ਅੱਜ ਦੇ ਸਮੇਂ ਚ ਦਿਖਾਵਾ ਏਨਾ ਵਧ ਚੁੱਕਾ ਹੈ, ਥੋੜ੍ਹੇ ਕੁ ਲੋਕ ਭਾਵੇਂ ਬਚੇ ਹੋਣਗੇ ਇਸ ਦਿਖਾਵੇ ਤੋਂ, ਪਰ ਬਹੁ ਗਿਣਤੀ ਆਪਣੀ ਚਾਦਰ ਤੋਂ ਬਾਹਰ ਪੈਰ ਪਸਾਰ ਕੇ ਗਧੀਗੇੜ ਪਈ ਹੋਈ ਹੈ। ਵਿਆਹ ਭਾਵੇਂ ਚਾਲ਼ੀ ਪੰਜਾਹ ਹਜ਼ਾਰ ਰੁਪਏ ਵਿੱਚ ਕਰ ਸਕਦੇ ਹਾਂ, ਪਰ ਅਸੀਂ ਔਖੇ ਹੋ ਕੇ ਦਿਖਾਵਾ ਤੇ ਅਮੀਰਾਂ ਦੀ ਰੀਸ ਕਰਨ ਲਈ, ਲੋਕਾਂ ਚਾਰੀ ਨੱਕ ਉੱਚਾ ਕਰਨ ਲਈ ਵੱਡੇ ਵੱਡੇ ਕਰਜੇ ਚੁੱਕ ਕੇ, ਅੱਡੀਆਂ ਚੁੱਕੇ ਫਾਹਾ ਲੈਂਦੇ ਹਾਂ, ਤੇ ਵਿਆਹਾਂ ਤੇ ਵੀਹ ਪੱਚੀ ਲੱਖ ਰੁਪਏ ਖਰਚ ਕਰ ਦਿੰਦੇ ਹਾਂ। ਮਰਗ ਦੇ ਭੋਗ ਤੇ ਅਸੀਂ ਛੇ ਛੇ ਸੱਤ ਲੱਖ ਰੁਪਏ ਲਗਾ ਦਿੰਦੇ ਹਾਂ, ਜੇਕਰ ਸਾਦਾ ਦਾਲ਼ ਫੁਲਕਾ ਬਣਾਈਏ ਤਾਂ ਵੀਹ ਪੱਚੀ ਹਜ਼ਾਰ ਵਿਚ ਮਰਗ ਦਾ ਭੋਗ ਨਿਬੜ ਜਾਂਦਾ ਹੈ। ਜੇ ਸਾਡੀ ਆਮਦਨ ਮੋਟਰਸਾਈਕਲ ਲੈਣ ਯੋਗੀ ਵੀ ਨਹੀਂ ਪਰ ਗੁਆਂਢੀ ਦੀ ਜਾਂ ਕਿਸੇ ਰਿਸ਼ਤੇਦਾਰ ਦੀ ਰੀਸੇ ਕਰਜਾ ਚੁੱਕੇ ਕਾਰ ਲੈ ਲੈਂਦੇ ਹਾਂ। ਖੇਤੀ ਕਰਨ ਲਈ ਦਸ ਕਿੱਲਿਆਂ ਵਾਲਿਆਂ ਨੂੰ ਪੈਂਤੀ-ਚਾਲ਼ੀ ਹੌਰਸਪਾਵਰ ਦੇ ਟਰੈਕਟਰ ਨਾਲ ਬਹੁਤ ਵਧੀਆ ਗੁਜਾਰਾ ਹੋ ਜਾਂਦਾ ਹੈ,, ਪਰ ਹੁਣ ਦੇ ਸਮੇਂ ਚ ਦੋ ਕਿੱਲੇ ਵਾਲੇ ਕਿਸਾਨ ਵੀ ਪੱਚਵੰਜਾ-ਸੱਠ ਹਾਰਸ ਪਾਵਰ ਦੇ ਟਰੈਕਟਰ ਸੜਕਾਂ ਤੇ ਉੱਚੀ ਉੱਚੀ ਡੈੱਕ ਲਾ ਕੇ ਲਈ ਫਿਰਦੇ ਹਨ, ਬਾਅਦ ਵਿੱਚ ਭਾਵੇਂ ਜਮੀਨ ਵੇਚ ਕੇ ਕਰਜਾ ਉਤਾਰਨਾ ਪਵੇ। ਏਸੇ ਤਰ੍ਹਾਂ ਮਕਾਨ ਬਣਾਉਣ ਵੇਲੇ ਵੀ ਅਸੀਂ ਆਪਣੀ ਚਾਦਰ ਤੋਂ ਬਾਹਰ ਚਲੇ ਜਾਂਦੇ ਹਾਂ, ਸਾਡੀ ਜੇਬ ਵਿੱਚ ਪੰਜ ਸੱਤ ਲੱਖ ਰੁਪਏ ਹੁੰਦੇ ਹਨ ਤੇ ਅਸੀਂ ਦੂਜੇ ਦੀ ਰੀਸੇ ਪੈਂਤੀ ਚਾਲ਼ੀ ਲੱਖ ਰੁਪਏ ਲਾਉਣ ਦਾ ਐਸਟੀਮੇਟ ਲਾਉੰਦੇ ਹਾਂ ਫਿਰ ਮਕਾਨ ਪੂਰਾ ਕਰਨ ਲਈ ਕਰਜਾ ਚੁੱਕਦੇ ਹਾਂ ਜਾਂ ਜਮੀਨ ਵੇਚਣ ਦਾ ਫੈਸਲਾ ਕਰਦੇ ਹਾਂ। ਮੇਰੇ ਇਕ ਜਾਣੂ ਸੱਜਣ ਨੇ ਇੱਕ ਕਰੋੜ ਦਸ ਲੱਖ ਦੀ ਜਮੀਨ ਵੇਚ ਕੇ ਸੱਤਰ ਲੱਖ ਕੋਠੀ ਤੇ ਲਾਇਆ, ਬਚਿਆ ਚਾਲ਼ੀ ਲੱਖ ਚਾਰ ਕੁ ਸਾਲ ਵਿੱਚ ਖਾ ਲਿਆ। ਫਿਰ ਚਾਰ ਸਾਲ ਬਾਅਦ ਬਾਕੀ ਜਮੀਨ ਅਤੇ ਵਿੱਚੇ ਹੀ ਕੋਠੀ ਵੇਚ ਕੇ ਕਿਤੇ ਹੋਰ ਥਾਂ ਜਾ ਕੇ ਹਲਕੀ ਜਮੀਨ ਤੇ ਘਰ ਲੈ ਲਿਆ, ਜਦੋਂ ਫਜ਼ੂਲ ਖਰਚਣ ਦੀ ਆਦਤ ਪੈ ਜਾਵੇ ਤਾਂ ਬੰਦਾ ਬਹਾਨੇ ਲੱਭਦਾ ਰਹਿੰਦਾ ਪੈਸੇ ਖਰਚ ਕਰਨ ਲਈ। ਅਖੀਰ ਜਦੋਂ ਪਾਣੀ ਸਿਰ ਉੱਤੋਂ ਲੰਘ ਜਾਂਦਾ ਫਿਰ ਪ੍ਰੀਵਾਰ ਨੂੰ ਪਿੱਛੇ ਰੁਲ਼ਣ ਲਈ ਛੱਡ ਕੇ ਆਪ ਜੀਵਨ ਲੀਲਾ ਸਮਾਪਤ ਕਰ ਲੈਂਦਾ ਹੈ। ਇਹ ਵਰਤਾਰਾ ਪੰਜਾਬ ਵਿੱਚ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਕੁੱਝ ਕੁ ਕਾਰਨ ਇਹ ਹਨ, ਹੋਰ ਵੀ ਬਹੁਤ ਕਾਰਨ ਹੋ ਸਕਦੇ ਹਨ।
✍🏻ਜਿੰਦਰ ਸੁੱਖਾ !