ਕਦੇ ਲੋਰ ਵਿਚ ਆਇਆ ਬਾਪੂ ਸਾਨੂੰ ਸਾਰਿਆਂ ਨੂੰ ਟਾਂਗੇ ਤੇ ਚਾੜ ਸ਼ਹਿਰ ਵੱਲ ਨੂੰ ਲੈ ਜਾਇਆ ਕਰਦਾ..ਮਾਂ ਆਖਦੀ ਮੈਨੂੰ ਲੀੜੇ ਬਦਲ ਲੈਣ ਦੇ ਤਾਂ ਅੱਗੋਂ ਆਖਦਾ ਮੈਨੂੰ ਤੂੰ ਇੰਝ ਹੀ ਬੜੀ ਸੋਹਣੀ ਲੱਗਦੀ ਏ..!
ਟਾਂਗੇ ਤੇ ਚੜੇ ਅਸੀਂ ਰਾਜੇ ਮਹਾਰਾਜਿਆਂ ਵਾਲੀ ਸੋਚ ਧਾਰਨ ਕਰ ਅੰਬਰੀਂ ਪੀਘਾਂ ਪਾਉਂਦੇ ਦਿਸਦੇ..ਅੰਬਰਾਂ ਚ ਲਾਈਐ ਚੱਲ ਉਡਾਰੀ..ਬੱਦਲਾਂ ਦਾ ਆਲ੍ਹਣਾ ਬਣਾਈਏ..!
ਰਾਹ ਵਿਚ ਟਾਂਗਾ ਉਡੀਕਦੀਆਂ ਸਵਾਰੀਆਂ ਭਰਿਆ ਟਾਂਗਾ ਵੇਖ ਪਿਛਾਂਹ ਨੂੰ ਹੋ ਜਾਂਦੀਆਂ..ਬਾਪੂ ਜੀ ਹੱਸ ਪਿਆ ਕਰਦਾ..ਅਖ਼ੇ ਅੱਜ ਮੇਰਾ ਆਪਣਾ ਟੱਬਰ ਹੀ ਟਾਂਗੇ ਨੂੰ ਭਾਗ ਲਾ ਰਿਹਾ ਏ!
ਲੈਲਾ..ਗਾਹੜੇ ਭੂਰੇ ਰੰਗ ਦੀ ਘੋੜੀ..ਪਾਰੋਂ ਵਛੇਰੀ ਲਿਆ ਕੇ ਪਾਲੀ ਸੀ..ਸ਼ਹਿਰ ਲੈਲਾ-ਮਜਨੂੰ ਨਾਮ ਦੀ ਫਿਲਮ ਵੇਖ ਉਸਦਾ ਨਾਮ ਵੀ ਲੈਲਾ ਹੀ ਰੱਖ ਦਿੱਤਾ..ਪਿੰਡੋਂ ਕਾਦੀਆਂ ਤੀਕਰ ਸਿਰਫ ਇੱਕ ਵੇਰ ਹੀ ਚਾਰਾ ਖਾਂਦੀ..ਬੜੀ ਹੀ ਜਿਆਦਾ ਸਮਝ ਦਾਰ..ਬਾਪੂ ਹੁਰਾਂ ਕਦੀ ਲਗਾਮਾਂ ਨਹੀਂ ਸਨ ਖਿੱਚੀਆਂ ਸਿਰਫ ਪੁਚਕਾਰ ਕੇ ਇਕੇਰਾਂ ਅਵਾਜ ਦੇ ਦਿੰਦੇ..ਓਸੇ ਵੇਲੇ ਖਲੋ ਜਾਂਦੀ..ਫੇਰ ਅਸੀ ਵੀ ਸ਼ਰਾਰਤ ਕਰਕੇ ਉਂਝ ਹੀ ਆਖਦੇ ਤਾਂ ਫੇਰ ਖਲੋ ਜਾਂਦੀ..ਬਾਪੂ ਜੀ ਆਖਦੇ ਕਮਲੀਏ ਠਿੱਠ ਕਰਦੇ ਤੇਰੇ ਨਾਲ..ਮਗਰੋਂ ਭਾਵੇਂ ਲੱਖ ਅਵਾਜਾਂ ਦਿੰਦੇ ਪਰ ਫੇਰ ਕਦੇ ਨਾ ਖਲੋਂਦੀ..!
ਤੁਰੀ ਜਾਂਦੀ ਲਿੱਦ ਕਰ ਦਿੰਦੀ ਤਾਂ ਅਸੀਂ ਸਾਰੇ ਮੂੰਹ ਢੱਕ ਲੈਂਦੇ ਪਰ ਬਾਪੂ ਜੀ ਨੇ ਕਦੇ ਨੱਕ ਬੁੱਲ ਨਹੀਂ ਸੀ ਵੱਟਿਆ..ਆਖਦਾ ਮੇਰੇ ਟੱਬਰ ਦੀ ਪਾਲਣ ਹਾਰ ਜੂ ਹੋਈ..ਮੈਨੂੰ ਇਸਦੀ ਹਰ ਮੁਸ਼ਕ ਪ੍ਰਵਾਨ ਏ!
