ਇਹ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਅਸੀਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚੋਂ ਪੰਜਵੀਂ ਜਮਾਤ ਪਾਸ ਕਰਕੇ ਨੇੜਲੇ ਕਸਬੇ ਦੇ ਹਾਈ ਸਕੂਲ ਵਿੱਚ ਛੇਵੀਂ ਵਿੱਚ ਦਾਖਲਾ ਲਿਆ।ਸਾਡਾ ਪਿੰਡ ਕਸਬੇ ਦੇ ਨੇੜੇ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੇ ਉਥੇ ਛੋਟੇ ਮੋਟੇ ਕਾਰੋਬਾਰ ਖੋਲ ਲਏ ਸਨ। ਭਗਵਾਨ ਦਾਸ ਅਰੋੜਾ ਨੇ ਵੀ ਬੱਸ ਅੱਡੇ ਕੋਲ ਚਾਹ,ਦੁੱਧ ਸੋਢਾ ਅਤੇ ਲੱਸੀ ਦਾ ਇਕ ਛੋਟਾ ਜਿਹਾ ਹੋਟਲ ਖੋਲ ਲਿਆ ਸੀ। ਇੱਕ ਦਿਨ ਬਾਪੂ ਜੀ ਸ਼ਹਿਰ ਆਏ ਅਤੇ ਮੇਰੀ ਜਾਣ ਪਛਾਣ ਭਗਵਾਨ ਦਾਸ ਨਾਲ ਕਰਵਾ ਕੇ ਕਹਿਣ ਲੱਗੇ ਕਿ ਮੁੰਡੇ ਨੂੰ ਚਾਹ ਲੱਸੀ ਆਦਿ ਪਿਆ ਦਿਆ ਕਰੀਂ,ਪੈਸੇ ਮੈਂ ਆਪੇ ਦੇ ਦਿਆਂਗਾ।ਲਓ ਜੀ ਮੌਜ ਲੱਗ ਗਈ ਅਤੇ ਹੁਣ ਤਾਂ ਮੈਂ ਆਪਣੇ ਜਮਾਤੀਆਂ ਨੂੰ ਵੀ ਚਾਹ ਲੱਸੀ ਉਸ ਹੋਟਲ ਤੋਂ ਉਧਾਰ ਵਿੱਚ ਪਿਆਉਣ ਲੱਗ ਪਿਆ।ਜਦ ਪੈਸੇ ਵਾਹਵਾ ਜ਼ਿਆਦਾ ਹੋ ਗਏ ਤਾਂ ਭਗਵਾਨ ਦਾਸ ਇੱਕ ਦਿਨ ਕਹਿਣ ਲੱਗਾ ਕਿ ਕੱਲ ਨੂੰ ਪੈਸੇ ਲੈ ਕੇ ਆਵੀਂ। ਪੁੱਛਿਆ,”ਕਿੰਨੇ ਪੈਸੇ ਹਨ ?” ਭਗਵਾਨ ਦਾਸ ਨੇ ਕਿਹਾ ਕਿ ਪੂਰੇ ਚਾਲੀ ਰੁਪਏ ਬਣ ਗਏ ਹਨ। ਬੜੀ ਘਬਰਾਹਟ ਜਿਹੀ ਹੋਈ ਕਿਉਂਕਿ ਉਹਨਾਂ ਦਿਨਾਂ ਵਿੱਚ ਚਾਲੀ ਰੁਪਏ ਦੀ ਰਕਮ ਹੀ ਬਹੁਤ ਵੱਡੀ ਹੁੰਦੀ ਸੀ। ਹੁਣ ਖਾਣਾ ਪੀਣਾ ਤਾਂ ਕੀ ਸੀ, ਮੈਂ ਤਾਂ ਉਸਦੀ ਦੁਕਾਨ ਤੋਂ ਹੀ ਪਾਸਾ ਵੱਟਣ ਲੱਗ ਪਿਆ। ਫਿਰ ਉਹੀ ਹੋਇਆ ਜਿਸਦਾ ਡਰ ਸੀ। ਇੱਕ ਦੁਪਹਿਰ ਭਗਵਾਨ ਦਾਸ ਧਮਕਦਾ ਹੋਇਆ ਪਿੰਡ ਸਾਡੇ ਘਰੇ ਆ ਗਿਆ।ਚਾਹ ਪਾਣੀ ਪੀਣ ਤੋਂ ਬਾਅਦ ਬਾਪੂ ਜੀ ਨੇ ਪੁੱਛਿਆ,” ਸੇਠ ਜੀ, ਕਿਵੇਂ ਆਉਣਾ ਹੋਇਆ ?” ਭਗਵਾਨ ਦਾਸ ਕਹਿਣ ਲੱਗਾ ਕਿ ਕਾਕਾ ਜੀ ਲੱਸੀ ਅਤੇ ਦੁੱਧ ਸੋਢਾ ਪੀਂਦੇ ਰਹੇ ਨੇ, ਉਸਦੇ ਪੈਸੇ ਲੈਣ ਆਇਆ ਹਾਂ।ਚਾਲੀ ਰੁਪਏ ਬਣਦੇ ਹਨ। ਬਾਪੂ ਜੀ ਨੇ ਪੈਸੇ ਤਾਂ ਭਗਵਾਨ ਦਾਸ ਨੂੰ ਦੇ ਦਿੱਤੇ ਅਤੇ ਮੈਨੂੰ ਝਿੜਕਾਂ ਦਿੱਤੀਆਂ ਕਿ ਐਨੇ ਪੈਸੇ ਕਿਵੇਂ ਬਣ ਗਏ।ਹੋਰ ਝਿੜਕਾਂ ਤੋਂ ਬਚਣ ਲਈ ਮੈਂ ਇਹ ਨਹੀਂ ਦੱਸਿਆ ਕਿ ਮੈਂ ਤਾਂ ਜਮਾਤੀਆਂ ਨੂੰ ਵੀ ਮੌਜਾਂ ਕਰਵਾ ਛੱਡੀਆਂ।