ਭੁੱਖ ਪਾਣੀ ਅੰਦਰ ਵੀ ਸਤਾਉਂਦੀ ਅਤੇ ਅਸਮਾਨੀ ਉੱਡਦੇ ਪੰਖੇਰੂਆਂ ਨੂੰ ਵੀ..ਜਮੀਨ ਤੇ ਵੱਸਣ ਵਾਲਿਆਂ ਸਾਮਣੇ ਬੇਸ਼ੱਕ ਢੇਰ ਸਾਰਾ ਪਕਵਾਨ ਤਾਂ ਵੀ ਅੰਦਰੋਂ ਬਾਹਰੋਂ ਭੁੱਖੇ ਦੇ ਭੂੱਖੇ..ਹਮੇਸ਼ਾਂ ਸਤਾਉਂਦਾ ਰਹਿੰਦਾ ਇੱਕ ਫਿਕਰ..ਆਉਣ ਵਾਲੇ ਕੱਲ ਦਾ..ਫੇਰ ਪਰਸੋਂ ਚੌਥ ਪੰਜੋਥ ਦਾ..ਫੇਰ ਅਗਲੇ ਮਹੀਨੇ ਅਗਲੇ ਸਾਲ ਦਾ..ਅਗਲੀਆਂ ਪੀੜੀਆਂ..ਕੁਲਾਂ..ਜੇਨਰੇਸ਼ਨਾਂ..ਨਸਲਾਂ ਫਸਲਾਂ..ਸੁੱਖ-ਸਹੂਲਤਾਂ ਦਾ..ਐਸ਼ੋ-ਅਰਾਮ ਦਾ..ਜੋ ਅੱਜ ਕੋਲ ਹੈ ਕੱਲ ਨੂੰ ਕਿਧਰੇ ਖੁੱਸ ਹੀ ਨਾ ਜਾਵੇ..ਹਮੇਸ਼ਾਂ ਲਟਕਦੀ ਰਹਿੰਦੀ ਇੱਕ ਤਲਵਾਰ..!
ਅਜੋਕੇ ਵਰਤਾਰੇ ਨੇ ਕਿੰਨੇ ਭੁਲੇਖੇ ਦੂਰ ਕਰ ਦਿੱਤੇ..ਕੁਦਰਤ ਦੇ ਰਾਹਾਂ ਤੇ ਧੱਕੇ ਨਾਲ ਬਣਾ ਲਿਆ ਕਿੰਨਾ ਕੁਝ..ਪਲਾਂ ਛਿਣਾਂ ਵਿਚ ਹੀ ਮੁੜ ਕਬਜਾ ਲੈ ਲਿਆ..ਹੋਰ ਉਸਾਰੀ ਲਈ ਵੱਢ ਕੇ ਰੱਖੀ ਬੇਨਾਮੀ ਲੱਕੜ ਅਤੇ ਪਲਾਸਟਿਕ ਗੰਦ ਮੰਦ..ਸਾਰਾ ਕੁਝ ਵਹਾਅ ਕੇ ਸਾਡੇ ਘਰਾਂ ਮੂਹਰੇ ਲਿਆ ਖਿਲਾਰਿਆਂ..ਹੱਥਾਂ ਨਾਲ ਦਿੱਤੀਆਂ ਹੁਣ ਖੋਲਦੇ ਰਹੋ ਦੰਦਾਂ ਨਾਲ!
ਕਿਧਰੇ ਕੋਈ ਅਪੀਲ ਦਲੀਲ ਸਿਫਾਰਿਸ਼ ਨਹੀਂ..ਇਨਸਾਨੀ ਸੁਭਾਅ ਦੇ ਹੋਰ ਵੀ ਕਿੰਨੇ ਪਹਿਲੂ..ਦੋ ਕਨਾਲਾਂ ਵਾਲਾ ਪੰਝੀ ਕਿੱਲਿਆਂ ਵਾਲੇ ਵੱਲ ਵੇਖ ਸ਼ੁਕਰ ਮਨਾ ਰਿਹਾ..ਪੰਝੀਆਂ ਵਾਲਾ ਪੰਜਾਹਾਂ ਵਾਲੇ ਵੱਲ..ਇੰਝ ਹੀ ਉੱਤੇ ਥੱਲੇ ਵੇਖ ਸੇਵਾ ਕਰਦੀ ਖਲਕਤ..ਕਈ ਵੇਰ ਤਾਂ ਲੱਗਦਾ ਅਸੀਂ ਇਹਨਾਂ ਸਰਕਾਰਾਂ ਤੋਂ ਬਗੈਰ ਹੀ ਕਿੰਨੇ ਚੰਗੇ..!
ਅਠਾਸੀ ਵੇਲੇ ਮਾਝੇ ਨੂੰ ਸਬਕ ਸਿਖਾਉਣ ਲਈ ਛੱਡਿਆ ਪਾਣੀ..ਬਟਾਲਾ ਰੇਲਵੇ ਸਟੇਸ਼ਨ ਕਾਫੀ ਉੱਚੇ ਥਾਂ..ਸਾਮਣੇ ਤੋਂ ਸਾਰਾ ਸ਼ੁਕਰਪੁਰਾ ਡੇਰਾ ਰੋਡ ਪਲੇਟਫਾਰਮ ਤੇ ਆਣ ਬੈਠਾ..ਇੱਕ ਬੱਚਾ ਰੋਈ ਜਾਵੇ..ਡੈਡੀ ਪਿਛਲੇ ਹਫਤੇ ਟੈਲੀਵਿਜਨ ਲੈ ਕੇ ਆਇਆ ਸੀ..ਕੋਠੇ ਚੜਾਉਣ ਲੱਗੇ ਹੇਠਾਂ ਜਾ ਪਿਆ..!
ਅੱਜ ਵੀ ਕਿੰਨਾ ਕੁਝ ਹੜ ਗਿਆ ਗਵਾਚ ਗਿਆ ਮੁੱਕ ਗਿਆ ਰੁਕ ਗਿਆ ਅਤੇ ਜਾਮ ਹੋ ਗਿਆ..ਪਰ ਇਨਸਾਨੀਅਤ ਰਵਾਂ ਰਵੀਂ ਤੁਰੀ ਜਾਂਦੀ..!
ਅਠਾਸੀ ਦੇ ਹੜਾਂ ਤੋਂ ਕੁਝ ਮਹੀਨੇ ਮਗਰੋਂ ਬਾਡਰ ਤੇ ਵੱਸੇ ਪਿੰਡ ਡੇਹਰੀਵਾਲ ਦਰੋਗੇ ਜੰਝੇ ਗਏ..ਲੋਕ ਦੱਸਣ ਲੱਗੇ ਵੀਹ ਵੀਹ ਫੁੱਟ ਪਾਣੀ ਸੀ..ਕੁਝ ਲੋਕ ਪਾਕਿਸਤਾਨ ਨੂੰ ਰੁੜ ਗਏ..ਇੱਕ ਬਾਪੂ ਸ਼ਕਰਗੜੋ ਹੋ ਕੇ ਮੁੜਿਆ..ਓਥੇ ਹੀ ਜੰਮਿਆ ਸੀ ਅਖੀਰ ਓਥੇ ਹੀ ਅੱਪੜ ਗਿਆ!
ਸੰਨ ਬਾਨਵੇਂ ਵਿਚ ਪਾਕਿਸਤਾਨ ਗਏ ਪ੍ਰੋਫੈਸਰ ਪੰਨੂੰ..ਇੱਕ ਬੱਸੇ ਚੜ ਗਏ..ਕੰਡਕਟਰ ਪੁੱਛਣ ਲੱਗਾ ਸਰਦਾਰ ਜੀ ਕਿਥੇ ਜਾਣਾ?
ਆਖਣ ਲੱਗੇ ਤੂੰ ਬੱਸ ਪਿੰਡਾਂ ਦੇ ਨਾਮ ਦੱਸੀ ਜਾ..ਜਿਹੜਾ ਆਪਣਾ ਲੱਗੂ ਓਥੇ ਉੱਤਰ ਜਾਵਾਂਗੇ..!
ਫੇਰ ਇੱਕ ਪਿੰਡ ਆਇਆ ਜਫਰਵਾਲ..ਓਹਨੀਂ ਦਿੰਨੀ ਏਧਰ ਧਾਰੀਵਾਲ ਲਾਗੇ ਦਾ ਮਸ਼ਹੂਰ ਖਾੜਕੂ ਵੱਸਣ ਸਿੰਘ ਜਫਰਵਾਲ..ਅਖ਼ੇ ਸਾਨੂੰ ਇਥੇ ਲਾਹ ਦੇ..ਉੱਤਰ ਕੇ ਰੇਲ ਦੀ ਪਟੜੀ ਪਟੜੀ ਹੋ ਤੁਰੇ..ਅੱਗੇ ਇੱਕ ਬਾਬਾ ਬੱਕਰੀਆਂ ਚਾਰ ਰਿਹਾ ਸੀ..ਉਸਨੇ ਵੇਖ ਸਿਰ ਤੇ ਬੰਨਿਆ ਸਾਫਾ ਠੀਕ-ਠਾਕ ਕੀਤਾ ਪੁੱਛਣ ਲੱਗਾ ਸਰਦਾਰਾ ਏਨਾ ਕੁਵੇਲਾ ਕਰ ਦਿੱਤਾ ਈ..ਕਦੇ ਦਾ ਉਡੀਕੀ ਜਾਨਾ..ਪਹਿਲੀ ਸਬੱਬੀਂ ਮਿਲਣੀ ਤਾਂ ਵੀ ਏਨੀ ਅਪਣੱਤ ਏਨੀ ਮਿਠਾਸ ਅਤੇ ਆਪਣਾ ਪਣ..!
