ਮਹਾਨ ਇਨਸਾਨ | mhaan insaan

ਮੈਂ ਚੈੱਕ-ਅੱਪ ਕੀਤਾ ਅਤੇ ਨਸੀਹਤ ਕੀਤੀ ਕੇ ਝੁਕ ਕੇ ਕੰਮ ਕਰਨਾ ਬੰਦ ਕਰਨਾ ਪੈਣਾ..ਰੀੜ ਦੀ ਹੱਡੀ ਵਿਚ ਨੁਕਸ ਪੈ ਸਕਦਾ..!
ਅੱਗਿਓਂ ਹੱਸ ਪਈ..ਅਖ਼ੇ ਪੁੱਤਰ ਸਾਰੀ ਉਮਰ ਝੁਕ ਕੇ ਹੀ ਤਾਂ ਏਡਾ ਵੱਡਾ ਟੱਬਰ ਪਾਲਿਆ ਪੜਾਇਆ ਏ..ਹੁਣ ਕਿੱਦਾਂ ਬੰਦ ਕਰ ਦੇਵਾਂ!
“ਕਾਹਦਾ ਕੰਮ ਕਰਦੇ ਓ”?
“ਰੇਲ-ਮਹਿਕਮੇਂ ਵਿਚ ਸਫਾਈ ਕਰਮਚਾਰੀ ਹਾਂ..ਆਪਣੇ ਟੇਸ਼ਨ ਨੂੰ ਵਰ੍ਹਿਆਂ ਤੋਂ ਮਿਲਦਾ ਆ ਰਿਹਾ ਸਾਫ ਸਟੇਸ਼ਨ ਦਾ ਪਹਿਲਾ ਇਨਾਮ ਝੁਕ ਕੇ ਕੰਮ ਕਰਨ ਦਾ ਹੀ ਤਾਂ ਨਤੀਜਾ ਹੈ”..!
ਮੈਂ ਪਰਚੀ ਤੇ ਗੋਲੀਆਂ ਲਿਖ ਦਿੱਤੀਆਂ ਤੇ ਆਖ ਦਿੱਤਾ..ਫੇਰ ਕੁਝ ਨੀ ਹੁੰਦਾ..ਤੁਹਾਨੂੰ ਤੇ ਵਰ੍ਹਿਆਂ ਦੀ ਆਦਤ ਪਈ ਹੋਈ ਏ ਝੁਕਣ ਦੀ!
ਏਨੇ ਨੂੰ ਚੌਂਕੀਦਾਰ ਭੱਜਾ ਭੱਜਾ ਆਇਆ..ਜੀ ਬਾਹਰ ਐਸ.ਡੀ.ਐੱਮ ਸਾਬ ਆਏ ਨੇ..!
ਹਫੜਾ-ਦਫੜੀ ਵਿਚ ਮੇਰੇ ਹੱਥੋਂ ਦਵਾਈ ਵਾਲੀ ਪਰਚੀ ਛੁੱਟ ਗਈ..ਕੋਲ ਹੀ ਖਲੋਤੀ ਬੀਜੀ ਭੁੰਜੇ ਡਿੱਗੀ ਪਰਚੀ ਚੁੱਕਣ ਲਈ ਅਜੇ ਥੱਲੇ ਝੁਕਣ ਹੀ ਲੱਗੀ ਸੀ ਕੇ ਮਗਰ ਖਲੋਤੇ ਐੱਸ.ਡੀ.ਐੱਮ ਸਾਬ ਨੇ ਰੋਕ ਦਿੱਤਾ..ਨਹੀਂ ਮਾਂ ਹੁਣੇ ਹੁਣੇ ਡਾਕਟਰ ਸਾਬ ਨੇ ਮਨਾ ਤਾਂ ਕੀਤਾ ਸੀ ਥੱਲੇ ਝੁਕਣ ਤੋਂ..ਤੁਸੀਂ ਸ਼ਾਇਦ ਸੁਣਿਆ ਨਹੀਂ!
ਏਡੀ ਵੱਡੀ ਅਸਲੀਅਤ ਤੋਂ ਜਾਣੂੰ ਹੁੰਦਿਆਂ ਹੀ ਮੈਂ ਥੱਲੇ ਝੁਕ ਬੀਜੀ ਦੇ ਪੈਰ ਫੜ ਲਏ ਤੇ ਨਾਲ ਹੀ ਮੱਥਾ ਵੀ ਟੇਕ ਦਿੱਤਾ..ਮਨ ਹੀ ਮਨ ਸੋਚਣ ਲੱਗਾ ਵਾਕਿਆ ਹੀ ਸਾਰੀ ਉਮਰ ਝੁਕ ਕੇ ਕੰਮ ਕਰਨ ਵਾਲੇ ਅਸਲ ਵਿਚ ਕਿੰਨੇ ਮਹਾਨ ਹੁੰਦੇ!

Leave a Reply

Your email address will not be published. Required fields are marked *