ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਦਾ ਜੇ ਨਿਚੋੜ ਕੱਢਿਆ ਜਾਵੇ ਤਾਂ ਗ੍ਰਹਿਸਥ ਜੀਵਨ ਸਭ ਤੋਂ ਉੱਚਾ ਸੁੱਚਾ ਅਤੇ ਮਹਾਨ ਦਰਸਾਇਆ ਗਿਆ ਹੈ..ਆਨੰਦ ਕਾਰਜ ਅਠਾਰਵੀਂ ਸਦੀ ਵਿਚ ਓਦੋਂ ਵੀ ਹੁੰਦੇ ਆਏ ਜਦੋਂ ਬਿਖੜੇ ਪੈਂਡਿਆਂ ਵਾਲੇ ਸਫਰਾਂ ਵੇਲੇ ਘੋੜਿਆਂ ਦੀਆਂ ਕਾਠੀਆਂ,ਜੰਗਲ ਬੇਲੇ,ਮੰਡ,ਝਾਲੇ,ਝਿੜੀਆਂ,ਚਕੇਰੀਆਂ ਅਤੇ ਸ਼ੂਕਦੇ ਦਰਿਆਵਾਂ ਦੇ ਮੁਹਾਣ ਹੀ ਖਾਲਸੇ ਦਾ ਰੈਣ ਬਸੇਰਾ ਹੋਇਆ ਕਰਦੇ ਸਨ..!
ਸੱਪ ਸਪੋਲੀਏ ਜੰਗਲੀ ਜਾਨਵਰ ਮੌਸਮ ਮੀਂਹ ਝੜੀ ਝੱਖੜ ਗਰਮੀਂ ਸਰਦੀ ਬਿਮਾਰੀਆਂ ਖਾਣ ਪੀਣ ਦੇ ਸੰਖੇਪ ਜਿਹੇ ਸਰੋਤ ਨਿੱਤ ਦਿਹਾੜੇ ਦੀਆਂ ਚੁਣੌਤੀਆਂ ਬਣ ਸਾਮਣੇ ਆਣ ਖਲੋਇਆ ਕਰਦੇ..ਖਾਲਸਾ ਨਿੱਤ ਸੁਵੇਰੇ ਖੂਹ ਪੁੱਟਦਾ ਤੇ ਆਥਣੇ ਫੇਰ ਓਸੇ ਦਾ ਹੀ ਜਲ ਛੱਕ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰਦਾ..ਪੈਰ ਪੈਰ ਤੇ ਮੁਖਬਰ ਟਾਊਟ ਦੋਗਲੇ ਪਿੱਠ ਛੁਰੀ ਮਾਰ ਅਤੇ ਹੋਰ ਕਿੰਨੇ ਸਾਰੇ ਬੁੱਕਲ ਦੇ ਸੱਪ ਦਸਤਾਰਾਂ ਵਾਲਿਆਂ ਦੀ ਪੈੜ ਸੁੰਘਦੇ ਫਿਰਦੇ..ਬੇਸ਼ੱਕ ਅੱਜ ਵੀ ਹਾਲਾਤ ਕੋਈ ਬਹੁਤੇ ਵੱਖਰੇ ਨਹੀਂ..ਤਾਂ ਵੀ ਭਾਈ ਸਾਬ ਵੱਲੋਂ ਲਏ ਨਿੱਜੀ ਜਿੰਦਗੀ ਦੇ ਇਸ ਅਹਿਮ ਫੈਸਲੇ ਦੀ ਪ੍ਰੋੜਤਾ ਕਰਦੀ ਹੋਈ ਇਹ ਤਸਵੀਰ ਖੁਦ ਬਖ਼ੁਦ ਕਿੰਨੇ ਸਾਰੇ ਸਵਾਲਾਂ ਦਾ ਜੁਆਬ ਦਿੰਦੀ ਪ੍ਰਤੀਤ ਹੋ ਰਹੀ ਏ..ਬੇਸ਼ੁਮਾਰ ਕਿੰਤੂ-ਪ੍ਰੰਤੂ-ਇੰਝ-ਉਂਝ ਆਪਣਾ ਜ਼ੋਰ ਵਿਖਾਉਂਦੇ ਹੀ ਰਹਿਣਗੇ ਕੋਈ ਪ੍ਰਵਾਹ ਨਹੀਂ!
ਖਾਲਸਾਈ ਰਵਾਇਤਾਂ ਨਾਲ ਸਿਰੇ ਚੜੀ ਇਸ ਰਸਮ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਰਹਾਂਗੇ..ਦੋਵੇਂ ਧਿਰਾਂ ਜਦੋਂ ਖੁਦ ਦੇ ਆਲੇ ਦਵਾਲ਼ੇ ਦੀ ਪੂਰਨ ਸਮੀਖਿਆ ਕਰਕੇ ਐਸੇ ਫੈਸਲੇ ਲੈਂਦੀਆਂ ਹਨ ਤਾਂ ਫੇਰ ਖਾਲਸਾਈ ਮਾਹੌਲ ਵਿਚੋਂ ਉਪਜੀ ਵਿਲੱਖਣ ਚੜ੍ਹਦੀ ਕਲਾ ਅੱਗੋਂ ਹੋ ਕੇ ਆਪਣੇ ਗੁਰਸਿਖਾਂ ਨੂੰ ਕਲਾਵੇ ਵਿਚ ਲੈਂਦੀ ਹੀ ਆਈ ਏ..!
ਸੋ ਅਰਦਾਸ ਕਰਦੇ ਹਾਂ ਕੇ ਸੁਭਾਗ ਜੋੜਾ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੇ..ਸਰਕਾਰੀ ਪੁਸ਼ਤਪਨਾਹੀ ਦੀ ਛਾਂ ਹੇਠ ਦਿਨੇ ਰਾਤ ਵਧਦੇ ਜਾਂਦੇ ਜਿਸ ਕੋਹੜ ਨੂੰ ਜੜੋਂ ਪੁੱਟਣ ਦਾ ਤੁਸਾਂ ਸੰਕਲਪ ਲਿਆ..ਉਹ ਸੰਕਲਪ ਹੋਰ ਜ਼ੋਰ ਸ਼ੋਰ ਨਾਲ ਪ੍ਰਵਾਨ ਚੜੇ..ਅਖੀਰ ਵਿਚ ਫਤਹਿ ਦੀ ਸਾਂਝ ਪਾਉਂਦੇ ਹਾਂ..ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ!
ਹਰਪ੍ਰੀਤ ਸਿੰਘ ਜਵੰਦਾ