” ਸਰਦਾਰ ਜੀ ਕਿਰਪਾ ਕਰਕੇ ਬਾਹਰ ਹੀ ਖੜ੍ਹ ਜਾਓ”| ਜਿਵੇਂ ਹੀ ਮੈਂ ਮੇਰੇ ਪਤੀ ਦੀ ਐਕਟੀਵਾ ਦੀ ਆਵਾਜ਼ ਸੁਣੀ ਮੈਂ ਇਹਨਾਂ ਨੂੰ ਘਰ ਦੇ ਅੰਦਰ ਵੜਨ ਤੋਂ ਰੋਕ ਦਿੱਤਾ। ਘਰ ਦੇ ਬਾਹਰ ਹੀ ਪਾਣੀ ਦੀ ਬਾਲਟੀ ਭਰ ਕੇ ਦਿੱਤੀ,ਸਾਬਣ ਤੇ ਡਿਟੋਲ ਫੜਾਇਆ ਅਤੇ ਘਰ ਦੇ ਬਾਹਰ ਹੀ ਨਹਾਉਣ ਲਈ ਕਿਹਾ| ਇਹਨਾਂ ਦੇ ਪਾਏ ਹੋਏ ਕੱਪੜੇ ਵੀ ਮੈਂ ਡੰਡੇ ਨਾਲ ਚੁੱਕ ਕੇ ਘਰ ਦੇ ਬਾਹਰ ਧੋਣ ਲਈ ਸੁੱਟ ਦਿੱਤੇ | ਜਿਵੇਂ ਹੀ ਅੰਦਰ ਵੜੇ ਮੈਂ ਇਨ੍ਹਾਂ ਤੇ ਵਰ ਪਈ | “ਲੰਗਰ ਬਣਾਉਣ ਅਤੇ ਵਰਤਾਉਣ ਤੱਕ ਤਾਂ ਠੀਕ ਹੈ, ਹੁਣ ਤੁਸੀਂ ਘਰੇ ਬਿਮਾਰੀਆਂ ਵੀ ਲੈ ਕੇ ਆਉਣੀਆਂ ਹਨ?”ਮੈਂ ਇੱਥੇ ਹਨੇਰੇ ਵਿੱਚ ਮੋਮਬੱਤੀਆਂ ਬਾਲ ਬਾਲ ਕੇ ਰੋਟੀਆਂ ਬਣਾ ਰਹੀ ਹਾਂ, ਉੱਤੋਂ ਦੀ ਗਰਮੀ ਹੈ। ਬੱਚਿਆਂ ਦੇ ਕੱਪੜੇ ਧੋਣ ਨੂੰ ਪਏ ਹਨ। ਤੇ ਤੁਸੀਂ ਬਾਹਰ ਲੱਗੇ ਹੋ ਕਮਾਈਆਂ ਕਰਨ |ਗਿਆਰਾਂ ਵੱਜ ਚੁੱਕੇ ਹਨ, ਸਵੇਰੇ ਡਿਊਟੀ ਨਹੀਂ ਜਾਣਾ?,ਹੁਣ ਤੁਸੀਂ ਘਰੇ ਬਿਮਾਰੀਆਂ ਵੀ ਲੈ ਕੇ ਆਉਂਗੇ? ਕੱਪੜਿਆਂ ਵਿੱਚੋ ਕਿੰਨੀ ਮੁਸ਼ਕ ਮਾਰਦੀ ਹੈ ਮੈਂ ਕਿਸ ਤਰ੍ਹਾਂ ਧੋਵਾਂਗੀ?
“ਮਨਦੀਪ ਮੈਨੂੰ ਭੁੱਖ ਬਹੁਤ ਲੱਗੀ ਹੈ, ਮੈਨੂੰ ਰੋਟੀ ਦੇ “|ਰਾਤ ਦੇ ਗਿਆਰਾਂ ਵੱਜ ਚੁੱਕੇ ਸਨ | ਮੈਂ ਤਾਂ ਭੁੱਲ ਹੀ ਗਈ ਸੀ ਕਿ ਇਹਨਾਂ ਨੇ ਰੋਟੀ ਵੀ ਖਾਣੀ ਹੈ? ਫਟਾਫਟ ਰੋਟੀਆਂ ਲਾਹੀਆਂ ਅਤੇ ਇਨ੍ਹਾਂ ਨੂੰ ਗਰਮ ਗਰਮ ਰੋਟੀ ਖਾਣ ਲਈ ਦਿੱਤੀ | ਰੋਟੀ ਖਾਂਦਿਆਂ ਇਹਨਾਂ ਦਾ ਚਿਹਰਾ ਬੜਾ ਮਾਯੂਸ ਸੀ |”ਸਰਦਾਰ ਜੀ ਕੀ ਗੱਲ…,.ਗੁੱਸੇ ਹੋਗੇ?, ਸਬਜ਼ੀ ਸਵਾਦ ਨਹੀਂ?”