ਇਹ ਕਹਾਣੀ ਮੇਰੇ ਡੈਡੀ ਸਾਨੂੰ ਅਕਸਰ ਸੁਣਾਉਂਦੇ ਅਤੇ ਨਾਲ ਹੀ ਸਮਝਾਉਂਦੇ ਕਿ ਇਹ ਕਹਾਣੀਆਂ ਸੁਣ ਕੇ ਅਮਲ ਵੀ ਕਰੀਦਾ । ਉਦੋਂ ਤਾਂ ਇਹ ਕਹਾਣੀ ਸੁਣ ਕੇ ਹੱਸ ਲੈਣਾ ਪਰ ਜਿਵੇਂ ਜਿਵੇਂ ਸਮਾਂ ਗੁਜ਼ਰ ਰਿਹਾ ਬੜੀ ਚੰਗੀ ਤਰਾਂ ਇੰਨਾਂ ਬਾਤਾਂ ਦੇ ਮਤਲਬ ਸਮਝ ਆ ਰਹੇ ਹਨ। ਉੱਨਾਂ ਬਾਤਾਂ (ਕਹਾਣੀ) ਚੋਂ ਅੱਜ ਇੱਕ ਕਹਾਣੀ ਸਾਂਝੀ ਕਰ ਰਹੀ ਹਾਂ ।ਇੱਕ ਵਾਰ ਇੱਕ ਪਿੰਡ ਵਿੱਚ ਇੱਕ ਬੰਦਾ ਸੀ ਜੋ ਕਿ ਬਹੁਤ ਜ਼ਿਆਦਾ ਬੋਲਦਾ ਸੀ। ਉਸ ਦੀ ਮਾਂ ਉਸ ਨੂੰ ਹਮੇਸ਼ਾ ਸਮਝਾਉਂਦੀ ਕਿ ਬੇਟਾ ਬਹੁਤਿਆਂ ਗੱਲਾਂ ਕਈ ਵਾਰ ਪ੍ਰੇਸ਼ਾਨੀਂ ਖੜੀ ਕਰ ਦਿੰਦੀਆਂ, ਪਰ ਉਹ ਨਾਂ ਸਮਝਿਆ। ਕੁਝ ਸਮੇਂ ਬਾਅਦ ਉਸ ਦੀ ਮਾਂ ਇਸ ਦੁਨੀਆਂ ਤੋਂ ਚੱਲ ਵੱਸੀ ਤੇ ਉਹ ਇਕੱਲਾ ਇੱਧਰ ਉੱਧਰ ਭਾਉਂਦੇ ਭਾਉਂਦੇ ਕਿਸੇ ਹੋਰ ਪਿੰਡ ਪਹੁੰਚ ਗਿਆ। ਜਦੋਂ ਰਾਤ ਪੈ ਗਈ ਤਾਂ ਉਸ ਨੂੰ ਫ਼ਿਕਰ ਹੋਇਆ ਕਿ ਹੁਣ ਕਿੱਥੋਂ ਕੁਝ ਖਾਣਾ ਤੇ ਰਾਤ ਕਿੱਥੇ ਗੁਜ਼ਾਰਨੀ ਹੈ। ਤੁਰਦੇ ਤੁਰਦੇ ਉਹ ਪਿੰਡ ਦੇ ਬਾਹਰ ਵਾਰ ਇੱਕ ਛੋਟੇ ਜਿਹੇ ਘਰ ਚ ਚਾਨਣ ਵੇਖ ਉਸ ਦਾ ਬੂਹਾ ਖੜਕਾਇਆ ਤਾਂ ਇੱਕ ਬੂੱਡੀ ਔਰਤ ਨੇ ਦਰਵਾਜ਼ਾ ਖੋਲਿਆ,ਉਹੋ ਬੋਲਿਆ ਕਿ ਕਿਰਪਾ ਕਰ ਕੇ ਮੈਨੂੰ ਇੱਕ ਰਾਤ ਗੁਜ਼ਾਰਨ ਲਈ ਥਾਂ ਦੇ ਦਿਉ ਤਾਂ ਬੂੱਡੀ ਔਰਤ ਮੰਨ ਗਈ ।ਉਸ ਨੇ ਆਪਣੀ ਪੋਟਲ਼ੀ ਚੋਂ ਕੁਝ ਚੌਲ ਕੱਢੇ ਤੇ ਬੁੱਢੀ ਨੂੰ ਪਕਾਉਣ ਲਈ ਕਿਹਾ । ਬੁੱਢੀ ਚੌਲ਼ ਪਕਾਉਣ ਲੱਗੀ ਤਾਂ ਉਹ ਉਸ ਕੋਲ ਬੈਠ ਕੇ ਗੱਲਾਂ ਕਰਨ ਲੱਗਿਆ ।
