ਜਦੋਂ ਮੈਂ ਸਤਵੀਂ ਵਿੱਚ ਪੜਦੀ ਸੀ ਤਾਂ ਮੇਰੇ ਮਾਤਾ ਜੀ ਬਿਮਾਰ ਹੋ ਗਏ। ਉਹਨਾਂ ਦੇ ਹੱਥਾਂ ਬਾਹਾਂ ਤੇ ਕੋਈ ਚਮੜੀ ਰੋਗ ਹੋ ਗਿਆ ਸੀ ਤਾਂ ਉਹ ਰੋਟੀ ਟੁੱਕ ਦਾ ਕੰਮ ਨਹੀਂ ਕਰ ਸਕਦੇ ਸੀ। ਚਾਚੀ ਜਣੇਪਾ ਕੱਟਣ ਪੇਕੀਂ ਗਈ ਸੀ। ਦਾਦੀ ਰਾਜਸਥਾਨ ਵਾਲੀ ਭੂਆ ਕੋਲ।
ਮੈਂ ਤੇ ਡੈਡੀ ਲੱਗੇ ਰੋਟੀ ਪਕਾਉਣ। ਡੈਡੀ ਚੁਲੇ ‘ਚ ਅੱਗ ਬਾਲਣ । ਮੈਂ ਰੋਟੀ ਵੇਲ ਕੇ ਤਵੇ ਤੇ ਪਾਵਾਂ। ਉਹ ਇਕ ਹੱਥ ਨਾਲ ਰੋਟੀ ਥਲਣ (ਸੇਕਣ) ਇਕ ਹੱਥ ਨਾਲ ਛਟੀਆਂ ਅਗਾਂਹ ਕਰਨ।
ਮੈਨੂੰ ਮਾਤਾ ਨੇ ਇਹ ਆਖ ਕੇ ਰਸੋਈ ਦੇ ਕੰਮ ਤੋਂ ਦੂਰ ਹੀ ਰੱਖਿਆ ਸੀ ਕਿ ਸਾਰੀ ਉਮਰ ਰੋਟੀਆਂ ਹੀ ਪਕਾਉਣੀਆਂ। ਸਾਰੀ ਉਮਰ ਇਹੀ ਕੰਮ ਕਰਨਾ ਤੁਸੀ ਪੜੋ ਖੇਡੋ ਮੱਲੋ।
ਇਸ ਲਈ ਮੈਂ ਪਹਿਲੀ ਵਾਰ ਰੋਟੀ ਪਕਾ ਰਹੀ ਸੀ। ਮੈਂ ਰੋਟੀ ਵੇਲਾਂ ਉਹ ਹੋਰ ਈ ਕੁੱਝ ਬਣ ਜੇ। ਪਹਿਲਾਂ ਸਾਇਕਲ ਦੀ ਕਾਠੀ ਜਿਹੀ ਬਣ ਗਈ। ਫਿਰ ਭਾਰਤ ਦਾ ਨਕਸ਼ਾ ਜਿਹਾ ਬਣ ਗਿਆ।
ਪਹਿਲਾਂ ਤਾਂ ਅਸੀਂ ਪਿਉ ਧੀ ਰੋਟੀਆਂ ਵੇਖ ਵੇਖ ਹੱਸਦੇ ਰਹੇ। ਫਿਰ ਮੈਂ ਖਿੱਝ ਕੇ ਰੋਣ ਲੱਗ ਪਈ ਕਿ ਮੇਰੇ ਤੋਂ ਕੋਈ ਵੀ ਰੋਟੀ ਸਹੀ ਨਹੀਂ ਬਣ ਰਹੀ ਸੀ। ਡੈਡੀ ਕਹਿੰਦੇ ਕੀ ਹੋਇਆ।? ਮੈਂ ਕਿਹਾ ਕੋਈ ਰੋਟੀ ਗੋਲ ਤਾਂ ਬਣਦੀ ਨਹੀਂ ।
ਡੈਡੀ ਹੱਸਦੇ ਹੋਏ ਕਹਿੰਦੇ ਓ ਕੋਈ ਗੱਲ ਨਹੀ ਵਿੰਗੀਆਂ ਟੇਢੀਆਂ ਅਸੀਂ ਖਾਲਾਂਗੇ ਗੋਲ ਗੋਲ ਰੋਟੀਆਂ ਤੇਰੇ ਸਹੁਰੇ ਖਾ ਲੈਣਗੇ।ਉਹ ਆਪੇ ਸਿੱਖ ਜੇਂਗਾ ।ਰੋਂਦੀ ਰੋਂਦੀ ਹੱਸ ਪਈ । ਫਿਰ ਕਈ ਦਿਨ ਅਸੀਂ ਪਿਉ ਧੀ ਰੋਟੀ ਲਾਹੁੰਦੇ ਰਹੇ।
ਅਕਸਰ ਸੋਹਣੀ ਤੇ ਗੋਲ ਰੋਟੀ ਪਕਾਉਦਿਆਂ ਡੈਡੀ ਨਾਲ ਰੋਟੀ ਪਕਾਉਣ ਵਾਲੇ ਪਲ ਯਾਦ ਆ ਜਾਂਦੇ ਹਨ।
ਤੇਜਿੰਦਰਪਾਲ ਕੌਰ ਮਾਨ