ਮੈਂ ਪੁੱਛਿਆ |ਮਨਦੀਪ ਸਾਡੇ ਉੱਤੇ ਬਾਬੇ ਦੀ ਬਹੁਤ ਕਿਰਪਾ ਹੈ, ਅਸੀਂ ਬਹੁਤ ਸੁਖਾਵੀਂ ਜਗ੍ਹਾ ਤੇ ਬੈਠੇ ਹਾਂ। ਲੋਕਾਂ ਦੇ ਬਹੁਤ ਬੁਰੇ ਹੀਲੇ ਹਨ |ਲੋਕ ਸੜਕਾਂ ਤੇ ਆ ਗਏ ਹਨ |ਕਿਸੇ ਦੀ ਧੀ ਦਾ ਮਿਹਨਤ ਨਾਲ, ਰੀਝਾਂ ਨਾਲ ਬਣਾਇਆ ਦਾਜ ਬਰਬਾਦ ਹੋ ਗਿਆ, ਕਿਸੇ ਦਾ ਸਾਰੀ ਉਮਰ ਦੀ ਕਮਾਈ ਨਾਲ ਬਣਾਇਆ ਮਕਾਨ ਢੇਰੀ ਹੋ ਗਿਆ |ਲੋਕਾਂ ਦੇ ਘਰਾਂ ਵਿੱਚ ਸਿਵਰੇਜ ਦਾ ਪਾਣੀ ਗੋਡੇ ਗੋਡੇ ਖੜਾ ਉਹ ਪਾਣੀ ਕੱਢ ਦੇ ਫਿਰ ਰਹੇ ਆ ||ਇੱਕ ਘਰ ਵਿੱਚ ਬੁਖਾਰ ਨਾਲ ਤੜਪਦੀ ਭੁੱਖੀ ਬਜ਼ੁਰਗ ਨੂੰ ਦਵਾਈ ਦਵਾ ਕੇ ਆਏ ਆ |ਕਿਸੇ ਦੇ ਸਿਰ ਤੇ ਛੱਤ ਨਹੀਂ, ਡੰਡਿਆਂ ਦੇ ਆਸਰੇ ਲੋਕੀ ਤਰਪਾਲਾਂ ਲਾਈ ਬੈਠੇ ਆ |ਕਿਸੇ ਦਾ ਅੱਜ ਤੋਂ ਵੀਹ ਸਾਲ ਪਹਿਲਾਂ ਹੜ ਨਾਲ ਘਰ ਤਬਾਹ ਹੋਇਆ ਸੀ ਤੇ ਵੀਹ ਸਾਲ ਬਾਦ ਫੇਰ ਹੋ ਗਿਆ ਉਹ ਬਾਪੂ ਤਾਂ ਰੋਂਦਾ ਜਰਿਆ ਨਹੀਂ ਸੀ ਜਾਂਦਾ |”ਇੱਕੋ ਸਾਹ ਕਿੰਨਾ ਕੁਝ ਬੋਲ ਗਏ |ਮੈਂ ਕਰਮਾਂ ਮਾੜੀ ਬਿਨਾਂ ਸੋਚੇ ਸਮਝੇ ਹੀ ਇਨ੍ਹਾਂ ਨੂੰ ਗੁੱਸਾ ਹੋਣ ਲੱਗ ਪਈ |
“ਸਰਦਾਰ ਜੀ ਐਤਕੀਂ ਦਸਵੰਦ ਗੁਰੁਦਵਾਰੇ ਨਹੀਂ ਕਿਸੇ ਦੀ ਛੱਤ ਪੁਆਉਣ ਜਾਂ ਕਿਸੇ ਧੀ ਦੇ ਵਿਆਹ ਲਈ ਦੇ ਦੇਣਾ |”ਮੈਂ ਇਨ੍ਹਾਂ ਨੂੰ ਕਿਹਾ “ਆਹੋ ਆਹ ਠੀਕ ਆ, ਕਹਿ ਕੇ ਇਹ ਉੱਠ ਕੇ ਕੁਰਲਾ ਕਰਕੇ ਸੋਂ ਗਏ|ਥੱਕੇ ਜੋ ਹੋਏ ਸੀ |ਭਾਂਡੇ ਮਾਂਜ ਸੁਆਰ ਮੈਂ ਵੀ ਪੈ ਗਈ |
ਮੀਂਹ ਕਾਰਨ ਮੈਂ ਕਿਹੜਾ ਘਰੋਂ ਬਾਹਰ ਨਿਕਲੀ ਸੀ, ਨਾ ਹੀ ਬਿਜਲੀ ਸੀ ਕਿ ਟੀ ਵੀ ਤੋਂ ਕੁਝ ਪਤਾ ਚਲਦਾ, ਫੋਨ ਵੀ ਬੰਦ ਸੀ |ਜੋ ਕੁਝ ਇਨ੍ਹਾਂ ਮੈਨੂੰ ਦੱਸਿਆ ਅੱਖਾਂ ਮੂਹਰੇ ਘੁੰਮਦਾ ਰਿਹਾ| ਰਾਤ ਦੇ ਦੋ ਵੱਜ ਗਏ, ਕਦੇ ਬਿਪਤਾ ਮਾਰੇ ਲੋਕਾਂ ਦਾ ਖਿਆਲ ਆਵੇ, ਕਦੇ ਬਿਪਤਾਵਾਂ ਚੋਂ ਕੱਢ ਰਹੇ ਸਿੰਘਾਂ ਦੀ ਸਿਹਤ ਦਾ ਖਿਆਲ ਆਵੇ |
ਮੈਂ ਇਸ ਪੋਸਟ ਰਾਹੀਂ ਇਹ ਨਹੀਂ ਦੱਸਣਾ ਚਾਹੁੰਦੀ ਕਿ ਮੇਰੇ ਪਤੀ ਕੀ ਸੇਵਾ ਕਰ ਰਹੇ ਹਨ, ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜਿੰਨਾ ਹੋ ਸਕੇ ਉਨ੍ਹਾਂ ਦਸਵੰਧ ਕੱਢ ਕੇ ਬਿਪਤਾ ਮਾਰੇ ਲੋਕਾਂ ਦੀ ਮਦਦ ਕੀਤੀ ਜਾਵੇ| “ਧੰਨਵਾਦ 🙏🙏”
ਮਨਦੀਪ ਪਾਲ ਕੌਰ