ਵਰਤਾਰੇ ਦਾ ਢੁਕਵਾਂ ਪ੍ਰਤੀਬਿੰਬ ਨਹੀਂ ਸੀ ਮਿਲ ਰਿਹਾ..ਅਸਲ ਏਨਾ ਦਿਲ ਕੰਬਾਊ ਜੂ ਸੀ..ਤਿੰਨ ਦਹਾਕੇ ਪਹਿਲੋਂ ਇੰਝ ਦੇ ਅਖੀਂ ਵੇਖੇ ਸੁਣੇ ਹਨ..ਬੀਕੋ ਬੀ.ਆਰ ਮਾਡਰਨ ਸਕੂਲ ਮਾਲ ਮੰਡੀ ਦੁਗਰੀ ਕੈਂਪ..ਕਿੰਨੇ ਸੀ.ਆਈ.ਏ ਸਟਾਫ..ਮਾਈ ਦੀ ਸਰਾਂ ਪਟਿਆਲੇ ਅਲਗੋਂ ਕੋਠੀ ਲੱਧਾ ਕੋਠੀ ਸੰਗਰੂਰ ਅੱਜ ਵੀ ਇਸ ਸਭ ਦੀ ਸ਼ਾਹਦੀ ਭਰਦੇ ਨੇ..!
ਕਿਧਰੇ ਪੜਿਆ ਸੀ ਕੇ ਇੱਕ ਭਗੌੜੇ ਸਿੰਘ ਦੀ ਨਾਲਦੀ ਅਤੇ ਭੈਣ ਫੜ ਲਿਆਂਧੀ..ਅਗਲੇ ਅਗਲੀ ਸੁਵੇਰ ਹੁੱਬ-ਹੁੱਬ ਕੇ ਦੱਸਣ ਅਖ਼ੇ ਰਾਤੀਂ ਸਾਬ ਤਾਂ ਭੈਣ ਨਾਲ ਹੋ ਗਿਆ ਅਤੇ ਸਿੰਘਣੀ ਸਾਡੇ ਹਵਾਲੇ ਕਰ ਗਿਆ..ਫੇਰ ਪੁਛੋ ਨਾ..!
ਭੀੜ ਤੰਤਰ..ਇੱਕ ਮਾਨਸਿਕਤਾ ਇੱਕ ਵਰਤਾਰਾ ਇੱਕ ਸੋਚ ਇਕ ਰੁਟੀਨ ਇੱਕ ਸਿਸਟਮ ਇੱਕ ਪ੍ਰੋਸੈਸ..ਹਾਕਮਾਂ ਦੀ ਪੂਰੀ ਸ਼ਹਿ..ਭਾਵੇਂ ਜੋ ਮਰਜੀ ਕਰੋ ਅਸੀਂ ਤੁਹਾਡੀ ਪਿੱਠ ਹਾਂ..ਜੇ ਰੌਲਾ ਪੈ ਵੀ ਗਿਆ ਤਾਂ ਸਿਰਫ ਗੋਂਗਲੂਆਂ ਤੋਂ ਹੀ ਮਿੱਟੀ ਝੜੇਗੀ ਪਰ ਪਰਨਾਲਾ ਓਥੇ ਦਾ ਓਥੇ ਹੀ ਰਹੇਗਾ..ਲੋਕਾਂ ਦੀ ਯਾਦਾਸ਼ਤ ਵੈਸੇ ਵੀ ਕਮਜ਼ੋਰ..ਕੋਈ ਹੋਰ ਸ਼ੋਸ਼ਾ ਛੱਡ ਦੇਵਾਂਗੇ!
ਨਵੰਬਰ ਚੁਰਾਸੀ..ਅਸਮਤਾਂ ਲੁਟਾਉਣ ਵਾਲੀਆਂ ਦੀ ਤੀਜੀ ਪੀੜੀ ਅੱਜ ਫੇਰ ਓਹਨਾ ਦੇ ਘਰਾਂ ਵਿਚ ਹੀ ਝਾੜੂ ਪੋਚੇ ਲੌਂਦੀ ਜਿਹਨਾਂ ਸਭ ਕੁਝ ਕੀਤਾ ਸੀ..!
ਇੱਕ ਹੋਰ ਕੌੜਾ ਸੱਚ..ਸਜਾ ਯਾਫਤਾ ਬਲਾਤਕਾਰੀ ਰਾਮ ਰਹੀਮ ਚੋਥੀ ਵੇਰ ਪੈਰੋਲ ਤੇ ਬਾਹਰ ..ਨਿਆਂ ਪ੍ਰਣਾਲੀ ਦਾ ਸ਼ਰੇਆਮ ਮਜਾਕ..ਕੋਈ ਮਾਪਦੰਡ ਨਹੀਂ ਬੱਸ ਮਰਜੀ ਏ..ਕਾਬਿਜ ਧਿਰ ਮੂਹੋਂ ਨਿੱਕਲੇ ਹੁਕਮ ਹੀ ਕਨੂੰਨ..ਠੀਕ ਓਦਾਂ ਜਿੱਦਾਂ ਕਿਸੇ ਵੇਲੇ ਅਜੀਤ ਸੰਧੂ ਅਤੇ ਹੋਰ ਕਿੰਨੇ ਸਾਰੇ ਵਿਸਕੀ ਦੇ ਘੁੱਟ ਨਾਲ ਫੈਸਲੇ ਕਰਿਆ ਕਰਦੇ ਕੇ ਫਲਾਣੇ ਨੂੰ ਮਾਰਨਾ ਕੇ ਪੈਸੇ ਲੈ ਕੇ ਛੱਡਣਾ..ਬਰੀਕ ਅਤੇ ਕਮਜ਼ੋਰ ਕਨੂੰਨੀ ਜਾਲੇ..ਕੀੜੇ-ਮਕੌੜੇ ਤੇ ਸੌਖਿਆਂ ਫਸ ਜਾਂਦੇ ਪਰ ਹਾਥੀ ਇਸਨੂੰ ਤਹਿਸ ਨਹਿਸ ਕਰਕੇ ਅੱਗੇ ਲੰਘ ਜਾਂਦੇ..!
