ਬੋਲਾਂ ਦਾ ਚੱਕਰ | bola da chakkar

ਅੱਜ ਮੱਥਾ ਟੇਕਣ ਗਈ ਤਾਂ ਬਾਹਰ ਆਉਂਦਿਆਂ ਅਚਾਨਕ ਮੀਂਹ ਪੈਣ ਲੱਗ ਗਿਆ ।
ਮੇਰੇ ਘਰ ਦਾ ਰਸਤਾ ਮਸਾਂ 5ਕੁ ਮਿੰਟ ਦਾ ਸੀ ਪਰ ਮੀਂਹ ਕਾਰਨ ਮੈਂ ਰਿਕਸ਼ੇ ਤੇ ਜਾਣਾ ਠੀਕ ਸਮਝਿਆ ।ਮੈਂ ਦੇਖਿਆ ਦੋ ਰਿਕਸ਼ੇ ਵਾਲੇ ਖੜ੍ਹੇ ਸਨ ।ਮੈਂ ਇੱਕ ਨੂੰ ਆਪਣੇ ਘਰ ਦਾ ਪਤਾ ਦੱਸਿਆ ਤੇ ਪੈਸੇ ਪੁੱਛੇ ਤਾਂ ਉਸਨੇ ਕਿਹਾ 30 ਰੁਪਏ । ਮੈਂ ਹੈਰਾਨ ਹੋ ਕਿ ਪੁੱਛਿਆ ,”ਕਿਉਂ ਭਾਜੀ ਆਹ ਤਾਂ ਮੇਰਾ ਘਰ ਏ ਤੁਸੀਂ ਮੇਰੀ ਮਜ਼ਬੂਰੀ ਦੇਖ ਸਿੱਧੇ 20 ਰੁਪਏ ਵਧਾ ਦਿੱਤੇ ਇਹ ਗੱਲ ਠੀਕ ਨਹੀਂ,।”
ਉਹ ਅਜੀਬ ਜਿਹਾ ਗੁੱਸੇ ਵਾਲਾ ਇਨਸਾਨ ਸੀ ,ਉੱਚੀ ਅਵਾਜ਼ ਵਿੱਚ ਬੋਲਿਆ ,” ਜਾਣਾ ਤਾਂ ਜਾ ਨਹੀਂ ਤਾਂ ਤੁਰੀ ਚੱਲ ਭੈਣ
ਮੈਨੂੰ ਆਉਣਾ ਤਾਂ ਗੁੱਸਾ ਚਾਹੀਦਾ ਸੀ ਪਰ ਪਤਾ ਨਹੀਂ ਹਾਸਾ ਕਿਉਂ ਆ ਗਿਆ ।ਮੈਂ ਉਸਨੂੰ ਬਿਨਾਂ ਕੁੱਝ ਕਹੇ ਨਾਲ ਖੜ੍ਹੇ ਬਜ਼ੁਰਗ ਰਿਕਸ਼ੇ ਵਾਲੇ ਨੂੰ ਮੁਸਕੁਰਾਉਂਦੇ ਪੁੱਛਿਆ ,” ਬਾਪੂ ਜੀ ਕੀ ਤੁਸੀਂ ਚੱਲੋਗੇ ?
ਉਸ ਬਜ਼ੁਰਗ ਨੇ ਬੜੇ ਪਿਆਰ ਨਾਲ ਕਿਹਾ ,”ਧੀਏ ! ਉਂਝ ਤਾਂ ਭਾਂਵੇ ਨਾ ਜਾਂਦਾ ਜਿੰਨੇ ਪਿਆਰ ਨਾਲ ਤੂੰ ਪੁੱਛਿਆ ਜਰੂਰ ਲੈ ਕੇ ਜਾਵਾਂਗਾ।”
ਮੈ ਬਾਪੂ ਜੀ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਕੁੱਝ ਮਿੰਟਾਂ ਵਿੱਚ ਹੀ ਘਰ ਪਹੁੰਚ ਗਈ ।
ਮੈਂ ਪਰਸ ਵਿੱਚ ਦੇਖਿਆ ਮੈਨੂੰ 200 ਦਾ ਨੋਟ ਦਿਖਾਈ ਦਿੱਤਾ ਮੈਂ ਬਾਪੂ ਜੀ ਨੂੰ ਉਹ ਰੁਪਏ ਫੜਾ ਦਿੱਤੇ।
ਉਹ,” ਬੋਲੇ ਧੀਏ ਮੈਨੂੰ ਟੁੱਟੇ ਪੈਸੇ ਦੇ ।
ਮੈਂ ਮੁਸਕੁਰਾਉਂਦੇ ਹੋਏ ਕਿਹਾ ਨਹੀਂ ਬਾਪੂ ਜੀ ਸਾਰੇ ਰੱਖ ਲਵੋ ।
ਬਾਪੂ ਜੀ ਕਹਿੰਦੇ ਪੁੱਤ ਉਸ ਰਿਕਸ਼ੇ ਵਾਲੇ ਨਾਲ ਤਾਂ ਬਹਿਸ ਹੋ ਗਈ ਸੀ ਤੇਰੀ ਮੈਨੂੰ ਏਨੇ ਵੱਧ ਕਿਉਂ ?
ਮੈਂ ਕਿਹਾ ਬਾਪੂ ਜੀ ਸਾਰਾ ਚੱਕਰ ਸਾਡੇ ਮੂੰਹੋਂ ਨਿਕਲੇ ਸ਼ਬਦਾਂ ਦਾ ਹੈ ।ਤੁਸੀਂ ਮੇਰੇ ਪਿਆਰ ਨਾਲ ਬੋਲੇ ਬੋਲਾਂ ਕਰਕੇ ਮੀਂਹ ਵਿੱਚ ਮੈਨੂੰ ਘਰ ਪਹੁੰਚਾਉਣ ਲਈ ਤਿਆਰ ਹੋ ਗਏ ਇਸੇ ਤਰ੍ਹਾਂ ਮੈਨੂੰ ਵੀ ਤੁਹਾਡੇ ਇਸ ਪਿਆਰ ਲਈ ਇਹ ਰੁਪਏ ਬਹੁਤ ਥੋੜੇ ਮਹਿਸੂਸ ਹੋ ਰਹੇ ਹਨ ।ਹੁਣ ਸਾਡੇ ਦੋਵਾਂ ਦੇ ਚਿਹਰਿਆਂ ਉੱਤੇ ਖੂਬਸੂਰਤ ਮੁਸਕੁਰਾਹਟ ਸੀ😊
ਰੁਪਿੰਦਰ ਕੌਰ ਸੰਧੂ
ਅੰਮ੍ਰਿਤਸਰ ਸਾਹਿਬ।

Leave a Reply

Your email address will not be published. Required fields are marked *