ਕੇਰਾਂ ਲੈਲਾ ਨੂੰ ਬੰਨ ਪੈ ਗਿਆ..ਬਾਪੂ ਹੁਰਾਂ ਨੇ ਖੁਰੀਆਂ ਬਣਾਉਣ ਵਾਲਾ ਘੁਮਿਆਰ ਸੱਦ ਲਿਆ..ਉਹ ਇਲਾਜ ਵੀ ਕਰ ਦਿੰਦਾ ਸੀ..ਆਖਣ ਲੱਗਾ ਕੋਈ ਓਪਰਾ ਘਾਹ ਬੂਟ ਖਾ ਲਿਆ..ਆਫਰ ਗਈ ਏ..ਫੇਰ ਉਚੇਚਾ ਕਾਹੜਾ ਬਣਾ ਕੇ ਪਿਆਇਆ..ਠੀਕ ਤਾਂ ਹੋ ਗਈ ਪਰ ਮਗਰੋਂ ਸਾਹ ਚੜਨ ਲੱਗ ਪਿਆ..ਬਾਪੂ ਜੀ ਟਾਂਗੇ ਤੇ ਜਿਆਦਾ ਸਵਾਰੀਆਂ ਨਾ ਚੜਾਉਂਦੇ..ਲੈਲਾ ਕਿਧਰੇ ਥੱਕ ਨਾ ਜਾਵੇ!
ਕੁਝ ਆਖਿਆ ਕਰਦੇ ਕਰਮਿਆਂ ਹੁਣ ਇਹ ਕਾਸੇ ਜੋਗੀ ਨਹੀਂ ਰਹੀ..ਵਿਕਣੀ ਤੇ ਹੈ ਨਹੀਂ..ਟੀਕਾ ਲਵਾ ਕੇ ਹੱਡੋ-ਰੋੜੀ ਛੱਡ ਆ..ਬਾਪੂ ਜੀ ਅੱਗਿਓਂ ਗਰਮ ਹੋ ਜਾਂਦਾ..ਆਖਦਾ ਇਸਨੇ ਔਖੇ ਵੇਲੇ ਮੇਰਾ ਸਾਥ ਦਿੱਤਾ..ਘਰੋਂ ਕਿੱਦਾਂ ਕੱਢ ਦਿਆ..ਇਹ ਤਾਂ ਹੁਣ ਇਥੇ ਹੀ ਰਹੂ..ਅਖੀਰ ਤੱਕ..ਥੋੜਾ ਦਾਣਾ ਪਾਣੀ ਹੀ ਹੈ..ਮੈਂ ਆਪੇ ਚੁੱਕ ਲਊ ਖਰਚਾ..!
ਫੇਰ ਜਦੋਂ ਬੇਬੇ ਨੂੰ ਵੱਖੀ ਵਿਚ ਤਿੱਖਾ ਸੂਲ ਉੱਠਿਆ ਤਾਂ ਉਹ ਮਾਰੇ ਪੀੜ ਦੇ ਦੂਹਰੀ ਹੋ ਗਈ..ਫੇਰ ਇਹ ਹਰ ਰੋਜ ਦਾ ਵਰਤਾਰਾ ਹੋ ਗਿਆ..ਸ਼ਹਿਰ ਵੱਡੇ ਹਸਪਤਾਲ ਤੀਕਰ ਵਾਹ ਲਾਈ..ਲੋਕੀ ਸਲਾਹ ਦਿੰਦੇ ਕਰਮ ਸਿਹਾਂ ਐਵੇਂ ਖਰਚਾ ਕਰੀ ਜਾਂਦਾ..ਬਚਣਾ ਤੇ ਇਸ ਹੈ ਨਹੀਂ..ਗਰਮ ਹੋਇਆ ਓਹੀ ਗੱਲ ਫੇਰ ਦੁਰਹਾਉਂਦਾ..ਆਖਰੀ ਦਮ ਅਤੇ ਆਖਰੀ ਦਮੜੀ ਤੀਕਰ ਵਾਹ ਲਾਊਂ..!
ਫੇਰ ਜਦੋਂ ਬੇਬੇ ਇੱਕ ਦਿਨ ਮੁੱਕ ਗਈ ਤਾਂ ਲੈਲਾ ਦੀ ਸੁੰਝੀ ਖੁਰਲੀ ਵੱਲ ਵੇਖ ਬਹੁਤ ਰੋਇਆ..!
ਅਸਾਂ ਭਾਵੇਂ ਸਿਨਮੇਂ ਵਾਲੀ ਲੈਲਾ ਫਿਲਮ ਤੇ ਕਦੇ ਨਹੀਂ ਸੀ ਵੇਖੀ ਪਰ ਹਰੇਕ ਨੂੰ ਸੱਚੀ ਮੁਹੱਬਤ ਕਰਨ ਵਾਲੇ ਇੱਕ ਸਿੱਧੜੇ ਜਿਹੇ ਮਜਨੂੰ ਨੂੰ ਬੜੀ ਨੇੜਿਓਂ ਜਰੂਰ ਤੱਕਿਆ ਸੀ..ਕਰਮ ਸਿੰਘ ਟਾਂਗੇ ਵਾਲਾ ਆਖ ਅੱਜ ਵੀ ਯਾਦ ਕਰਦੇ ਨੇ ਲੋਕ ਉਸਨੂੰ..!
(ਇੱਕ ਅੱਖੀਂ ਵੇਖਿਆ ਪਾਤਰ)
ਹਰਪ੍ਰੀਤ ਸਿੰਘ ਜਵੰਦਾ