ਟਾਂਗੇ ਤੇ ਚੜੀ ਜਾਂਦੀ ਦੇ ਦਿਲੋ-ਦਿਮਾਗ ਵਿਚ ਵਾਰ ਵਾਰ ਨਿੱਕੀ ਨਨਾਣ ਦੇ ਕੰਨੀ ਪਾਈਆਂ ਦੋ ਤੋਲੇ ਦੀਆਂ “ਸੋਨੇ ਦੀਆਂ ਮੁਰਕੀਆਂ” ਹੀ ਘੁੰਮੀ ਜਾ ਰਹੀਆਂ ਸਨ..!
ਫੇਰ ਸੋਚਾਂ ਵਿਚ ਪਈ ਨੇ ਹੀ ਪੇਕਿਆਂ ਦੀਆਂ ਬਰੂਹਾਂ ਟੱਪੀਆਂ..ਮਾਂ ਵੇਹੜੇ ਵਿਚ ਇੱਕ ਪਾਸੇ ਗੋਹਾ ਪੱਥ ਰਹੀ ਸੀ..ਬਾਪੂ ਹੂਰੀ ਸ਼ਾਇਦ ਦਿਹਾੜੀ ਲਾਉਣ ਗਏ ਸਨ!
ਪਾਣੀ ਧਾਣੀ ਵੀ ਬਾਅਦ ਵਿਚ ਪੀਤਾ..ਪਹਿਲੋਂ “ਮੁਰਕੀਆਂ” ਵਾਲੀ ਗੱਲ ਤੋਰ ਦਿੱਤੀ..ਨਾਲ ਹੀ ਧਮਕੀ ਭਰੇ ਲਹਿਜੇ ਵਿਚ ਇਹ ਵੀ ਸੁਣਾ ਦਿੱਤਾ ਕੇ ਐਤਕੀਂ ਵਾਪਿਸ ਤਾਂ ਹੀ ਪਰਤਣਾ ਜੇ ਓਦੋਂ ਵੀ ਭਾਰੀਆਂ ਮੁਰਕੀਆਂ ਘੜਵਾ ਕੇ ਦੇਵੋਗੇ ਤਾਂ..!
ਏਨੀ ਗੱਲ ਸੁਣ ਬੀਜੀ ਚੁੱਪ ਜਿਹੀ ਕਰ ਗਈ ਤੇ ਘੜੀ ਕੁ ਮਗਰੋਂ ਦੱਬੀ ਸੁਰ ਵਿਚ ਆਖਣ ਲੱਗੀ..ਧੀਏ ਐਤਕੀਂ ਤਾਂ ਹੜ ਸਾਰਾ ਕੁਝ ਰੋੜ ਕੇ ਲੈ ਗਿਆ ਤੇ ਆਪਣੇ ਖਾਣ ਜੋਗੇ ਵੀ ਮਸੀਂ ਹੀ ਕੱਠੇ ਹੋ ਸਕੇ..”
ਉਸਦੀ ਗੱਲ ਵਿਚੋਂ ਹੀ ਕੱਟ ਕੇ ਮੈਂ ਆਪਣਾ ਆਖਰੀ ਬ੍ਰਹਮ-ਅਸਤ੍ਰ ਚਲਾ ਦਿੱਤਾ..”ਜੇ ਮੇਰੀ ਥਾਂ ਕਿਧਰੇ ਵੀਰੇ ਨੇ ਮੋਟਰ ਸਾਈਕਲ ਵੱਲੋਂ ਆਖਿਆ ਹੁੰਦਾ..ਉਹ ਤਾਂ ਤੁਸੀਂ ਏਧਰੋਂ ਓਧਰੋਂ ਚੁੱਕ ਚੁਕਾ ਕੇ ਵੀ ਲੈ ਹੀ ਦੇਣਾ ਸੀ”!
ਫੇਰ ਅਗਲੇ ਦੋ ਦਿਨ ਜੁਆਬ ਉਡੀਕਦੀ ਰਹੀ ਪਰ ਦੋਵੇਂ ਚੁੱਪ ਹੀ ਰਹੇ!
ਤੀਜੇ ਦਿਨ ਸੁਵੇਰੇ ਬਾਪੂ ਹੂਰੀ ਰੋਟੀ ਖਾ ਰਹੇ ਸਨ ਕੇ ਬਾਹਰ ਬਿੜਕ ਹੋਈ..ਦੋਧੀ ਸੀ..ਆਖਣ ਲੱਗਾ “ਬੀਬੀ ਭਾਂਡਾ ਲਿਆਓ ਤੇ ਦੁੱਧ ਪਵਾ ਲਵੋ”
“ਦੁੱਧ ਪਵਾ ਲਵੋ..ਇਸਦਾ ਕੀ ਮਤਲਬ..ਸਾਡੀ ਬੂਰੀ ਤਾਂ ਦੋ ਵੇਲੇ ਦਾ ਸੱਤ ਕਿੱਲੋ ਦਿੰਦੀ ਏ..ਫੇਰ ਸਾਨੂੰ ਕਾਹਦੀ ਲੋੜ ਪੈ ਗਈ ਮੁੱਲ ਦੇ ਦੁੱਧ ਦੀ..?”
