ਚਾਰ ਕੂ ਸਾਲ ਪਹਿਲਾਂ ਸੀਨੀਅਰ ਅਫ਼ਸਰ ਹੋਣ ਦੇ ਨਾਤੇ ਸਿਹਤ ਵਿਭਾਗ ਵੱਲੋਂ ਮੇਰੀ ਡਿਊਟੀ ਪੀ ਜੀ ਆਈ ਚੰਡੀਗੜ੍ਹ ਵਿਖੇ ਇੱਕ ਸੈਮੀਨਾਰ ਵਿੱਚ ਸ਼ਿਰਕਤ ਕਰਨ ਲਈ ਲਗਾ ਦਿੱਤੀ। ਮੇਰੇ ਨਾਲ ਹੀ ਮਹਿਕਮੇ ਦੀ ਇੱਕ ਹੋਰ ਸੀਨੀਅਰ ਮਹਿਲਾ ਅਫ਼ਸਰ ਦੀ ਡਿਊਟੀ ਵੀ ਮੇਰੇ ਨਾਲ ਹੀ ਸੀ ਅਤੇ ਅਸੀਂ ਦੋਹਾਂ ਨੇ ਫਰੀਦਕੋਟ ਤੋਂ ਹੀ ਸਰਕਾਰੀ ਗੱਡੀ ਤੇ ਜਾਣਾ ਸੀ। ਉਸ ਮਹਿਲਾ ਅਫ਼ਸਰ ਦੀ ਭਤੀਜੀ ਜੋ ਕਿ ਲੁਧਿਆਣੇ ਉਸਦੀ ਰਿਸ਼ਤੇਦਾਰੀ ਚ ਲੱਗਦੀ ਮਾਸੀ ਦੇ ਬੇਟੇ ਨੂੰ ਵਿਆਹੀ ਹੋਈ ਸੀ ਅਤੇ ਸਰਕਾਰੀ ਡਾਕਟਰ ਸੀ, ਉਸਨੇ ਵੀ ਉਸ ਸੈਮੀਨਾਰ ਤੇ ਜਾਣਾ ਸੀ। ਮਹਿਲਾ ਅਫ਼ਸਰ ਨੇ ਭਤੀਜੀ ਨੂੰ ਪਹਿਲਾਂ ਹੀ ਆਖ ਰੱਖਿਆ ਸੀ ਕਿ ਉਸ ਕੋਲ 10-15 ਮਿੰਟ ਰੁਕ ਕੇ ਨਾਸ਼ਤਾ ਕਰਾਂਗੇ ਤੇ ਉਸ ਨੂੰ ਚੰਡੀਗੜ੍ਹ ਵੀ ਲੈ ਚੱਲਾਗੇਂ। ਅਸੀਂ ਸਾਢੇ ਕੂ ਸੱਤ ਵਜੇ ਲੁਧਿਆਣੇ ਓਹਨਾਂ ਦੇ ਘਰ ਪਹੁੰਚ ਗਏ। ਡਰਾਇੰਗ ਰੂਮ ਚ ਬੈਠਿਆਂ ਨੂੰ ਸਾਨੂੰ ਇੱਕ ਸਜੀ ਧਜੀ ਪੰਜਾਹ ਕੂ ਵਰ੍ਹਿਆਂ ਦੀ ਔਰਤ ਟਰੇ ਚ ਪਾਣੀ ਦੇ ਗਲਾਸ ਰੱਖ ਪਾਣੀ ਦੇਣ ਆਈ ਤੇ ਮੈਂ ਸ਼ਿਸ਼ਟਾਚਾਰ ਵਸ਼ ਖੜੇ ਹੋ ਕੇ ਉਸ ਨੂੰ ਨਮਸਤੇ ਬੁਲਾਈ। ਇਹ ਦੇਖ ਕੇ ਓਹ ਦੋਹੇਂ ਭੂਆ ਭਤੀਜੀ ਚੁੱਪ ਜਿਹੀਆਂ ਕਰ ਗਈਆਂ ਤੇ ਉਸਦੇ ਜਾਣ ਤੋਂ ਬਾਅਦ ਮੌਕਾ ਸੰਭਾਲਦੀ ਭਤੀਜੀ ਮੈਨੂੰ, ਕਹਿੰਦੀ ਅੰਕਲ ਇਹ ਤਾਂ ਸਾਡੀ ਹੈਡ ਮੇਡ ਆ, ਇਹ ਸਾਡੀ ਕਿਚਨ ਸੰਭਾਲਦੀ ਆ, ਸਾਡੇ ਕੋਲ ਦੋ ਹੋਰ ਵੀ ਮੇਡ ਨੇ ਤੇ ਇਹ ਬਾਕੀ ਦੋਹਾਂ ਦਾ ਖਿਆਲ ਵੀ ਰੱਖਦੀ ਐ। ਇੰਨੇ ਚ ਉਸਦੀ ਸੱਸ ਵੀ ਆ ਕੇ ਸਾਡੇ ਕੋਲ ਬੈਠ ਗਈ ਤੇ ਨਾਸ਼ਤੇ ਦੇ ਨਾਲ ਨਾਲ ਗੱਲਾਂ ਵੀ ਚਲਦੀਆਂ ਰਹੀਆਂ। ਭਤੀਜੀ ਆਪਣੀ ਭੂਆ ਜੀ ਨੂੰ ਹੁੱਬ ਹੁੱਬ ਕੇ ਦੱਸ ਰਹੀ ਸੀ ਕਿ ਉਸਦੇ ਦੋਨੋਂ ਬੱਚਿਆਂ ਨੂੰ ਮੇਡ ਹੀ ਸਾਂਭਦੀਆਂ ਨੇ, ਬੱਚੇ ਤਾਂ ਉਸ ਕੋਲੋਂ ਖਾਣਾ ਵੀ ਨੀ ਖਾਂਦੇ, ਓਹੀ ਬੱਚਿਆਂ ਨੂੰ ਨੁਹਾਉਂਦੀਆਂ, ਕੱਪੜੇ ਬਦਲਦੀਆਂ, ਸੁਆਉਂਦੀਆਂ , ਵੱਡੇ ਬੇਟੇ ਦਾ ਟਿਫਨ ਪੈਕ ਕਰ ਸਕੂਲ ਤੋਰਦੀਆਂ, ਰੋਂਦਿਆਂ ਨੂੰ ਵਰਾਉਂਦੀਆਂ, ਖਿਡਾਉਂਦੀਆਂ। ਉਸ ਕੋਲੋਂ ਨਾ ਤਾਂ ਵਿਰਣ, ਨਾ ਖਾਣਾ ਖਾਣ ਤੇ ਨਾਹੀ ਸੌਣ, ਬਸ ਇਹੀ ਮੋਬਾਈਲ ਤੇ ਦੋਹਾਂ ਨੂੰ ਟਿਕਾ ਲੈਂਦੀਆਂ ਨੇ, ਇਹਨਾਂ ਦੇ ਸਿਰ ਤੇ ਆਪਾਂ ਤਾਂ ਦੁਪਹਿਰੇ ਘੰਟਾ – ਡੇਢ ਘੰਟਾ ਸੌ ਵੀ ਲਈਦੈ , ਇਸੇ ਕਰਕੇ ਤਾਂ ਮੰਮੀ ਹੋਰਾਂ ਕੋਲ (ਪੇਕੇ) ਜਾਣ ਵੇਲੇ ਇਹਨਾਂ ਦੋਨਾਂ ਨੂੰ ਵੀ ਨਾਲ ਈ ਲੈ ਕੇ ਜਾਨੀ ਆਂ। ਨਾਸ਼ਤਾ ਕਰਦੀ ਸਾਡੇ ਸਾਹਮਣੇ ਬੇਬੱਸ ਜਿਹੀ ਬੈਠੀ ਉਸਦੀ ਸੱਸ ਚੁੱਪ ਚਾਪ ਉਸਦੀਆਂ ਗੱਲਾਂ ਸੁਣਦੀ ਰਹੀ। ਮੁੜ ਭਤੀਜੀ ਉੱਠ ਕੇ ਤਿਆਰ ਹੋਣ ਚਲੀ ਗਈ ਤਾਂ ਭੂਆ ਨੇ ਮਾਸੀ ਦੀ ਹਾਲਤ ਭਾਂਪ ਕੇ ਉਸਨੂੰ ਹੌਸਲਾ ਰੱਖਣ ਨੂੰ ਕਿਹਾ। ਮਾਸੀ ਕਹਿੰਦੀ ਚੰਗਾ ਹੁੰਦਾ ਜੇ ਉਹ ਵੀ ਮਾਸੜ ਦੇ ਨਾਲ ਹੀ ਐਕਸੀਡੈਂਟ ਚ ਮੁੱਕ ਜਾਂਦੀ, ਰੱਬ ਕੋਲੋਂ ਇਹੀ ਮੰਗਦੀ ਬੀ ਐਵੇਂ ਈ ਤੁਰੀ ਫਿਰਦੀ ਤੁਰ ਜਾਂ, ਕਿਧਰੇ ਮੰਜੇ ਤੇ ਨਾ ਪੈ ਜਾਂ। ਜਿਹੜੀ ਆਪਣੇ ਢਿੱਡੋਂ ਨਿੱਕਲੇ ਜਵਾਕਾਂ ਨੂੰ ਨੁਹਾ ਧੁਆ, ਖੁਆ ਪਿਆ ਤੇ ਸਾਂਭ ਨੀ ਸਕਦੀ ਉਹ ਲੋੜ ਪਈ ਤੇ ਮੇਰਾ ਕਿੱਥੋਂ ਕਰੂ, ਹੈਡ ਮੇਡ ਤਾਂ ਘਰ ਦੀ ਮੈਂ ਹਾਂ ਜਿਹੜੀ ਸਾਰਾ ਦਿਨ ਦੋਹੇ ਬੱਚਿਆਂ ਤੇ ਕੰਮ ਵਾਲੀਆਂ ਦੇ ਮਗਰ ਮਗਰ ਤੁਰੀ ਫਿਰਦੀ ਆਂ।
ਮੈਨੂੰ ਭਤੀਜੀ ਦੇ ਡਾਕਟਰ ਹੋਣ ਤੇ ਸ਼ੱਕ ਹੋ ਰਿਹਾ ਸੀ।
ਘਰ ਆ ਕੇ ਮੈਂ ਆਪਣੀ ਪਤਨੀ ਨੂੰ ਸਾਰੀ ਗੱਲ ਦੱਸੀ ਤਾਂ ਉਹ ਆਖਦੀ,”motherhood is a bliss which only lucky mothers can enjoy”.
ਡਾ. ਮਨਜੀਤ ਭੱਲਾ