ਗੁਰਨਾਮ ਜੋ ਪੰਜਾਬ ਵਿੱਚ ਇੱਕ ਨੌਕਰੀਪੇਸ਼ਾ ਵਿਅਕਤੀ ਹੈ, ਸ਼ਨੀਵਾਰ ਦੀ ਸ਼ਾਮ ਜਾਂ ਐਤਵਾਰ ਨੂੰ ਸਬਜ਼ੀ ਮੰਡੀ ਵਿੱਚ ਹਫਤੇ ਦੀਆਂ ਸਬਜ਼ੀਆਂ ਇਕੱਠੀਆਂ ਖਰੀਦ ਕੇ ਲੈ ਆਉਂਦਾ ਹੈ | ਅੱਜ ਫਿਰ ਆਪਣੀ ਰੁਟੀਨ ਦੇ ਅਨੁਸਾਰ ਗੁਰਨਾਮ ਆਪਣੇ ਜਾਣਕਾਰ ਸੰਤੋਸ਼ ਕੁਮਾਰ ਕੋਲ ਸਬਜ਼ੀ ਖਰੀਦਣ ਗਿਆ , ਸੰਤੋਸ਼ ਬਹੁਤ ਖੁਸ਼ ਜਾਪ ਰਿਹਾ ਸੀ, ਸਬਜ਼ੀ ਦਾ ਰੇਟ ਵੀ ਆਮ ਦੇ ਮੁਕਾਬਲੇ ਘੱਟ ਲਿਆ ਤਾਂ ਗੁਰਨਾਮ ਨੇ ਸਹਿਜ ਸੁਭਾਅ ਪੁੱਛ ਲਿਆ “ਕੀ ਗੱਲ ਸੰਤੋਸ਼ ਕਿਸੇ ਨਵੇਂ ਕਨੇਡਾ ਗਏ ਜੱਟ ਨੇ ਆਪਣੀ ਕੋਠੀ ਸੰਭਾਲ ਦਿੱਤੀ ਤੈਨੂੰ ?”
ਤਾਂ ਸੰਤੋਸ਼ ਬੋਲਿਆ “ਨਹੀਂ ਸਰਦਾਰ ਜੀ, ਹਮ ਇਸ ਲੀਏ ਖੁਸ਼ ਹੈਂ ਹਮਨੇ ਅਪਨੀ ਕਮਾਈ ਸੇ ਪਟਨਾ ਸਾਹਿਬ ਮੇਂ ਇਕ ਦੁਕਾਨ ਖਰੀਦ ਲੀਆ ਹੈ, ਅਬ ਮੈਂ ਵਾਪਸ ਜਾ ਕੇ ਵਹੀਂ ਪੇ ਅਪਨਾ ਕਾਮ ਸੈੱਟ ਕਰੂੰਗਾ|”
ਗੁਰਨਾਮ ਹੱਸ ਕੇ ਬੋਲਿਆ “ਕੀ ਗੱਲ ਲੋਕ ਤਾਂ ਗੱਲਾਂ ਕਰ ਰਹੇ ਆ ਕਿ ਪੰਜਾਬੀ ਸਾਰੇ ਕਨੇਡਾ ਚਲੇ ਜਾਣਗੇ ਤੇ ਪੰਜਾਬ ਸਾਰਾ UP ਤੇ ਬਿਹਾਰ ਨੇ ਦੱਬ ਲੈਣਾ”
ਤਾਂ ਸੰਤੋਸ਼ ਨੇ ਕਿਹਾ “ਸਰਦਾਰ ਜੀ ਅਬ ਪੰਜਾਬ ਮੇਂ ਵੋ ਬਾਤ ਨਹੀਂ ਰਹੀ ਹੈ, ਹਮਾਰਾ ਸਬਜ਼ੀ ਚੋਰੀ ਹੋ ਜਾਤਾ ਹੈ, ਰਾਤ ਕੋ ਦੁਕਾਨ ਜਲਦੀ ਬੰਦ ਕਰਨਾ ਪੜਤਾ ਹੈ, ਹਮ ਯਹਾਂ ਸੇਫ਼ ਨਹੀਂ ਹੈਂ ਅਬ, ਔਰ ਸਬਸੇ ਬੜੀ ਬਾਤ ਬਿਹਾਰ ਹਮਾਰਾ ਜਨਮ ਭੂਮੀ ਹੈ ਹਮੇਂ ਪਿਆਰ ਹੈ ਵਹਾਂ ਕੀ ਮਿੱਟੀ ਸੇ, ਵੋ ਹਮ ਨਹੀਂ ਭੂਲ ਸਕਤੇ ”
