ਪੁਰਾਣੀ ਲਿਖਤ ਸਾਂਝੀ ਕਰਨ ਲੱਗਾ..ਬਜ਼ੁਰਗ ਅੰਕਲ..ਦਹਾਕਿਆਂ ਤੋਂ ਅਮਰੀਕਾ ਰਹਿੰਦੇ..ਦੋ ਪੁੱਤਰ..ਇੱਕਠੇ ਹੀ ਵਿਆਹ ਕੀਤੇ..ਪਰ ਵਰ੍ਹਿਆਂ ਤੀਕਰ ਕੋਈ ਔਲਾਦ ਨਹੀਂ ਹੋਈ..ਇਕ ਦਿਨ ਆਖਣ ਲੱਗੇ ਚਲੋ ਗੁਰੂ ਰਾਮਦਾਸ ਦੇ ਚਰਨੀ ਲੱਗ ਅਰਦਾਸ ਕਰ ਕੇ ਆਈਏ..ਸ਼ਾਇਦ ਮੇਹਰ ਹੋ ਜਾਵੇ..ਸਵਖਤੇ ਹੀ ਅੱਪੜ ਗਏ..ਸਾਰਾ ਦਿਨ ਸੇਵਾ ਕੀਤੀ..ਆਥਣੇ ਰਿਕਸ਼ੇ ਤੇ ਘਰ ਨੂੰ ਤੁਰ ਪਏ..ਰਿਕਸ਼ੇ ਵਾਲਾ ਵੀ ਅੱਗਿਓਂ ਇੱਕ ਬਜ਼ੁਰਗ ਬਾਬਾ..ਘਰੇ ਅੱਪੜ ਪੁੱਛਿਆ ਬਾਬਾ ਕਿੰਨੇ ਪੈਸੇ?
ਕੁਝ ਸੋਚ ਆਖਣ ਲੱਗਾ ਜੀ ਸੱਤ ਰੁਪਈਏ..ਅੰਕਲ ਆਖਣ ਲੱਗੇ ਯਾਰ ਆਹ ਸੱਤਾਂ ਦਾ ਕੀ ਹਿਸਾਬ ਹੋਇਆ..ਜਾਂ ਪੰਜ ਮੰਗ ਲੈ ਤੇ ਜਾਂ ਫੇਰ ਦਸ..!
ਹੱਥ ਜੋੜ ਆਖਣ ਲੱਗਾ ਜੀ ਫੇਰ ਪੰਜ ਹੀ ਦੇ ਦਿਓ..ਅੰਕਲ ਜੀ ਨੇ ਕਲਾਵੇ ਵਿੱਚ ਲੈ ਲਿਆ ਤੇ ਅੰਦਰ ਸਾਰੇ ਟੱਬਰ ਨੂੰ ਵਾਜ ਮਾਰੀ..ਬਾਹਰ ਆਓ ਓਏ ਰੱਬ ਦੇ ਦਰਸ਼ਨ ਕਰਵਾਵਾਂ..ਸ਼ਾਇਦ ਤੁਹਾਡੀ ਕੁਲ ਹੀ ਤੁਰ ਪਵੇ!
ਇਸ ਸ਼ਹਿਰ ਵਿੱਚ ਦਾਸ ਨੇ ਤੇਰਾ ਸਾਲ ਨੌਕਰੀ ਕੀਤੀ..ਵਾਕਿਆ ਹੀ ਗੁਰੂ ਵਰਸੋਈ ਧਰਤੀ ਤੇ ਇੰਝ ਦੇ ਕਿੰਨੇ ਸਾਰੇ ਰੱਬ..ਆਮ ਹੀ ਤੁਰੇ ਫਿਰਦੇ..ਕੋਲੋਂ ਲੰਘਦੇ..ਬਾਣੀ ਪੜਦੇ..ਸਬਰ ਸੰਤੋਖ ਦੇ ਟੋਕਰੇ ਚੁੱਕੀ..ਜੋ ਮਿਲ ਗਿਆ ਬੱਸ ਓਸੇ ਵਿੱਚ ਹੀ ਖੁਸ਼..ਘਸਮੈਲੇ ਕੱਪੜੇ ਪਾਈ..ਬੱਸ ਲੋੜ ਹੈ ਏਦਾਂ ਦੀਆਂ ਰੂਹਾਂ ਨੂੰ ਪਛਾਣਦੀ ਇੱਕ ਪਾਰਖੂ ਅੱਖ ਦੀ..!
ਹਰਪ੍ਰੀਤ ਸਿੰਘ ਜਵੰਦਾ