ਗੱਲਾਂ ਵਿਚੋਂ ਗੱਲ ਕੱਢਣ ਦੀ ਕਲਾ ਤੇ ਉਸ ਗੱਲ ਨੂੰ ਸਹੀ ਤਰੀਕੇ ਨਾਲ ਸੁਣਾਉਣਾ, ਸੁਣਨ ਵਾਲਿਆਂ ਨੂੰ ਬੰਨ੍ਹ ਕੇ ਰੱਖ ਲੈਂਦੀ ਹੈ। ਮੇਰੇ ਸਹੁਰਾ ਸਾਬ (ਪਾਪਾ) ਇਸ ਕਲਾ ਵਿੱਚ ਮਾਹਿਰ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਕੰਡਕਟਰ ਦੀ ਨੌਕਰੀ ਕੀਤੀ ਹੈ। ਸੋ ਉਨ੍ਹਾਂ ਦੀਆਂ ਜ਼ਿਆਦਾਤਰ ਗੱਲਾਂ ਆਪਣੀ ਸਰਵਿਸ ਦੌਰਾਨ ਬੱਸ ਦੀਆਂ ਸਵਾਰੀਆਂ ਦੇ ਕਿੱਸੇ ਹੁੰਦੇ ਹਨ।
ਕੱਲ੍ਹ ਜਦੋਂ ਅਸੀਂ ਉਨ੍ਹਾਂ ਨੂੰ ਮਿਲਣ ਗਏ ਜੋ ਕਿੱਸਾ ਉਨ੍ਹਾਂ ਸੁਣਾਇਆ ਉਹ ਸਾਂਝਾ ਕਰਨ ਜਾ ਰਿਹਾ। ਗੱਲ ਅੱਸੀ ਦੇ ਦਹਾਕੇ ਦੀ ਹੈ, ਬਰਨਾਲੇ ਤੋਂ ਲੁਧਿਆਣਾ ਵਾਇਆ ਮਲੇਰਕੋਟਲਾ ਉਨ੍ਹਾਂ ਦਾ ਰੂਟ ਸੀ। ਮਲੇਰਕੋਟਲੇ ਕਚਿਹਰੀਆਂ ਵਿੱਚ ਇੱਕ ਜੱਜ ਉਨ੍ਹਾਂ ਨਾਲ ਰੋਜ਼ ਦੀ ਸਵਾਰੀ ਸੀ। ਸੋ ਰੋਜ਼ਾਨਾ ਦੀ ਮੁਲਾਕਾਤ ‘ਕੰਡਕਟਰ ਅਤੇ ਜੱਜ’ ਦੀ ਦੋਸਤੀ ਵਿੱਚ ਬਦਲੀ।
ਇੱਕ ਦਿਨ ਪਾਪਾ(ਦਰਸ਼ਨ ਸਿੰਘ) ਨੂੰ ਕੋਈ ਘਰ ਦਾ ਜ਼ਰੂਰੀ ਕੰਮ ਕਰਕੇ ਛੁੱਟੀ ਲੈਣੀ ਪਈ ਅਤੇ ਕੋਈ ਹੋਰ ਕੰਡਕਟਰ ਉਨ੍ਹਾਂ ਦੀ ਬੱਸ ਵਿੱਚ ਗਿਆ। ਜੱਜ ਸਾਬ ਕੋਲ ਉਸ ਦਿਨ ਟੁੱਟੇ ਪੈਸੇ ਨਹੀਂ ਸੀ ਤੇ ਸਵੇਰ ਦਾ ਸਮਾਂ ਹੋਣ ਕਰਕੇ ਕੰਡਕਟਰ ਕੋਲ ਵੀ ਬਕਾਇਆ ਨਹੀਂ ਸੀ। ਜੱਜ ਸਾਹਬ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਦਰਸ਼ਨ ਸਿੰਘ ਦਾ ਦੋਸਤ ਹਾਂ। ਐਨਾ ਕਹਿਣ ਤੇ ਉਸ ਕੰਡਕਟਰ ਨੇ ਸਾਰੇ ਪੈਸੇ ਇਹ ਕਹਿਕੇ ਵਾਪਸ ਕਰ ਦਿੱਤੇ ਕਿ ਫੇਰ ਤਾਂ ਤੁਸੀਂ ਸਾਡੇ ਵੀ ਦੋਸਤ ਹੋਏ। (ਦੱਸ ਦਵਾਂ ਕਿ ਅਜੇ ਤੱਕ ਕੰਡਕਟਰ ਨੂੰ ਇਹ ਨਹੀਂ ਸੀ ਪਤਾ ਕਿ ਉਸ ਬੰਦੇ ਕੋਲ ਜੱਜ ਦਾ ਅਹੁਦਾ ਹੈ)। ਸਮਾਂ ਨਿਕਲਦਾ ਗਿਆ, ਕੁੱਝ ਦਿਨਾਂ ਬਾਅਦ ਉਸ ਕੰਡਕਟਰ ਨੂੰ ਕਿਸੇ ਕਾਰਨ ਕਚਿਹਰੀ ਜਾਣਾ ਪਿਆ। ਉਸ ਦਿਨ ਵਾਲੇ ਜੱਜ ਸਾਹਬ ਨੇ ਕੰਡਕਟਰ ਨੂੰ ਉੱਥੇ ਦੇਖ ਲਿਆ ਅਤੇ ਅਗਲੀ ਸਵੇਰ ਪਾਪਾ ਨੂੰ ਕਿਹਾ ਕਿ ਉਹ ਬੰਦਾ ਉੱਥੇ ਕੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਹ ਆਪਣੇ ਚਾਚੇ ਤਾਇਆਂ ਨਾਲ ਕਚਿਹਰੀ ਗਿਆ ਸੀ ਜਿੰਨ੍ਹਾਂ ਉੱਪਰ ਸ਼ਰਾਬ ਦਾ ਕੇਸ ਚੱਲ ਰਿਹਾ ਹੈ। ਜੱਜ ਸਾਬ ਨੇ ਕਿਹਾ ਜਿਨ੍ਹਾਂ ਉੱਤੇ ਕੇਸ ਦਰਜ ਹੈ ਕੱਲ ਨੂੰ ਸਭਦੇ ਨਾਮ ਲਿਖਕੇ ਦੇ ਦਈ, ਤੇ ਉਸ ਨੂੰ ਕਹਿਣਾ ਕਿ ਅੱਗੇ ਤੋਂ ਇਹ ਕੰਮ ਦੁਬਾਰਾ ਨਹੀਂ ਕਰਨਾ। ਅਗਲੀ ਸਵੇਰ ਜਦੋਂ ਪਾਪਾ ਨੇ ਜੱਜ ਸਾਹਬ ਨੂੰ ਸਾਰੇ ਨਾਮ ਉਨ੍ਹਾਂ ਦੀ ਡਾਇਰੀ ਵਿੱਚ ਲਿਖਵਾਏ ਤਾਂ ਉਨ੍ਹਾਂ ਕਿਹਾ ਉਸ ਨੂੰ ਕਹਿ ਦਿਓ ਕਚਿਹਰੀ ਆਉਣ ਦੀ ਲੋੜ ਨਹੀਂ ਸਭ ਬਰੀ ਹਨ। ਮੈਂ ਗੱਲ ਸੁਣਕੇ ਹੱਸਦਿਆਂ ਕਿਹਾ ਕਿ ਸ਼ਾਇਦ ਇਹ ਦੁਨੀਆਂ ਦਾ ਪਹਿਲਾ ਜੱਜ ਹੋਵੇਗਾ ਜਿਸ ਨੇ ਬੱਸ ਵਿੱਚ ਬੈਠ ਕੇ ਫੈਸਲਾ ਸੁਣਾਇਆ। ਕਹਿੰਦੇ ਹਾਂ ਬਿਲਕੁਲ, ਜਦੋਂ ਮੈਂ ਆਪਣੇ ਸਾਥੀ ਕੰਡਕਟਰ ਨੂੰ ਇਹ ਗੱਲ ਦੱਸੀ ਤਾਂ ਉਹ ਸੁਣਦਿਆਂ ਹੀ ਆਪਣਾ ਸਾਇਕਲ ਚੁੱਕ ਕੇ ਪਿੰਡ ਭੱਜ ਗਿਆ। ਅਗਲੇ ਦਿਨ ਜਦੋਂ ਉਹ ਪਾਪਾ ਨੂੰ ਮਿਲਿਆ ਤਾਂ ਕਿਹਾ ਯਾਰ ਸਾਡੇ ਘਰ ਤਾਂ ਵਿਆਹ ਵਾਲਾ ਮਹੌਲ ਬਣ ਗਿਆ।
ਇਹ ਸਭ ਉਸਦੀ ਇੱਕ ਦਿਨ ਦੀ ਮੁਲਾਕਾਤ ਨਾਲ ਸੰਭਵ ਹੋਇਆ ਜਿਸ ਵਿੱਚ ਉਹ ਸਵਾਰੀਆਂ ਨਾਲ ਨਿਮਰਤਾ ਨਾਲ ਪੇਸ਼ ਆਇਆ।
ਪ੍ਰਿਤਪਾਲ ਸਿੰਘ ਲੋਹਗੜ੍ਹ