ਗੁਰਨਾਮ ਨੇ ਸਬਜ਼ੀ ਦੇ ਪੈਸੇ ਦਿੱਤੇ ਤੇ ਵਾਪਸ ਘਰ ਵੱਲ ਚੱਲ ਪਿਆ| ਸਾਰੇ ਰਸਤੇ ਉਹ ਇਹੋ ਸੋਚਦਾ ਰਿਹਾ ਕੇ ਸਾਡੇ ਆਪਣਿਆਂ ਦਾ ਮਿੱਟੀ ਦਾ ਮੋਹ ਕਿੱਥੇ ਗਿਆ ? ਜਿਸ ਕੋਲ ਪੰਜਾਬ ਚ ਜਮੀਨ ਜਾਇਦਾਦ ਨਹੀਂ ਹੈ ਉਸਦਾ ਬਾਹਰ ਚਲੇ ਜਾਣਾ ਕਿਤੇ ਨਾ ਕਿਤੇ ਜਾਇਜ ਹੈ ਪਰ ਹੁਣ 20-20 ਜਾਂ 50-50 ਕਿੱਲਿਆਂ ਦੇ ਮਾਲਕ ਵੀ ਬਾਹਰ ਜਾ ਰਹੇ ਆ |
ਪੰਜਾਬ ਸੇਫ ਕਿਉਂ ਨਹੀਂ ਹੁਣ ? ਚੋਰੀਆਂ ਕਰਨ ਵਾਲੇ ਕੌਣ ਨੇ ? ਨੌਜਵਾਨਾਂ ਨੂੰ ਨਸ਼ੇ ਤੇ ਲਾਉਣ ਵਾਲੇ ਕੌਣ ਨੇ ? ਕੀ ਪੰਜਾਬੀਆਂ ਨੂੰ ਆਪਣੀ ਮਿੱਟੀ ਦਾ ਮੋਹ ਨੀ ਰਿਹਾ ? ਕੀ ਸਭ ਕੁਝ ਲਈ ਸਰਕਾਰਾਂ ਜਿੰਮੇਵਾਰ ਨੇ ? ਕੀ ਸਭ ਕੰਮ ਸਰਕਾਰ ਨੇ ਹੀ ਕਰਨੇ ਹੁੰਦੇ ਆ , ਸਾਡੀ ਆਪਣੇ ਸਮਾਜ ਪ੍ਰਤੀ ਕੋਈ ਜਿੰਮੇਵਾਰੀ ਨਹੀਂ ? ਸਾਡੇ ਪਹਿਲਾਂ ਕਨੇਡਾ ਗਏ ਲੋਕਾਂ ਨੇ ਕਮਾਈਆਂ ਕਨੇਡਾ ਵਿੱਚ ਕਰਕੇ ਜਾਇਦਾਦਾਂ ਪੰਜਾਬ ਵਿੱਚ ਬਣਾਈਆਂ ਪਰ ਹੁਣ ਇਸ ਵਰਤਾਰੇ ਨੂੰ ਪੁੱਠਾ ਗੇੜਾ ਆ ਚੁੱਕਾ ਹੈ ਕੀ ਸਾਡਾ ਆਪਣੀ “ਮਿੱਟੀ ਦਾ ਮੋਹ” ਖਤਮ ਹੋ ਚੁੱਕਾ ਹੈ ??
ਇਹਨਾਂ ਅਣਗਿਣਤ ਸਵਾਲਾਂ ਦੇ ਸਵਾਲ ਲੱਭਦਾ ਤੁਰਦਾ ਤੁਰਦਾ ਉਹ ਕਦੋਂ ਘਰ ਪਹੁੰਚ ਗਿਆ ਉਸਨੂੰ ਪਤਾ ਹੀ ਨਹੀਂ ਲੱਗਿਆ |
ਲੇਖਕ ਰਮਨਦੀਪ ਸਿੰਘ