ਫੇਰ ਗੱਲਾਂ ਚੱਲ ਪਈਆਂ..ਅਖ਼ੇ ਸਰਦਾਰੋ ਬਰਸਾਤ ਵੇਲੇ ਏਧਰ ਬਿਨਾ ਵਜਾ ਪਾਣੀ ਨਾ ਛੱਡਿਆ ਕਰੋ..ਕਿੰਨਾ ਸਾਰਾ ਮਾਲ ਅਸਬਾਬ ਡੰਗਰ ਵੱਛਾ ਅਤੇ ਬੱਕਰੀਆਂ ਰੁੜ ਜਾਂਦੀਆਂ..!
ਅੱਗਿਓਂ ਆਖਣ ਲੱਗੇ ਬਾਬਾ ਜੀ ਇਹ ਸਾਡੇ ਵੱਸ ਥੋੜਾ..ਇਹ ਤਾਂ ਸਰਕਾਰਾਂ ਤਹਿ ਕਰਦੀਆਂ ਕੇ ਕਦੋਂ ਤੇ ਕਿੰਨਾ ਛੱਡਣਾ..!
ਅੱਗੋਂ ਰੋਹ ਵਿਚ ਆ ਗਿਆ ਅਖ਼ੇ ਇਹ ਹਾਕਮ ਤੇ ਦੋਵੇਂ ਪਾਸੇ ਦੇ ਹੀ ਹਰਾਮਦੇ ਨੇ..ਇਹਨਾਂ ਨੂੰ ਹਮਾਤੜਾਂ ਦੀ ਪੀੜ ਦਾ ਕਾਹਦਾ ਇਹਸਾਸ..ਮੈਂ ਤੇ ਪਾਰੋਂ ਆਏ ਇੱਕ ਸਰਦਾਰ ਭਰਾ ਨੂੰ ਪੈਗਾਮ ਦੇਣਾ ਸੀ..ਬੱਸ ਉਹ ਦੇ ਦਿੱਤਾ..ਹੁਣ ਅੱਗਿਓਂ ਉਹ ਜਾਣੇ ਤੇ ਉਸਦਾ ਕੰਮ..!
ਬੱਕਰੀਆਂ ਚਾਰਦੇ ਬਾਬੇ ਵੱਲੋਂ ਤੀਹ ਵਰੇ ਪਹਿਲੋਂ ਦਿੱਤਾ ਪੈਗਾਮ ਅੱਜ ਵੀ ਕਿੰਨਾ ਸਾਰਥਿਕ..ਅੱਧਾ ਪੰਜਾਬ ਡੁੱਬਿਆ ਪਿਆ ਤੇ ਹਾਕਮ ਫੋਟੋ ਸ਼ੈਸ਼ਨ..ਕਲਿੱਪਾਂ..ਵਿਆਹਾਂ ਅਦਬੀ ਸੁਨੇਹਿਆਂ ਅਤੇ ਚੋਣ ਸਮਝੌਤਿਆਂ ਵਿਚ ਮਸ਼ਰੂਫ..!
ਹਾਲ ਦੀ ਘੜੀ ਇਨਸਾਨੀਅਤ ਨਾਲ ਲਬਰੇਜ ਪੰਜਾਬ ਤਾਂ ਬੇਸ਼ੱਕ ਡੁੱਬ ਗਿਆ ਪਰ ਬਣਾਉਟੀਪਨ ਝੂਠ ਅਤੇ ਕਿੰਨੇ ਸਾਰੇ ਖੇਖਣ ਨਿੱਤਰ ਕੇ ਬਾਹਰ ਜਰੂਰ ਆ ਗਏ..ਠੀਕ ਓਸੇ ਤਰਾਂ ਜਿੱਦਾਂ ਗੁੜ ਕੱਢਣ ਵੇਲੇ ਚੁੰਬੇ ਅੰਦਰ ਉੱਬਲਦੀ ਪੱਤ ਅੰਦਰ ਸੁੱਟੀ ਮਿੱਠੇ ਸੋਢੇ ਦੀ ਮੁੱਠ ਮਗਰੋਂ ਬਾਹਰ ਨਿੱਤਰ ਆਉਂਦੀ ਕਿੰਨੀ ਸਾਰੀ ਕਾਲੀ ਸਵਾਹ ਮੈਲ..!
ਹਰਪ੍ਰੀਤ ਸਿੰਘ ਜਵੰਦਾ
ਬਹੁਤ ਵਧੀਆ ਸਨੇਹਾ