ਬੁੱਢੀ ਦੇ ਚੌਂਕੇ ਕੋਲ ਬੜੀ ਸੋਹਣੀ ਭਾਰੀ ਮੱਝ ਵੀ ਬੰਨੀਂ ਸੀ। ਉਹ ਪੁੱਛਣ ਲੱਗਿਆ ਕਿ ਤੁਹਾਡਾ ਗੁਜ਼ਾਰਾ ਕਿਵੇਂ ਚੱਲਦਾ । ਬੁੱਢੀ ਬੋਲੀ ਕਿ ਮੱਝ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੀ ਹਾਂ ।ਮੱਝ ਤਾਂ ਤੁਹਾਡੀ ਸੋਹਣੀ ਡਾਢੀ ਆ ਕੇ ਦਰਵਾਜ਼ਾ ਮੈਨੂੰ ਛੋਟਾ ਲੱਗਦਾ ਤੇ ਇਸ ਨੂੰ ਅੰਦਰ ਬਾਹਰ ਕਿਵੇਂ ਕਰਦੇ ਹੋ।ਬੁੱਢੀ ਬੋਲੀ ਪੁੱਤ ਐਦਾਂ ਹੀ ਧੱਕ ਧੁੱਕ ਕੇ ਕਰ ਲਈਦੀ ਹੈ ਵੇਲਾ ਲੰਘਾਈ ਜਾਂਦੀ ਹਾਂ।ਉਦੋਂ ਤੱਕ ਚੌਲ਼ ਵੀ ਅੱਧਪੱਕੇ ਹੋ ਗਏ ਸੀ ਕੇ ਉਸ ਨੂੰ ਭੁੱਖ ਵੀ ਬਹੁਤ ਲੱਗੀ ਸੀ ਤੇ ਉਸ ਗੱਲਾਂ ਨਾਲ ਸਮਾਂ ਗੁਜ਼ਾਰ ਰਿਹਾ ਸੀ।
ਬੈਠਾ ਬੈਠਾ ਬੋਲਿਆ ਮਾਤਾ ਮੇਰੇ ਮਨ ਚ ਇੱਕ ਸਵਾਲ ਆ , ਪੁੱਛਾਂ, ਬੁੱਢੀ ਕਹਿੰਦੀ ਪੁੱਛ ,ਭਲਾ ਜੇ ਤੇਰੀ ਮੱਝ ਰਾਤ ਨੂੰ ਅੰਦਰ ਮਰ ਜੇ ਤਾਂ ਸਵੇਰ ਨੂੰ ਬਾਹਰ ਕਿਵੇਂ ਕੱਢੇਂਗੀ। ਇੰਨਾਂ ਸੁਣਦੇ ਹੀ ਬੁੱਢੀ ਨੂੰ ਤਾਂ ਸੱਤੀਂ ਕੱਪੜੀਂ ਅੱਗ ਲੱਗ ਗਈ।ਇੱਕ ਤਾਂ ਤੈਨੂੰ ਰਾਤ ਰੱਖਾਂ , ਖਾਣਾ ਬਣਾ ਕੇ ਦਵਾਂ ਤੇ ਤੂੰ ਮੇਰੀ ਮੱਝ ਮਾਰੀ ਜਾਨਾਂ ।ਉਸ ਨੇਂ ਉਸ ਦੇ ਅੱਧ ਕੱਚੇ ਚੌਲ਼ ਚੁੱਲੇ ਤੋਂ ਲਾਹੇ ਕਹਿੰਦੀ ਚੱਕ ਆਪਣੇ ਚੌਲ਼ ਤੇ ਨਿੱਕਲ ਮੇਰੇ ਘਰੋਂ, ਉਸ ਕੋਲ ਚੌਲ਼ ਪਾਉਣ ਲਈ ਭਾਂਡਾ ਵੀ ਨਹੀਂ ਸੀ। ਚੌਲ਼ ਉਸ ਨੇ ਇੱਕ ਪਰਨੇ ਚ ਪਵਾ ਲਏ ਤੇ ਸੋਟੀ ਨਾਲ ਬੰਨ ਕੇ ਮੋਢੇ ਤੇ ਰੱਖ ਕੇ ਤੁਰ ਪਿਆ।
ਰਾਹ ਚ ਇੱਕ ਬਜ਼ੁਰਗ ਉਸ ਨੂੰ ਪੁੱਛਣ ਲੱਗਾ ਕਿ ਤੇਰੇ ਪਰਨੇ ਚੋਂ ਕੀ ਚੋਈ ਜਾਂਦਾ, ਉਹ ਬੋਲਿਆ ਕਿ ਇਹ ਮੇਰੀ ਜ਼ਬਾਨ ਦਾ ਰੱਸ ਚੋ ਰਿਹਾ ।
ਸੋ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।
ਗੁਰਕਿਰਪਾਲ ਕੌਰ