ਉਮਰ ਨਾਲ ਚੇਹਰੇ ਦਾ ਕਾਫੀ ਫਰਕ ਪੈ ਗਿਆ ਤਾਂ ਵੀ ਮੈਨੂੰ ਮੇਕਅੱਪ ਤੇ ਪੂਰਾ ਯਕੀਨ ਸੀ..ਇੱਕ ਦਿਨ ਹਸਪਤਾਲ ਦਾਖਿਲ ਹੋਣਾ ਪੈ ਗਿਆ..ਦਿਨ ਵੱਧ ਲੱਗਣ ਲੱਗੇ ਤਾਂ ਠੀਕ ਹੋਣ ਨਾਲੋਂ ਇਸ ਦਾ ਫਿਕਰ ਜਿਆਦਾ ਜੇ ਕਿਸੇ ਬਿਨਾ ਡਾਈ ਮੇਕਅਪ ਦੇ ਵੇਖ ਲਿਆ ਤਾਂ ਕੀ ਬਣੂੰ?
ਨਾਲਦੇ ਨੂੰ ਸਖਤ ਤਾੜਨਾ ਕਰ ਦਿੱਤੀ..ਪਤਾ ਲੈਣ ਵਾਲਿਆਂ ਨੂੰ ਵੀ ਮਨਾ ਕਰ ਦਿੱਤਾ..ਪਰ ਢਿੱਡੋਂ ਜੰਮਣ ਵਾਲੀ ਮਾਂ ਤਾਂ ਵੀ ਅੱਪੜ ਗਈ..ਥੋੜੀ ਸਿੱਧੀ ਸੀ..ਮੂੰਹ ਤੇ ਗੱਲ ਕਰਨ ਵਾਲੀ..ਪੁੱਛਣ ਲੱਗੀ ਨੀ ਰਾਣੀ ਜੇ ਤੂੰ ਵਸਮਾ ਨਾ ਲਾਵੇਂ ਤਾਂ ਕਿੰਨੇ ਕੂ ਚਿੱਟੇ ਨੇ..?
ਮੈਨੂੰ ਗੁੱਸਾ ਆ ਗਿਆ..ਆਖਿਆ ਬੀਬੀ ਸਾਰੇ ਦਾ ਸਾਰਾ ਹੀ ਚਿੱਟਾ ਏ..ਤੇ ਨਾਲ ਹੀ ਘਰ ਘੱਲ ਦਿੱਤਾ..ਨਾਲਦੇ ਨਾਲ ਲੜਾਈ ਵੱਖ ਹੋਈ..ਮਗਰੋਂ ਕੁਝ ਵੀ ਚੰਗਾ ਨਾ ਲੱਗਦਾ..ਲਗਾਤਾਰ ਚੱਲਦੀ ਇੱਕ ਕਸ਼ਮਕਸ਼..ਸੰਘਰਸ਼..ਜੁਆਨ ਬਣੇ ਰਹਿਣ ਦੀ ਜੱਦੋਜਹਿਦ..ਚੋਵੀ ਘੰਟੇ..ਸੁਵੇਰੇ ਉਠਦਿਆਂ ਤੋਂ ਦਿਨ ਢਲੇ ਤੀਕਰ ਹੀ..!
ਫੇਰ ਇੱਕ ਦਿਨ ਅਚਾਨਕ ਕੱਲਾ ਕੱਲਾ ਪੁੱਤ ਮੰਜੇ ਤੇ ਪੈ ਗਿਆ..ਮੈਨੂੰ ਬਾਕੀ ਦਾ ਸਭ ਕੁਝ ਭੁੱਲ-ਭੁਲਾ ਗਿਆ..ਕਿਓੰਕੇ ਇਸ ਵੇਰ ਸੇਕ ਪੈਰਾਂ ਨੂੰ ਨਹੀਂ ਸਿੱਧਾ ਦਿਲ ਤੇ ਸੀ..ਬੜੀ ਵਾਹ ਲਾਈ..ਤਾਂ ਵੀ ਭਾਣਾ ਵਰਤਣੋਂ ਨਾ ਟਲਿਆ..!
ਮਗਰੋਂ ਧੀ ਨੇ ਕਨੇਡਾ ਸੱਦ ਲਿਆ..ਇੱਕ ਦਿਨ ਇੱਕ ਚਰਚ ਦੇ ਬਾਹਰ ਲਿਖਿਆ ਪੜਿਆ ਸੀ..ਬੁੱਢੇ ਹੋਣ ਦਾ ਅਫਸੋਸ ਨਾ ਕਰੋ..ਇਹ ਦਾਤ ਹਰੇਕ ਨੂੰ ਨਸੀਬ ਨਹੀਂ ਹੁੰਦੀ!
ਹਰਪ੍ਰੀਤ ਸਿੰਘ ਜਵੰਦਾ