ਪਰਾ ਵਿਚ ਬੈਠਿਆਂ ਕਈ ਵੇਰ ਓਹਨਾ ਵੇਲਿਆਂ ਤੀਕਰ ਅੱਪੜ ਜਾਈਦਾ..ਪਿੱਛੇ ਜਿਹੇ ਵੀ ਇੰਝ ਹੀ ਹੋਇਆ..ਇਕ ਪੂਰਾਣੀ ਚੇਤੇ ਆ ਗਈ..ਤੁਹਾਡੇ ਨਾਲ ਸਾਂਝੀ ਕਰਦਾ..!
ਦੁਆਬ ਵੱਲ ਦੀ ਮਾਤਾ..ਕੱਲਾ ਕੱਲਾ ਪੁੱਤ..ਭਾਊਆਂ ਨਾਲ ਪਤਾ ਨੀ ਬੈਨ-ਖਲੋਣ ਹੈ ਵੀ ਸੀ ਕੇ ਨਹੀਂ ਰੱਬ ਹੀ ਜਾਣਦਾ ਪਰ ਇੱਕ ਦਿਨ ਸ਼ੇਰ ਸਿੰਘ ਨਾਮ ਦਾ ਥਾਣੇਦਾਰ ਚੁੱਕ ਕੇ ਲੈ ਗਿਆ..ਗਲ਼ ਵਿਚ ਪੱਲਾ ਪਾ ਪੇਸ਼ ਹੋ ਗਈ ਅਖ਼ੇ ਤੂੰ ਵੀ ਮੇਰੇ ਪੁੱਤਾਂ ਵਰਗਾ..ਕੇਰਾਂ ਛੱਡ ਦੇ..ਲੈ ਕੇ ਕਿਧਰੇ ਦੂਰ ਚਲੀ ਜਾਵਾਂਗੀ..!
ਅੱਗਿਓਂ ਛੱਡਣ ਦਾ ਤੀਹ ਹਜਾਰ ਮੰਗ ਲਿਆ..ਉਸ ਵੇਲੇ ਚੋਖੀ ਵੱਡੀ ਰਕਮ..ਥੋੜੀ ਬਹੁਤ ਪੈਲੀ ਕੌਡੀਆਂ ਦੇ ਭਾਅ ਬੈ ਕੀਤੀ..ਟੂਮਾਂ ਗਹਿਣੇ ਧਰ ਦਿੱਤੀਆਂ..ਪੰਜ-ਪੰਜ ਹਜਾਰ ਦੀਆਂ ਛੇ ਦਥੀਆਂ ਲਿਆ ਸਾਮਣੇ ਢੇਰੀ ਕੀਤੀਆਂ..ਦਾਹੜੀ ਖੁਰਕਦਾ ਖਚਰੀ ਹਾਸੀ ਹੱਸਣ ਲੱਗਾ ਅਖ਼ੇ ਉਹ ਤੇ ਰਾਤ ਦਾ ਸਣੇ ਹੱਥਕੜੀ ਦੌੜ ਵੀ ਗਿਆ..!
ਮਾਤਾ ਸਮਝ ਗਈ ਪਰ ਰੋਈ ਬਿਲਕੁਲ ਵੀ ਨਹੀਂ ਤੇ ਢੇਰੀ ਕੀਤੀਆਂ ਵਾਪਿਸ ਚੁੱਕਣ ਲੱਗੀ ਤਾਂ ਉਹ ਵੀ ਨਾ ਚੁੱਕਣ ਦਿੱਤੀਆਂ..!
ਕਈ ਦਹਾਕਿਆਂ ਮਗਰੋਂ ਰਿਟਾਇਰ ਹੋ ਗਏ ਦਾ ਪੁੱਤ ਨਾਲਦੀ ਤੇ ਨਵੀਂ ਲਿਆਂਧੀ ਨੂੰਹ..ਸਾਰੇ ਐਕਸੀਡੈਂਟ ਵਿਚ ਮੁੱਕ ਗਏ..ਮਾਤਾ ਏਨੀ ਗੱਲ ਆਖਣ ਉਚੇਚੀ ਗਈ ਵੀ ਸ਼ੇਰ ਸ਼ਿਆਂ ਹੋਈ ਤੇ ਤੇਰੇ ਨਾਲ ਮਾੜੀ ਪਰ ਮੇਰੇ ਬਰੋਬਰ ਦਾ ਹਾਣ ਤੂੰ ਹੁਣ ਹੋਇਆਂ..ਅਗਿਓਂ ਬੱਸ ਡਓਰ ਭੌਰ ਵੇਖੀ ਜਾਵੇ!
ਕੁਦਰਤ ਨੇ ਇਥੇ ਹੀ ਬੱਸ ਨਹੀਂ ਕੀਤੀ..ਛੇਤੀ ਮਗਰੋਂ ਫੇਰ ਦੂਜਾ ਵਿਆਹ ਕਰਵਾ ਲਿਆ..ਨਵੀਂ ਉਮਰੋਂ ਕਾਫੀ ਛੋਟੀ ਸੀ..ਅਖੀਰ ਇੱਕ ਦਿਨ ਹਮਉਮਰ ਗੰਨਮੈਨ ਨਾਲ ਹੀ ਉੱਧਲ ਗਈ..ਇਸਨੇ ਲੱਭ ਕੇ ਦੋਵੇਂ ਮੁਕਾ ਸੁੱਟੇ!
ਹੁਣ ਜੇਲ ਵਿਚ ਆਖਰੀ ਦਿਨ ਕੱਟ ਰਿਹਾ..ਆਹ ਹੁੰਦੀ ਏ ਕਈਆਂ ਦੀ ਜੀਵਨ ਕਥਾ..ਬੰਦਾ ਦੁਪਹਿਰ ਨੂੰ ਸਦੀਵੀਂ ਸਮਝ ਆਥਣ ਵੇਲਾ ਭੁੱਲ ਜਾਂਦਾਂ!
ਕੱਲ ਆਖੀ ਇਕੇਰਾਂ ਫੇਰ ਦੁਰਹਾ ਰਿਹਾਂ ਹਾਂ..”ਖਵਾਹਿਸ਼ੋਂ ਕੇ ਬੋਝ ਤਲੇ ਐ ‘ਬਸ਼ਰ’ ਤੂੰ ਕਯਾ ਕਰ ਰਹਾ ਹੈ..ਇਤਨਾ ਤੋ ਜੀਨਾ ਭੀ ਨਹੀਂ..ਜਿਤਨਾ ਤੂੰ ਮਰ ਰਹਾ ਹੈ”
ਹਰਪ੍ਰੀਤ ਸਿੰਘ ਜਵੰਦਾ