਾ ਬੈਠੀ ਅਤੇ ਬੋਲੀ,”ਮੇਰੇ ਪੇਟ ਵਿਚ 2 ਹੀਰੇ ਹਨ।”
ਇਹ ਸੁਣ ਕੇ ਰਾਜਾ ਪਛਤਾਵੇ ਵਿਚ ਡੁੱਬ ਗਿਆ। ਉਸ ਦੀ ਹਾਲਤ ਦੇਖ ਕੇ ਚਿੜੀ ਬੋਲੀ,”ਹੇ ਰਾਜਨ, ਗਿਆਨ ਦੀ ਗੱਲ ਸੁਣਨ ਤੇ ਪੜ੍ਹਨ ਨਾਲ ਕੋਈ ਲਾਭ ਨਹੀਂ ਹੁੰਦਾ, ਉਸ ‘ਤੇ ਅਮਲ ਕਰਨ ਨਾਲ ਹੁੰਦਾ ਹੈ। ਤੂੰ ਮੇਰੀ ਗੱਲ ਨਹੀਂ ਮੰਨੀ। ਮੈਂ ਤੇਰੀ ਦੁਸ਼ਮਣ ਸੀ, ਫਿਰ ਵੀ ਤੂੰ ਫੜ ਕੇ ਮੈਨੂੰ ਛੱਡ ਦਿੱਤਾ। ਮੈਂ ਇਹ ਅਸੰਭਵ ਗੱਲ ਕਹੀ ਕਿ ਮੇਰੇ ਪੇਟ ਵਿਚ 2 ਹੀਰੇ ਹਨ, ਫਿਰ ਵੀ ਤੂੰ ਉਸ ‘ਤੇ ਭਰੋਸਾ ਕਰ ਲਿਆ। ਤੇਰੇ ਹੱਥ ਵਿਚ ਉਹ ਕਾਲਪਨਿਕ ਹੀਰੇ ਨਹੀਂ ਆਏ ਤਾਂ ਤੂੰ ਪਛਤਾਉਣ ਲੱਗਾ।”
ਕਹਿਣ ਤੋਂ ਭਾਵ ਇਹ ਹੈ ਕਿ ਉਪਦੇਸ਼ਾਂ ਨੂੰ ਜੀਵਨ ਵਿਚ ਉਤਾਰੇ ਬਿਨਾਂ ਉਨ੍ਹਾਂ ਦਾ ਕੋਈ ਮੁੱਲ ਨਹੀਂ।