ਇਸਤੋਂ ਪਹਿਲਾਂ ਕੇ ਕੋਈ ਕੁਝ ਆਖਦਾ..ਮੈਂ ਆਪਮੁਹਾਰੇ ਹੀ ਹਵੇਲੀ ਵੱਲ ਨੂੰ ਨੱਸ ਤੁਰੀ..”ਬੂਰੀ ਮੱਝ”ਖੁਰਲੀ ਤੋਂ ਗਾਇਬ ਸੀ ਅਤੇ ਸਾਰੀ ਹਵੇਲੀ ਹੀ ਭਾਂ ਭਾਂ ਕਰ ਰਹੀ ਸੀ!
ਓਸੇ ਵੇਲੇ ਵਾਪਿਸ ਘਰ ਪਰਤੀ ਅਤੇ ਬੇਬੇ ਬਾਪੂ ਹੁਰਾਂ ਦੇ ਗੱਲ ਪੈ ਗਈ..”ਤੁਸਾਂ ਜਿੰਨੇ ਰੁਪਈਏ ਵੀ ਮੱਝ ਵੇਚ ਕੇ ਵੱਟੇ ਨੇ..ਹੁਣੇ ਮੋੜ ਕੇ ਆਪਣੀ “ਬੂਰੀ” ਨੂੰ ਵਾਪਿਸ ਲੈ ਕੇ ਆਓ..”
ਫੇਰ ਇਹ ਗੱਲ ਓਨੀ ਦੇਰ ਤੀਕਰ ਦੁਰਹਾਉਂਦੀ ਰਹੀ ਜਿੰਨੀ ਦੇਰ ਤੱਕ ਬਾਪੂ ਹੁਰੀਂ ਸਾਈਕਲ ਤੇ ਚੜ ਅੱਖੋਂ ਓਹਲੇ ਨਹੀਂ ਸਨ ਹੋ ਗਏ..!
ਆਥਣ ਵੇਲੇ ਵੇਖਿਆ ਖੁਰਲੀ ਤੇ ਬੱਝੀ ਹੋਈ “ਬੂਰੀ” ਸੁਕੂਨ ਨਾਲ ਹਰੇ ਪੱਠੇ ਖਾ ਰਹੀ ਸੀ ਤੇ ਉਸਦੀਆਂ ਨਾਸਾਂ ਵਿਚ ਦੀ ਲੰਘਾਈਂ ਰੰਗ ਬਿਰੰਗੇ ਪਲਾਸਟਿਕ ਦੀ ਇਕ “ਨੱਥ” ਮੇਰੀ ਨਨਾਣ ਦੀਆਂ ਦੋ ਤੋਲਿਆਂ ਦੀਆਂ ਮੁਰਕੀਆਂ ਨਾਲੋਂ ਵੀ ਕਿਤੇ ਵੱਧ ਸੋਹਣੀ ਲੱਗ ਰਹੀ ਸੀ!
ਦੋਸਤੋ ਗੱਲ ਓਹਨਾ ਵੇਲਿਆਂ ਦੀ ਏ ਜਦੋਂ ਜਿਸ ਵੇਹੜੇ ਦੁਧਾਰੂ ਪਸ਼ੂ ਨਹੀਂ ਸਨ ਬੱਝੇ ਹੁੰਦੇ ਉਸ ਨੂੰ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਇਆ ਮੰਨਿਆ ਜਾਂਦਾ ਸੀ..ਅਤੇ ਆਪਸੀ ਬੋਲ ਬੁਲਾਰੇ ਦੌਰਾਨ ਮਾਰਿਆ ਗਿਆ ਇਹ ਮੇਹਣਾ ਗਾਲ ਤੋਂ ਵੀ ਵੱਧ ਭੈੜਾ ਮਨਿਆ ਜਾਂਦਾ ਸੀ ਕੇ ਜਾਓ ਰੱਬ ਕਰੇ ਤੁਹਾਨੂੰ ਆਪਣਾ ਤਾਂ ਕੀ ਮੁੱਲ ਦਾ ਵੀ ਪੀਣਾ ਨਸੀਬ ਨਾ ਹੋਵੇ!
ਲੱਗਦਾ ਉਸ ਵੇਲੇ ਮਾਰੇ ਇਸ ਮੇਹਣੇ ਦਾ ਸੰਤਾਪ ਅੱਜ ਦਾ ਪੰਜਾਬ ਅਤੇ ਅਜੋਕੀ ਪੀੜੀ ਸਿੰਥੈਟਿਕ ਦੁੱਧ ਦੇ ਰੂਪ ਵਿਚ ਦਿਨੇ-ਰਾਤ ਭੁਗਤ ਹੀ ਰਹੀ ਏ!
ਹਰਪ੍ਰੀਤ ਸਿੰਘ ਜਵੰਦਾ