ਸੱਚ ਪੁਛੋ ਇਸ ਮੌਕੇ ਮੰਜੀ ਸਾਬ ਦਿੱਤੇ ਉਸਦੇ ਭਾਸ਼ਣ ਬੜੇ ਚੇਤੇ ਆਉਂਦੇ..ਅਕਸਰ ਆਖਿਆ ਕਰਦਾ ਧੀ ਚਾਹੇ ਕਿਸੇ ਹਿੰਦੂ ਦੀ ਹੋਵੇ ਚਾਹੇ ਮੁਸਲਮਾਨ ਦੀ ਤੇ ਚਾਹੇ ਕਿਸੇ ਕੱਟੜ ਵੈਰੀ ਦੀ..ਹਰ ਕੀਮਤ ਤੇ ਰਾਖੀ ਕਰਨੀ..ਆਪਾ ਵਾਰ ਕੇ ਵੀ..ਸ਼ਾਇਦ ਏਹੀ ਕਾਰਨ ਏ ਕੇ ਚਾਰ ਦਹਾਕੇ ਹੋ ਗਏ ਉਸ ਵਿਰੁੱਧ ਭੰਡੀ ਪ੍ਰਚਾਰ ਅਤੇ ਪ੍ਰਾਪੇਗੰਡੇ ਨੂੰ ਪਰ ਉਸਦੇ ਕਿਰਦਾਰ ਤੇ ਇੱਕ ਨਿੱਕਾ ਜਿੰਨਾ ਛਿੱਟਾ ਤੀਕਰ ਵੀ ਨਹੀਂ ਮਾਰ ਸਕੇ!
ਪਰ ਉਹ ਦੋ ਮਾਸੂਮ ਬਾਲੜੀਆਂ..ਅਲਫ਼ ਨੰ..ਸ਼ਬਦ ਵਰਤਦਿਆਂ ਵੀ ਉਂਗਲਾਂ ਕੰਬਦੀਆਂ..ਮਜਬੂਰੀ ਬੇਬਸੀ ਅਤੇ ਹੋਣ ਵਾਲੇ ਅੰਜਾਮ ਤੋਂ ਭਲੀ ਭਾਂਤ ਜਾਣੂੰ..ਤਸਵੀਰਾਂ ਖੁਦ ਮੂਹੋਂ ਬੋਲਦੀਆਂ ਪਰ ਲਹੂ ਦੇ ਘੁੱਟ ਅੰਦਰ ਲੰਘਾਉਂਦੇ ਓਹਨਾ ਦੇ ਬੇਬਸ ਮਾਪੇ ਅਤੇ ਭਾਈ ਭੈਣ..ਠੀਕ ਓਸੇ ਤਰਾਂ ਜਿੱਦਾਂ ਇੱਕ ਸਿੰਘ ਦੀ ਮਾਤਾ ਪੂਰੀ ਤਰਾਂ ਨਿਰਵਸਤਰ ਕਰ ਉਸਦੇ ਸਾਮਣੇ ਲਿਆ ਖਲਿਆਰੀ..ਕੁੱਟੀ ਜਾਵਣ ਤੇ ਨਾਲੇ ਆਖੀ ਜਾਵਣ ਅੱਖਾਂ ਖੋਲ..ਉਹ ਸਭ ਕੁਝ ਸਹੀ ਜਾਵੇ ਪਰ ਅੱਖਾਂ ਨਾ ਖੋਲ੍ਹੇ..ਅਖੀਰ ਮਾਂ ਦਾ ਦਿਲ ਪਸੀਜ ਗਿਆ ਅਖ਼ੇ ਵੇ ਕਾਹਨੂੰ ਕੁੱਟ ਖਾਈ ਜਾਨੈ ਖੋਲ ਲੈ ਅੱਖੀਆਂ..ਮੇਰੀ ਭਾਵੇਂ ਤਾਂ ਤੂੰ ਅਜੇ ਵੀ ਦੁੱਧ ਚੁੰਘਦਾ ਮੇਰਾ ਨਿਕ ਜਿੰਨਾ ਜੀਤ ਹੀ ਏਂ..!
ਮੁੱਕਦੀ ਗੱਲ ਜਿੰਨੀ ਦੇਰ ਤੀਕਰ ਬਿੱਪਰਵਾਦ ਦਾ ਜੂਲਾ ਗਲੋਂ ਨਹੀਂ ਲਹਿੰਦਾ..ਇੰਝ ਦਾ ਕਿਸੇ ਨਾ ਕਿਸੇ ਰੂਪ ਵਿਚ ਵਾਪਰਦਾ ਹੀ ਰਹਿਣਾ..ਕਦੇ ਗਵਾਂਢ ਤੇ ਕਦੇ ਆਪਣੇ ਘਰ!
ਹਰਪ੍ਰੀਤ ਸਿੰਘ ਜਵੰਦਾ